ਚੰਡੀਗੜ੍ਹ- ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸੱਭਾ ਚੋਣਾਂ ਵਿੱਚ ਕਿਸ ਨੂੰ ਟਿਕਟ ਦੇਣਾ ਹੈ ਅਤੇ ਕਿਸ ਨੂੰ ਟਿਕਟ ਨਹੀਂ ਦੇਣਾ ਹੈ, ਇਹ ਰਜਿੰਦਰ ਕੌਰ ਭੱਠਲ ਤੈਅ ਨਹੀਂ ਕਰੇਗੀ। ਇਹ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ।ਹਾਈਕਮਾਨ ਨੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਜਿਆਦਾ ਟਿਕਟਾਂ ਦੇਣ ਦੇ ਨਿਰਦੇਸ਼ ਦਿੱਤੇ ਹਨ, ਪਰ ਜੋ ਉਮੀਦਵਾਰ ਜਿੱਤਣ ਦੀ ਯੋਗਤਾ ਵੱਧ ਰੱਖਦਾ ਹੋਵੇਗਾ ਉਸ ਨੂੰ ਟਿਕਟ ਜਰੂਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਮੀਦਵਾਰ ਭਾਂਵੇ ਕਿਸੇ ਵੀ ਗਰੁੱਪ ਨਾਲ ਸਬੰਧ ਰੱਖਦਾ ਹੋਵ, ਪਰ ਉਸ ਦੇ ਜਿੱਤਣ ਦੀ ਪੱਕੀ ਸੰਭਾਵਨਾ ਹੋਣੀ ਚਾਹੀਦੀ ਹੈ। ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ ਅਤੇ ਜਲੰਧਰ ਤੋਂ ਜਗਬੀਰ ਬਰਾੜ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਸਬੰਧੀ ਹੋ ਰਹੇ ਵਿਰੋਧ ਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਹਾਈਕਮਾਨ ਦੀ ਰਜ਼ਾਮੰਦੀ ਨਾਲ ਹੀ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਬੀਬੀ ਭੱਠਲ ਦਲ ਬਦਲਣ ਵਾਲਿਆਂ ਦਾ ਖੁਲ੍ਹ ਕੇ ਵਿਰੋਧ ਕਰ ਰਹੀ ਹੈ। ਕੈਪਟਨ ਨੇ ਭੱਠਲ ਦੇ ਦਲਬਦਲੂਆਂ ਸਬੰਧੀ ਦਿੱਤੇ ਗਏ ਬਿਆਨ ਤੇ ਕਿਹਾ ਕਿ ਕੁਝ ਫੈਸਲੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ, ਇਸ ਤੇ ਕੋਈ ਮੱਤਭੇਦ ਨਹੀਂ ਹੋਣਾ ਚਾਹੀਦਾ।