ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਮੇਂ ਅੱਜ ਲੱਖਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਦਸਵੇਂ ਗੁਰੂ ਦੇ ਲਾਲਾਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤਿੰਨ ਰੋਜ਼ਾ ਚੱਲਣ ਵਾਲੇ ਜੋੜ ਮੇਲ ਸਮੇਂ ਜਿਥੇ ਪ੍ਰਬੰਧਕਾਂ ਵਲੋਂ ਸੰਗਤ ਦੀ ਆਉ ਭਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਉਥੇ ਪ੍ਰਸ਼ਾਸਨ ਤੇ ਸਭਾ ਸੁਸਾਇਟੀਆਂ ਵਲੋਂ ਵੀ ਵੱਡੇ ਪੱਧਰ ਤੇ ਸਹਿਯੋਗ ਲਈ ਉਪਰਾਲੇ ਕੀਤੇ ਗਏ। ਅੱਜ ਵੱਖ-ਵੱਖ ਨਗਰਾਂ ਤੇ ਸ਼ਹਿਰਾਂ ਤੋਂ ਸੰਗਤਾਂ ਨਗਰ ਕੀਰਤਨਾਂ ਤੇ ਧਾਰਮਿਕ ਨਗਰ ਫੇਰੀਆਂ ਵਿਚ ਸ਼ਬਦ ਗਾਇਨ ਕਰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਪੁਜੇ।
ਅੱਜ ਸਵੇਰੇ ਮਹਾਨ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਨੂੰ ਸਮਰਪਿਤ ਗੁਰਦੁਆਰਾ ਜੋਤੀ ਸਰੂਪ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਦੇ ਪ੍ਰਾਅਰੰਭ ਪੂਰਨ ਗੁਰਮਰਯਾਦਾ ਅਨੁਸਾਰ ਕੀਤੇ ਗਏ। ਇਸ ਅਖੰਡ ਪਾਠ ਦੀ ਪ੍ਰਾਅਰੰਭਤਾ ਦੀ ਅਰਦਾਸ ਕਥਾ ਵਾਚਕ ਭਾਈ ਬਲਵੰਤ ਸਿੰਘ ਗੁਰਦੁਆਰਾ ਜੋਤੀ ਸਰੂਪ ਵਲੋਂ ਕੀਤੀ ਗਈ। ਜਿਸ ਦਾ ਭੋਗ 28 ਦਸੰਬਰ ਨੂੰ ਸਵੇਰੇ ਅੱਠ ਵਜੇ ਪਵੇਗਾ। ਇਸ ਅਖੰਡ ਪਾਠ ਦੀ ਅਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਮੇਘ ਸਿੰਘ, ਜੋੜ ਮੇਲਾ ਦੇ ਪ੍ਰਬੰਧਕ ਸ. ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਸੈਕਸ਼ਨ 85 ਸ਼੍ਰੋਮਣੀ ਕਮੇਟੀ, ਸ. ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ, ਸ. ਮੁਖਤਾਰ ਸਿੰਘ ਚੀਫ ਗੁਰਦੁਆਰਾ ਇੰਸਪੈਕਟਰ ਸੈਕਸ਼ਨ 85, ਸ. ਪਰਮਦੀਪ ਸਿੰਘ ਇੰਚਾਰਜ ਸੈਕਸ਼ਨ 85, ਸ. ਭਰਪੂਰ ਸਿੰਘ ਮੀਤ ਮੈਨੇਜਰ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਮੇਲ ਦੇ ਪ੍ਰਬੰਧਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ 28 ਦਸੰਬਰ ਨੂੰ ਸੇਵੇਰ 9 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਉਹ ਗੁਰਦੁਆਰਾ ਸੀਸ ਗੰਜ ਪੁਲਾਂ, ਗੁਰਦੁਆਰਾ ਪਾਤਸ਼ਾਹੀ ਛੇਵੀਂ, ਜੋਤੀ ਸਰੂਪ ਮੋੜ ਤੋਂ ਹੁੰਦਾ ਹੋਇਆ 11 ਵਜੇ ਗੁਰਦੁਆਰਾ ਜੋਤੀ ਸਰੂਪ ਪੁਜੇਗਾ, ਗੁਰਬਾਣੀ ਦਾ ਵੈਰਾਗਮਈ ਕੀਰਤਨ ਹੋਵੇਗਾ, ਸੋਹਿਲਾ ਸਾਹਿਬ ਦੇ ਪਾਠ ਹੋਣ ਉਪਰੰਤ ਇਕ ਵਜੇ ਸਮੂਹਕ ਅਰਦਾਸ ਹੋਵੇਗੀ। ਉਨ੍ਹਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਮੁੱਚੇ ਸਿੱਖ ਜਗਤ ਦੇ ਮਾਈ-ਭਾਈ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਉਹ ਠੀਕ ਇਕ ਵਜੇ ਹੋਣ ਵਾਲੀ ਸਮੂਹਕ ਅਰਦਾਸ ਵਿਚ ਆਪੋ-ਆਪਣੀ ਥਾਂ ਪੁਰ ਖੜੇ ਹੋ ਕੇ ਸ਼ਾਮਲ ਹੋਣ ਤੇ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜ਼ਲੀ ਭੇਟ ਕਰਨ। ਸ. ਬੇਦੀ ਨੇ ਹੋਰ ਕਿਹਾ ਕਿ ਇਸ ਉਪਰੰਤ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਧਾਰਮਿਕ ਪ੍ਰਮੁੱਖ ਸਖਸ਼ੀਅਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਅਕੀਦਤ ਦੇ ਫੁੱਲ ਭੇਟ ਕਰਨਗੀਆਂ। ਉਨ੍ਹਾਂ ਅਨੁਸਾਰ 26 ਦਸੰਬਰ ਤੋਂ 29 ਦਸੰਬਰ ਤੀਕ ਲਗਾਤਾਰ ਦਿਨ ਰਾਤ ਧਾਰਮਿਕ ਦੀਵਾਨ, ਟੋਡਰ ਮੱਲ ਦੀਵਾਨ ਹਾਲ ਵਿਖੇ ਸਜਣਗੇ, ਜਿਸ ਵਿਚ ਪ੍ਰਸਿੱਧ ਵਿਦਵਾਨ, ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਸੰਗਤਾਂ ਨੂੰ ਗੁਰੂ ਜਸ ਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣਗੇ। 27 ਦਸੰਬਰ ਦੀ ਰਾਤ 9 ਵਜੇ ਇਕ ਵਿਸ਼ੇਸ਼ ਕਵੀ ਦਰਬਾਰ ਦੀਵਾਨ ਟੋਡਰ ਮੱਲ ਹਾਲ ਵਿਖੇ ਹੋਵੇਗਾ। ਅੰਮ੍ਰਿਤ ਸੰਚਾਰ 28 ਦਸੰਬਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਉਪਰਲੀ ਮੰਜ਼ਲ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਫਤਹਿਗੜ੍ਹ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਗੁ: ਜੋਤੀ ਸਰੂਪ ਵਿਖੇ ਆਈਆਂ ਸੰਗਤਾਂ ਦੀ ਰਿਹਾਇਸ਼ ਲਈ ਪ੍ਰਬੰਧ ਕੀਤੇ ਗਏ ਹਨ। ਸ. ਬੇਦੀ ਨੇ ਦੱਸਿਆ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਤੇ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਐਨ ਸਾਹਮਣੇ ਪਾਰਕ ਵਿਚ 27 ਦਸੰਬਰ ਦੀ ਰਾਤ ਨੂੰ ਸਿੱਖ ਇਤਿਹਾਸ ਨੂੰ ਪੇਸ਼ ਕਰਦੇ ਨਾਟਕ ਖੇਡੇ ਜਾਣਗੇ ਅਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ।