ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਾਡੀ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਗਿਲਾਨੀ ਨੇ ਪਹਿਲੀ ਵਾਰ ਸ਼ਰੇਆਮ ਸੈਨਾ ਦੀ ਭੂਮਿਕਾ ਤੇ ਸਵਾਲ ਖੜ੍ਹੇ ਕੀਤੇ ਹਨ।
ਪ੍ਰਧਾਨਮੰਤਰੀ ਗਿਲਾਨੀ ਨੇ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਰਕਾਰ ਸੈਨਾ ਦਾ ਬੇਹੱਦ ਸਨਮਾਨ ਕਰਦੀ ਹੈ। ਹਰ ਸੰਕਟ ਦੇ ਸਮੇਂ ਸਰਕਾਰ ਸੈਨਾ ਦੇ ਨਾਲ ਖਲੋਂਦੀ ਰਹੀ ਹੈ, ਭਾਂਵੇ ਸਵਾਤ ਵਿੱਚ ਸੰਘਰਸ਼ ਹੋ ਜਾਂ ਕਬਾਇਲੀ ਖੇਤਰ ਵਿੱਚ ਸੈਨਿਕ ਕਾਰਵਾਈ, ਮੁੰਬਈ ਹਮਲਾ ਹੋਵੇ ਜਾਂ ਫਿਰ ਨੈਟੋ ਦੁਆਰਾ ਕੀਤੇ ਗਏ ਹਮਲੇ ਹੋਣ। ਮੁਸ਼ਕਿਲ ਵਿੱਤੀ ਹਾਲਾਤ ਵਿੱਚ ਵੀ ਸੈਨਿਕਾਂ ਦੀਆਂ ਤਨਖਾਹਾਂ ਦੁਗਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸੈਨਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਰਾਜ ਦੇ ਅੰਦਰ ਰਾਜ ਦੀ ਮਨਜੂਰੀ ਨਹੀਂ ਦਿੱਤੀ ਜਾ ਸਕਦੀ।
ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਇਸ ਸਮੇਂ ਮੈਮੋਗੇਟ ਮੁੱਦਾ ਵਿਚਾਰ ਅਧੀਨ ਹੈ। ਰਾਸ਼ਟਰਪਤੀ ਜਰਦਾਰੀ ਦੀ ਮਦਦ ਨਾਲ ਇਹ ਗੁਪਤ ਮੈਮੋ ਵਿੱਚ ਸੈਨਾ ਤੋਂ ਸਰਕਾਰ ਨੂੰ ਬਚਾਉਣ ਲਈ ਅਮਰੀਕਾ ਤੋਂ ਮਦਦ ਦੀ ਗੁਹਾਰ ਲਗਾਈ ਗਈ ਸੀ। ਰਾਸ਼ਟਰਪਤੀ ਜਰਦਾਰੀ ਨੂੰ ਵੀ ਗਦੀ ਤੋ ਹਟਾਏ ਜਾਣ ਦੀ ਚਰਚਾ ਪਿੱਛਲੇ ਕੁਝ ਸਮੇਂ ਤੋਂ ਜੋਰਾਂ ਤੇ ਹੈ। ਗਿਲਾਨੀ ਨੇ ਕਿਹਾ ਕਿ ਚੁਣੀ ਹੋਈ ਸਰਕਾਰ ਨੂੰ ਹਟਾਉਣ ਦਾ ਛੱਡਯੰਤਰ ਰਚਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਅ ਲਈ ਲੜਾਈ ਜਾਰੀ ਰੱਖਾਂਗੇ। ਪਾਕਿਸਤਾਨ ਦੇ ਲੋਕ ਹੀ ਇਹ ਤੈਅ ਕਰਨਗੇ ਕਿ ਅਸਾਂ ਸੱਤਾ ਵਿੱਚ ਰਹਿਣਾ ਹੈ ਜਾਂ ਨਹੀਂ। ਪਾਕਿਸਤਾਨ ਵਿੱਚ ਸੈਨਾ ਸਦਾ ਹੀ ਪਾਵਰਫੁੱਲ ਰਹੀ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਸੈਨਾ ਸਮੇਤ ਸਾਰੀਆਂ ਸੰਸਥਾਵਾਂ ਸੰਸਦ ਦੇ ਪ੍ਰਤੀ ਜਵਾਬਦੇਹ ਹਨ, ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।