ਨਵੀਂ ਦਿੱਲੀ-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਸ਼ਨਿਚਰਵਾਰ ਨੂੰ ਪੰਜ ਰਾਜਾਂ ਪੰਜਾਬ,ਉਤਰਾਖੰਡ, ਉਤਰਪ੍ਰਦੇਸ਼,ਮਣੀਪੁਰ ਅਤੇ ਗੋਆ ਦੀਆਂ ਵਿਧਾਨ ਸੱਭਾਵਾਂ ਦੀਆਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਚੋਣ ਜਾਬਤਾ ਲਾਗੂ ਹੋ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਕੁਰੈਸ਼ੀ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਪੰਜਾਬ ਅਤੇ ਉਤਰਾਖੰਡ ਵਿੱਚ 30 ਜਨਵਰੀ ਨੂੰ ਵੋਟਾਂ ਪੈਣਗੀਆਂ। ਮਣੀਪੁਰ ਵਿੱਚ 28 ਜਨਵਰੀ, ਉਤਰਪ੍ਰਦੇਸ਼ ਵਿੱਚ 4 ਫਰਵਰੀ ਤੋਂ 28 ਫਰਵਰੀ ਤੱਕ 7 ਪੜਾਵਾਂ ਵਿੱਚ ਅਤੇ ਗੋਆ ਵਿੱਚ 3 ਮਾਰਚ ਨੂੰ ਵੋਟ ਪਾਏ ਜਾਣਗੇ।”
ਪੰਜਾਬ ਦੀਆਂ 117 ਵਿਧਾਨ ਸੱਭਾ ਸੀਟਾਂ ਤੇ ਇੱਕ ਹੀ ਪੜਾਅ ਵਿੱਚ ਵੋਟ ਪਾਏ ਜਾਣਗੇ। ਉਤਰਾਖੰਡ ਦੀਆਂ 70, ਮਣੀਪੁਰ ਦੀਆਂ 60 ਅਤੇ ਗੋਆ ਦੀਆਂ 40 ਸੀਟਾਂ ਤੇ ਵੀ ਇੱਕ ਹੀ ਪੜਾਅ ਵਿੱਚ ਵੋਟ ਪਾਏ ਜਾਣਗੇ। ਵੋਟਾਂ ਦੀ ਗਿਣਤੀ 4 ਮਾਰਚ ਨੂੰ ਹੋਵੇਗੀ। ਇਨ੍ਹਾਂ ਪੰਜ ਰਾਜਾਂ ਵਿੱਚ ਮੱਤਦਾਨ ਲਈ ਈਵੀਐਮ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ।ਕੁਰੈਸ਼ੀ ਨੇ ਕਿਹਾ ਕਿ ਗੋਆ ਵਿੱਚ ਲੋਕਾਂ ਦੇ ਕੋਲ 100% ਫੋਟੋ ਪਛਾਣ ਪੱਤਰ, ਪੰਜਾਬ ਵਿੱਚ 99.5% ਕੋਲ, ਮਣੀਪੁਰ ਵਿੱਚ 97..29%, ਉਤਰਾਖੰਡ 99.6% ਅਤੇ ਉਤਰਪ੍ਰਦੇਸ਼ ਵਿੱਚ 98% ਦੇ ਕੋਲ ਹਨ। ਇੱਕ ਕਾਲ ਸੈਂਟਰ ਬਣਾਇਆ ਗਿਆ ਹੈ ਜੋ 24 ਘੰਟੇ ਕੰਮ ਕਰੇਗਾ ਅਤੇ ਇੱਕ ਟੋਲ ਫਰੀ ਨੰਬਰ 1950 ਹੋਵੇਗਾ। ਕਿਸੇ ਵੀ ਵਿਅਕਤੀ ਨੇ ਜੇ ਕੋਈ ਸਿ਼ਕਾਇਤ ਦਰਜ਼ ਕਰਵਾਉਣੀ ਹੋਵੇ ਤਾਂ ਉਸ ਨੰਬਰ ਤੇ ਕਰ ਸਕੇਗਾ। ਚੋਣਾਂ ਤੇ ਹੋਣ ਵਾਲੇ ਖਰਚ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।