ਪੰਜਾਬ ਦੀਆਂ ਵਿਧਾਨਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ। ਤਿਵੇਂ-ਤਿਵੇਂ ਲੀਡਰਾਂ ਵਲੋਂ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਜਾਂ ਇਹ ਕਹਿ ਲਵੋ ਬਿਆਨਬਾਜ਼ੀ ਘੱਟ ਅਤੇ ਇਲਜ਼ਾਮਬਾਜ਼ੀ ਵਧੇਰੇ ਹੋ ਰਹੀ ਹੈ। ਇਸ ਦੌਰਾਨ ਕਾਂਗਰਸੀ, ਅਕਾਲੀ ਅਤੇ ਭਾਜਪਾਈ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਵਲੋਂ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਨੂੰ ਪੜ੍ਹਨ ਤੋਂ ਬਾਅਦ ਇੰਜ ਲਗਦਾ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਵੀ ਇਸਤੋਂ ਵਧੇਰੇ ਸੁਲਝੀ ਹੋਈ ਭਾਸ਼ਾ ਦੀ ਵਰਤੋਂ ਆਪਣੀ ਲੜਾਈ ਵਿਚ ਕਰਦੇ ਹਨ। ਆਮ ਤੌਰ ‘ਤੇ ਵੇਖਿਆ ਗਿਆ ਹੈ ਜਦੋਂ ਛੋਟੇ ਬੱਚਿਆਂ ਦੀ ਲੜਾਈ ਹੋ ਰਹੀ ਹੋਵੇ ਤਾਂ ਤਕੜਾ ‘ਤੇ ਮਾੜੇ ਨੂੰ ਘਸੁੰਨ ਮੁੱਕੀ ਮਾਰੀ ਜਾ ਰਿਹਾ ਹੁੰਦਾ ਹੈ ਅਤੇ ਮਾੜਾ ਕੁੱਟ ਖਾਂਦਾ ਹੋਇਆ ਵੀ ਗਾਲ੍ਹਾਂ ਕੱਢੀ ਜਾ ਰਿਹਾ ਹੁੰਦਾ ਹੈ।
ਪੰਜਾਬ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ ਦੇ ਲੀਡਰਾਂ ਵਲੋਂ ਜੇਕਰ ਇਕ ਨੇਤਾ ਬਿਆਨ ਦਿੰਦਾ ਹੈ ਤਾਂ ਦੂਜਾ ਉਸਤੋਂ ਵੀ ਵਧੇਰੇ ਅਸਭਿਆ ਬੋਲੀ ਦੀ ਵਰਤੋਂ ਕਰਦਾ ਹੋਇਆ ਉਸਦਾ ਜਵਾਬ ਦਿੰਦਾ ਹੈ। ਜਿਵੇਂ ਕਿ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਨੂੰ ਢੋਲਕੀਆ, ਬਲੂੰਗੜਾ ਆਦਿ ਨਾਵਾਂ ਨਾਲ ਬੁਲਾਇਆ ਜਾ ਰਿਹਾ ਹੈ ਅਤੇ ਨਾਲ ਹੀ ਹੱਥ ਵਿਚ ਖੂੰਡਾ ਫੜ੍ਹਕੇ ਅਕਾਲੀ-ਭਾਜਪਾ ਲੀਡਰਸ਼ਿਪ ਨੂੰ ਖੂੰਡੇ ਨਾਲ ਸਿੱਧਿਆਂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸਦੇ ਜਵਾਬ ਵਿਚ ਅਕਾਲੀ ਦਲ ਦੇ ਯੂਥ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਹੱਥ ਵਿਚ ਕ੍ਰਿਪਾਨ ਫੜਕੇ ਖੂੰਡੇ ਨੂੰ ਕੱਟਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਖੂੰਡੇ ਅਤੇ ਕ੍ਰਿਪਾਨ ਦੀ ਲੜਾਈ ਤੋਂ ਤਾਂ ਇੰਜ ਲੱਗ ਰਿਹਾ ਹੈ, ਜਿਵੇਂ ਇਹ ਲੀਡਰ ਕਿਸੇ ਜੰਗ ਨੂੰ ਜਿੱਤਣ ਦੀਆਂ ਤਿਆਰੀਆਂ ਕਰਦੇ ਹੋਏ ਕ੍ਰਿਪਾਨਾਂ ਖੂੰਡਿਆਂ ਨਾਲ ਰਾਜ ਹਾਸਲ ਕਰਨ ਦੀਆਂ ਵਿਉਂਤਾਂ ਘੜ ਰਹੇ ਹਨ।
ਦੂਜੇ ਪਾਸੇ ਪੰਜਾਬ ਦਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਕੈਪਟਨ ਨੂੰ ਉਸਦੀ ਵਡੇਰੀ ਉਮਰ ਦਾ ਲਿਹਾਜ਼ ਭੁੱਲਕੇ ਰਾਜਾ, ਸ਼ਰਾਬ ਦਾ ਡਰਮ ਆਦਿ ਦੇ ਨਾਵਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਇਕ ਬਿਆਨ ਦੌਰਾਨ ਤਾਂ ਸੁਖਬੀਰ ਨੇ ਕਹਿ ਦਿੱਤਾ ਕਿ ਸਾਡੀ ਪਾਰਟੀ ਅਗਲੇ 25 ਸਾਲਾਂ ਤੱਕ ਪੰਜਾਬ ‘ਤੇ ਰਾਜ ਕਰੇਗੀ। ਕੈਪਟਨ ਦੀ ਉਮਰ 70 ਸਾਲ ਦੀ ਹੋ ਗਈ ਹੈ ਉਸਤੋਂ ਬਾਅਦ ਇਹਨੇ ਨਹੀਂ ਰਹਿਣਾ। ਇਹ ਹੀ ਨਹੀਂ ਅੰਮ੍ਰਿਤਸਰ ਦੇ ਮੂੰਹਫੱਟ ਐਮਪੀ ਨਵਜੋਤ ਸਿੰਘ ਸਿੱਧੂ ਵਲੋਂ ਕੌਮਾਂਤਰੀ ਪੱਧਰ ‘ਤੇ ਸਿੱਖਾਂ ਦੇ ਅਕਸ ਨੂੰ ਚਾਰ ਚੰਨ ਲਾਉਣ ਵਾਲੇ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਬਾਰੇ ਵੀ ਬਹੁਤ ਹੀ ਘਟੀਆ ਪੱਧਰ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਉਸਨੇ ਕਿਹਾ ਕਿ ਮਨਮੋਹਨ ਸਿੰਘ ਹੈ ‘ਤੇ ਸਰਦਾਰ ਪਰ ਅਸਰਦਾਰ ਨਹੀਂ। ਨਾਲ ਹੀ ਕਿਹਾ ਗਿਆ ਕਿ ਇਹ ਬਾਪੂ ਦੇ ਤਿੰਨ ਬਾਂਦਰਾਂ ਚੋਂ ਤੀਜਾ ਬਾਂਦਰ ਹੈ ਜਿਸਨੇ ਆਪਣੇ ਮੂੰਹ ‘ਤੇ ਹੱਥ ਰੱਖਿਆ ਹੋਇਆ ਹੈ। ਨਾਲ ਹੀ ਅਰਥ ਸ਼ਾਸਤਰੀ ਨੂੰ ਵਿਅਰਥ ਸ਼ਾਸਤਰੀ ਤੇ ਪੱਪੂ ਕਿਹਾ ਗਿਆ। ਕਾਂਗਰਸ ਪਾਰਟੀ ਨੂੰ ਬਾਂਦਰ ਕਿਹਾ ਗਿਆ। ਇਹ ਹੀ ਨਹੀਂ ਭਾਜਪਾ ਦੇ ਕਈ ਲੀਡਰਾਂ ਵਲੋਂ ਉਨ੍ਹਾਂ ਨੂੰ ਕਠਪੁਤਲੀ ਵੀ ਕਿਹਾ ਜਾਂਦਾ ਰਿਹਾ ਹੈ। ਨੌਜਵਾਨ ਪੀੜ੍ਹੀ ਵਿਚ ਆਪਣੀ ਪਛਾਣ ਬਣਾ ਚੁੱਕੇ ਮਜੀਠੀਆ, ਸੁਖਬੀਰ ਬਾਦਲ ਅਤੇ ਸਿੱਧੂ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ ਕਿ ਉਹ ਸਾਡੀ ਆਉਣ ਵਾਲੀ ਪਨੀਰੀ ਨੂੰ ਕਿੰਨੀ ਸੋਹਣੀ ਸਿਖਿਆ ਦੇ ਰਹੇ ਹਨ ਕਿ ਆਪਣੇ ਵਡੇਰਿਆਂ ਦੀਆ ਪੱਗਾਂ ਲਾਹਕੇ ਵੀ ਜੇਕਰ ਗੱਦੀ ਮਿਲਦੀ ਹੈ ਤਾਂ ਪੱਗਾਂ ਲਾਹੁਣ ਵਿਚ ਕੋਈ ਹਰਜ਼ ਨਹੀਂ।
ਨਵਜੋਤ ਸਿੱਧੂ ਜਿਹੜਾ ਖੁਦ ਇਕ ਕ੍ਰਿਕਟ ਦਾ ਖਿਡਾਰੀ ਰਿਹਾ ਹੈ, ਉਸਨੂੰ ਭਲੀ ਭਾਂਤ ਪਤਾ ਹੈ ਕਿ ਜਦੋਂ ਇਕ ਖਿਡਾਰੀ ਆਊਟ ਹੋ ਜਾਂਦਾ ਹੈ ਤਾਂ ਉਸਨੂੰ ਬੈਟਿੰਗ ਕਰਨ ਲਈ ਆਪਣੀ ਦੂਜੀ ਇਨਿੰਗ ਸ਼ੁਰੂ ਹੋਣ ਤੱਕ ਸਬਰ ਕਰਨਾ ਪੈਂਦਾ ਹੈ। ਇਹ ਨਹੀਂ ਕਿ ਪਵੇਲੀਅਨ ਵਿਚ ਬੈਠਿਆਂ ਖੇਡ ਰਹੇ ਦੂਜੇ ਖਿਡਾਰੀਆਂ ਨੂੰ ਹੀ ਗਾਲ੍ਹਾਂ ਕੱਢੀ ਜਾਵੇ। ਮੇਰੀ ਜਾਚੇ ਇਹ ਸਪੋਰਟਸਮੈਨ ਸਪ੍ਰਿਟ ਨਹੀਂ ਹੈ। ਇਹੀ ਸੋਚ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਨਾਉਣੀ ਚਾਹੀਦੀ ਹੈ। ਹੁਣ 30 ਜਨਵਰੀ, 2012 ਨੂੰ ਚੋਣਾਂ ਦਾ ਐਲਾਨ ਹੋ ਗਿਆ ਹੈ। ਆਪਣੀਆਂ ਪੁਰਾਣੀਆਂ ਪ੍ਰਾਪਤੀਆਂ ਬਾਰੇ ਦਸਕੇ ਅਤੇ ਨਵੀਂ ਯੋਜਨਾਵਾਂ ਤੇ ਪ੍ਰਾਜੈਕਟਾਂ ਦੇ ਵੇਰਵੇ ਦੇ ਕੇ ਸੀਟਾਂ ਜਿੱਤ ਲੈਣ ਅਤੇ ਕਰ ਲੈਣ ਆਪਣੇ ਮਨ ਦੀ ਰੀਝ ਪੂਰੀ। ਜਿਥੋਂ ਤੱਕ ਸ:ਮਨਮੋਹਨ ਸਿੰਘ ਦੀ ਗੱਲ ਹੈ ਉਸਦੀਆਂ ਪਾਲਿਸੀਆਂ ਪਤਾ ਨਹੀਂ ਕਾਮਯਾਬ ਰਹੀਆਂ ਜਾਂ ਨਹੀਂ ਪਰੰਤੂ ਉਹ ਇਕ ਚੰਗਾ ਇਨਸਾਨ ਜ਼ਰੂਰ ਹੈ। ਸ: ਮਨਮੋਹਨ ਸਿੰਘ ਦੀ ਕੈਬਿਨੇਟ ਦੇ ਮੰਤਰੀਆਂ ਉਪਰ ਭ੍ਰਿਸ਼ਟਾਚਾਰ ਦੇ ਭਾਵੇਂ ਜਿੰਨੇ ਮਰਜ਼ੀ ਇਲਜ਼ਾਮ ਲੱਗੇ ਹੋਣ ਪਰ ਉਹ ਹਮੇਸ਼ਾਂ ਹੀ ਇਨ੍ਹਾਂ ਇਲਜ਼ਾਮਾਂ ਤੋਂ ਨਿਰਲੇਪ ਰਹੇ। ਜਿੰਨੀ ਇੱਜ਼ਤ ਸ: ਮਨਮੋਹਨ ਸਿੰਘ ਨੂੰ ਵਿਦੇਸ਼ੀ ਦੌਰਿਆਂ ਸਮੇਂ ਮਿਲੀ ਉਨੀਂ ਇੱਜ਼ਤ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਨਹਿਰੂ, ਇੰਦਰਾ, ਵਾਜਪਈ ਆਦਿ ਚੋਂ ਕਿਸੇ ਨੂੰ ਨਹੀਂ ਮਿਲੀ। ਦੂਜਾ ਇਹ ਕਿ ਜਦੋਂ ਯੂ ਐਨ ਓ ਵਿਚ ਇਕ ਪੱਗੜੀਧਾਰੀ ਸਿੱਖ ਬੋਲ ਰਿਹਾ ਹੋਵੇ ਤਾਂ ਉਨ੍ਹਾਂ ਦੇ ਬੋਲਣ ਨਾਲ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਇਨ੍ਹਾਂ ਤਾਂ ਜ਼ਰੂਰ ਪਤਾ ਲਗਦਾ ਹੈ ਕਿ ਸਿੱਖ ਅਰਬ ਦੇਸ਼ਾਂ ਦੇ ਲੋਕਾਂ ਨਾਲੋਂ ਵਖਰੇ ਹਨ। ਜਿਹੜਾ ਅਸੀਂ ਕਹਿੰਦੇ ਹਾਂ ਕਿ ਪਗੜੀ ਬੰਨ੍ਹਣ ਕਰਕੇ 9/11 ਤੋਂ ਬਾਅਦ ਸਾਨੂੰ ਬਾਹਰਲੇ ਦੇਸ਼ਾਂ ਦੇ ਲੋਕੀਂ ਮੁਸਲਮਾਨ ਸਮਝਕੇ ਗਲਤ ਵਿਹਾਰ ਕਰਦੇ ਹਨ, ਉਸ ਸਬੰਧੀ ਸੌ ਫ਼ੀਸਦੀ ਤਾਂ ਭਾਵੇਂ ਨਹੀਂ ਪਰ ਆਟੇ ਵਿਚ ਲੂਣ ਦੇ ਬਰਾਬਰ ਤਾਂ ਲੋਕਾਂ ਉਪਰ ਫਰਕ ਪੈਂਦਾ ਹੀ ਹੈ ਕਿ ਸਿੱਖ ਅਰਬ ਵਿਚ ਰਹਿਣ ਵਾਲੇ ਲੋਕਾਂ ਤੋਂ ਵੱਖਰੇ ਧਰਮ ਵਾਲੇ ਹਨ।
ਇੰਨਾ ਹੀ ਨਹੀਂ ਪਿਛਲੀਆਂ ਕਈ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਵਲੋਂ ਇਕ ਦੂਜੇ ਦੇ ਦਾਦੇ ਪੜਦਾਦਿਆਂ ਦੇ ਪਰਦੇ ਫੋਲਣੋ ਵੀ ਗੁਰੇਜ਼ ਨਹੀਂ ਕੀਤਾ ਗਿਆ। ਜਿਸ ਵਿਚ ਬਾਦਲ , ਸਿਮਰਨਜੀਤ ਸਿੰਘ ਮਾਨ ਅਤੇ ਕੈਪਟਨ ਦੇ ਪੁਰਖਿਆਂ ਦੀਆਂ ਪੁਰਾਣੀਆਂ ਗੱਲਾਂ ਨੂੰ ਫੋਲਕੇ ਆਪਣਾ ਉੱਲੂ ਸਿੱਧਾ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਗਈਆਂ। ਮੌਜੂਦਾ ਹਾਲਾਤ ਦੇ ਹਿਸਾਬ ਨਾਲ ਇਨ੍ਹਾਂ ਪਾਰਟੀਆਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਇਕ ਦੂਜੇ ਦੀਆਂ ਪੱਗਾਂ ਲਾਹਕੇ ਸਿਰਫ਼ ਕੁਰਸੀ ਤੱਕ ਪਹੁੰਚਣ ਨੂੰ ਹੀ ਮੁੱਖ ਮੁੱਦਾ ਬਨਾਉਣਾ ਚਾਹੀਦਾ ਹੈ। ਅਜਿਹੀ ਦੂਸ਼ਣਬਾਜ਼ੀ ਤੋਂ ਤਾਂ ਇੰਜ ਹੀ ਲਗਦਾ ਹੈ ਕਿ ਇਨ੍ਹਾਂ ਲੀਡਰਾਂ ਪਾਸ ਪੰਜਾਬ ਦੀ ਕੋਈ ਸਮਸਿਆ ਹੈ ਹੀ ਨਹੀਂ ਜਾਂ ਫਿਰ ਇੰਜ ਕਹਿ ਲਵੋ ਕਿ ਇਨ੍ਹਾਂ ਪਾਸ ਪੰਜਾਬ ਦੀ ਕਿਸੇ ਵੀ ਸਮਸਿਆ ਦਾ ਹੱਲ ਨਹੀਂ।
ਪੰਜਾਬ ਜਿਹੜਾ ਆਰਥਕ ਤੋਰ ‘ਤੇ ਪੰਜਾਬ ਦੇ ਸਾਰੇ ਹੀ ਸੂਬਿਆਂ ਵਿਚੋਂ ਪਹਿਲੇ ਨੰਬਰ ‘ਤੇ ਆਉਂਦਾ ਸੀ ਅੱਜ ਕਲ ਉਹੀ ਪੰਜਾਬ ਖਿਸਕੇ ਹੇਠਾਂ ਚਲਾ ਗਿਆ ਹੈ। ਇਹ ਹੀ ਨਹੀਂ ਜੇਕਰ ਇਕ ਪਾਰਟੀ ਆਪਣੇ ਰਾਜ ਦੌਰਾਨ ਕਿਸੇ ਕੰਪਨੀ ਨੂੰ ਪੰਜਾਬ ਵਿਚ ਲਿਆਉਣ ਲਈ ਕੋਈ ਉਪਰਾਲਾ ਕਰਦੀ ਵੀ ਹੈ ਤਾਂ ਦੂਜੀ ਪਾਰਟੀ ਵਲੋਂ ਸੱਤਾ ਸੰਭਾਲਦਿਆਂ ਹੀ ਉਸ ਕੰਪਨੀ ਦਾ ਬਿਸਤਰਾ ਗੋਲ ਕਰ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਕਈ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ। ਇਹ ਹੀ ਨਹੀਂ ਆਪਣੀ ਪਾਰਟੀ ਦਾ ਉੱਲੂ ਸਿੱਧਾ ਕਰਨ ਲਈ ਪੰਜਾਬ ਵਿਚ ਪਿੱਛੇ ਜਿਹੇ ਵਿਰਸਾਤ-ਏ-ਖ਼ਾਲਸਾ ਦਾ ਉਦਘਾਟਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਪਰੰਤੂ ਇਸਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਲ 2006 ਵਿਚ ਵੀ ਸਿੱਖ ਵਿਰਾਸਤ ਦਾ ਉਦਘਾਟਨ ਕੀਤਾ ਗਿਆ। ਕਿੰਨੀ ਸ਼ਰਮ ਦੀ ਗੱਲ ਹੀ ਕਿ ਇਕ ਹੀ ਪ੍ਰਾਜੈਕਟ ਨੂੰ ਬੰਦ ਕਰਕੇ ਉਸ ਉਪਰ ਲੱਗਿਆ ਪੰਜਾਬ ਦਾ ਕਰੋੜਾਂ ਰੁਪਿਆ ਬਰਬਾਦ ਕਰ ਦਿੱਤਾ ਜਾਂਦਾ ਹੈ ਅਤੇ ਕੁਝ ਸਾਲਾਂ ਬਾਅਦ ਉਹੋ ਜਿਹਾ ਹੀ ਪ੍ਰਾਜੈਕਟ ਸ਼ੁਰੂ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀਆਂ ਕੋਸਿ਼ਸ਼ਾਂ ਕੀਤੀਆਂ ਜਾਂਦੀਆਂ ਹਨ। ਜਿਹੜੇ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜਿ਼ਆਂ ਦੇ ਹੇਠਾਂ ਦੱਬਿਆ ਹੋਇਆ ਆਤਮ ਹਤਿਆਵਾਂ ਕਰ ਰਿਹਾ ਹੈ ਅਤੇ ਉਸੇ ਹੀ ਪੰਜਾਬ ਦੇ ਲੀਡਰ ਆਪਣੀ ਝੂਠੀ ਟੌਹਰ ਅਤੇ ਚੌਧਰ ਖਾਤਰ ਪੰਜਾਬ ਦਾ ਕਰੋੜਾਂ ਰੁਪਿਆ ਮਿੱਟੀ ਵਿਚ ਮਿਲਾ ਰਹੇ ਹਨ।
ਪੰਜਾਬ ਦੀ ਲੀਡਰਸ਼ਿਪ ਨੂੰ ਆਪਣੀਆਂ ਨਿਜੀ ਜਾਂ ਜ਼ਾਤੀ ਰੰਜ਼ਿਸ਼ਾਂ ਭੁੱਲ ਚੋਣਾਂ ਦੌਰਾਨ ਅਜਿਹੇ ਪ੍ਰੋਗਰਾਮ ਲਿਆਉਣ ਦੀ ਸੋਚ ਧਾਰਨ ਕਰਨੀ ਚਾਹੀਦੀ ਹੈ, ਜਿਸ ਨਾਲ ਪੰਜਾਬ ਦੀ ਤਰੱਕੀ ਨੂੰ ਲਾਜ਼ਮੀ ਬਣਾਇਆ ਜਾ ਸਕੇ। ਜੇਕਰ ਪੰਜਾਬ ਦੇ ਲੀਡਰ ਅਜਿਹੀ ਸੋਚ ਦੇ ਧਾਰਨੀ ਹੋ ਕੇ ਪੰਜਾਬ ਲਈ ਉਸਾਰੂ ਨੀਤੀਆਂ ਜਾਂ ਪ੍ਰਾਜੈਕਟ ਲਿਆਉਂਦੇ ਹਨ ਤਾਂ ਠੀਕ ਹੈ ਨਹੀਂ ਤਾਂ ਪੰਜਾਬ ਦੇ ਵੋਟਰਾਂ ਨੂੰ ਇਨ੍ਹਾਂ ਪਾਰਟੀਆਂ ਦਾ ਬਦਲ ਲਿਆਉਣ ਦੀ ਸੋਚ ਧਾਰਨ ਕਰਨੀ ਚਾਹੀਦੀ ਹੈ। ਪਰ ਪੰਜਾਬੀਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਵੀ ਇਹੀ ਰਹੀ ਹੈ ਕਿ ਇਨ੍ਹਾਂ ਨੂੰ ਤੀਜੀ ਪਾਰਟੀ ਬਦਲ ਵਜੋਂ ਸਾਹਮਣੇ ਆਉਂਦੀ ਤਾਂ ਦਿਸਦੀ ਹੈ ਪਰ ਜਦੋਂ ਉਨ੍ਹਾਂ ਲੀਡਰਾਂ ਦੇ ਕਿਰਦਾਰ ਉਪਰ ਝਾਤੀ ਮਾਰੀਏ ਤਾਂ ਉਹ ਵੀ ਇਨ੍ਹਾਂ ਲੀਡਰਾਂ ਦੇ ਭਰਾ ਬੰਧੂ ਹੀ ਜਾਪਦੇ ਹਨ। ਭਾਵੇਂ ਕੁਝ ਵੀ ਹੋਵੇ ਕਿਸੇ ਨੂੰ ਤਾਂ ਪੰਜਾਬ ਵਿਚ ਵਧੀਆ ਤੀਜਾ ਬਦਲ ਲਿਆਉਣ ਦੀ ਕ੍ਰਾਂਤੀਕਾਰੀ ਸੋਚ ਨੂੰ ਲਿਆਉਣ ਦਾ ਬੀੜਾ ਤਾਂ ਚੁਕਣਾ ਹੀ ਪੈਣਾ ਹੈ।