ਨਵੀਂ ਦਿੱਲੀ- ਦੇਸ਼ ਦੇ ਗ੍ਰਹਿ ਵਿਭਾਗ ਨੇ ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਆਨੰਦ ਮੈਰਿਜ ਐਕਟ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਜਲਦੀ ਹੀ ਇਸ ਐਕਟ ਨੂੰ ਕੇਂਦਰੀ ਮੰਤਰੀਮੰਡਲ ਵਿੱਚ ਲੈ ਕੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਉਮੀਦ ਹੈ ਕਿ ਸਿੱਖਾਂ ਲਈ ਜਲਦੀ ਹੀ ਵੱਖਰਾ ਵਿਆਹ ਕਾਨੂੰਨ ਬਣ ਜਾਵੇਗਾ।
1955 ਵਿੱਚ ਸਿੱਖ ਵਿਆਹ ਐਕਟ ਨੂੰ ਖਤਮ ਕਰ ਦਿੱਤਾ ਗਿਆ ਸੀ ਅਤੇ ਸਿੱਖਾਂ ਦੇ ਵਿਆਹ ਸ਼ਾਦੀਆਂ ਹਿੰਦੂ ਵਿਆਹ ਐਕਟ ਦੇ ਅਧੀਨ ਹੀ ਦਰਜ਼ ਹੋਣ ਲਗੀਆਂ ਸਨ। ਸੁਤੰਤਰਤਾ ਤੋਂ ਪਹਿਲਾਂ ਸਿੱਖਾਂ ਦੇ ਵਿਆਹ ਗੁਰੂ ਗਰੰਥ ਸਾਹਿਬ ਦੀ ਮੌਜੂਦਗੀ ਵਿੱਚ ਆਨੰਦ ਵਿਆਹ ਐਕਟ ਦੇ ਤਹਿਤ ਦਰਜ਼ ਹੁੰਦੇ ਸਨ। 1955 ਤੱਕ ਅਜਿਹਾ ਹੀ ਹੁੰਦਾ ਆ ਰਿਹਾ ਸੀ ਪਰ ਫਿਰ ਇਸ ਐਕਟ ਨੂੰ ਬਦਲ ਦਿੱਤਾ ਗਿਆ ਅਤੇ ਚਾਰ ਕੌਮਾਂ (ਸਿੱਖ, ਬੁੱਧ, ਹਿੰਦੂ ਅਤੇ ਜੈਨ ਧਰਮ) ਨੂੰ ਜੋੜ ਕੇ ਇੱਕ ਹਿੰਦੂ ਵਿਆਹ ਐਕਟ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸ ਪ੍ਰਸਤਾਵ ਨੂੰ ਮੰਤਰੀਮੰਡਲ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਸੰਸਦ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ ਅਤੇ ਇਸ ਦੇ ਮਨਜ਼ੂਰ ਹੋਣ ਤੇ ਸਿੱਖ ਨਵੇਂ ਵਿਆਹ ਕਾਨੂੰਨ ਦੇ ਤਹਿਤ ਆਪਣੇ ਵਿਆਹ ਦਰਜ਼ ਕਰਵਾ ਸਕਣਗੇ।