ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਾਲੇ ਮੰਚ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਪੁਰਬ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਕੁਰਬਾਨੀਆਂ, ਸ਼ਹਾਦਤਾਂ ਸਦਕਾ ਹੀ ਸਮੁੱਚੀ ਕੌਮ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁਰਬਾਨੀਆਂ ਦੇ ਵਿਦਰੋਹ ਵਿਚੋਂ ਸਿੱਖ ਕੌਮ ਨੇ ਆਪਣੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਦਾ ਸੁਪਨਾ ਦੇਖਿਆ, ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਕਾਰ ਕੀਤਾ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਦੀ ਵੀ ਅਜਾਈ ਨਹੀਂ ਜਾਂਦੀਆਂ, ਸਗੋਂ ਕੌਮੀ ਇਤਿਹਾਸ ਸਿਰਜਦੀਆਂ ਹਨ ਤੇ ਇਨ੍ਹਾਂ ਸ਼ਹਾਦਤਾਂ ਦੇ ਉਤਰਫਲ ਵਜੋਂ ਹੀ ਅਜਿਹਾ ਹੋਇਆ ਕਿ ਸਿੱਖ ਕੌਮ ਦੇ ਦੁਸ਼ਮਣ ਸੂਬਾ ਸਰਹੰਦ ਸਮੇਤ ਮੁਗਲ ਰਾਜ ਦੀ ਏਥੋਂ ਜੜ ਪੱਟੀ ਗਈ।
ਜਥੇਦਾਰ ਅਵਤਾਰ ਸਿੰਘ ਨੇ ਆਪਣੇ ਜੋਸ਼ੀਲੇ ਤੇ ਸਿੱਖ ਇਤਿਹਾਸ ਨਾਲ ਲਬਰੇਜ਼ ਭਾਸ਼ਣ ਵਿਚ ਕਿਹਾ ਕਿ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਦੇ ਨਿਸ਼ਾਨਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਸਿੱਖੀ ਸਿਦਕ ‘ਤੇ ਪਹਿਰਾ ਦੇਂਦਿਆਂ ਹਾਕਮਾਂ ਦੀ ਈਨ ਨਹੀਂ ਮੰਨੀ ਤੇ ਸ਼ਹੀਦ ਹੋਣਾ ਪ੍ਰਵਾਨ ਕੀਤਾ। ਉਨ੍ਹਾਂ ਕਿਹਾ ਕਿ ਛੋਟੀ-ਛੋਟੀ ਉਮਰ ਦੇ ਬੱਚਿਆਂ ਨੂੰ ਜਿਸ ਨਿਰਦਈਪੁਣੇ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਹ ਘੜੀ, ਉਹ ਪਲ ਜਦੋਂ ਅੱਖਾਂ ਅੱਗੇ ਯਾਦ ਕਰੀਦੇ ਹਨ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ, ਗਚ ਭਰ ਆਉਂਦਾ ਹੈ ਤੇ ਨਾਲ ਸਿੱਖੀ ਸਿਦਕ ਵਿਚ ਅਡੋਲ ਰਹਿਣ ਵਾਲੇ ਉਨ੍ਹਾਂ ਸ਼ਹੀਦਾਂ ਅੱਗੇ ਸੀਸ ਨਤਮਸਤਕ ਹੋ ਜਾਂਦਾ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਸਮੇਂ ਦਾ ਇਤਿਹਾਸ ਸਿੱਖੀ ਨੂੰ ਹੋਰ ਦ੍ਰਿੜ ਕਰਨ ਦਾ ਸੱਦਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਮਾਡਰਨ ਨੌਜਵਾਨ ਆਪਣੇ ਗੌਰਵਮਈ ਵਿਰਸੇ ਤੋਂ ਦੂਰ ਜਾ ਰਿਹਾ ਹੈ। ਉਹ ਫੈਸ਼ਨਪ੍ਰਸਤੀ ਤੇ ਆਧੁਨਿਕ ਝੂਠੀਆਂ ਲਿਸ਼ਕੋਰਾਂ ਪਿਛੇ ਲੱਗੀ ਆਪਣਾ ਸਰੂਪ ਵਿਗਾੜ ਰਿਹਾ ਹੈ। ਇਹ ਸਮੁੱਚੀ ਕੌਮ ਲਈ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਹਾਊਸ ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖੀ ਨੂੰ ਸੰਭਾਲਣ ਸੰਵਾਰਨ ਲਈ ਬਹੁਤ ਜ਼ੋਰਦਾਰ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ ਅਤੇ ਪਿੰਡ-ਪਿੰਡ ‘ਚ ਜਾ ਕੇ ਜੁਆਨੀ ਨੂੰ ਸਿੱਖੀ ਨਾਲ ਜੋੜਨ ਦੀ ਸੇਵਾ ਕਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਭੇਦਭਾਵ ਤੋਂ ਉਪਰ ਉਠ ਕੇ ਸਿੱਖੀ ਦੀ ਸੇਵਾ ਨੂੰ ਪ੍ਰਪੱਕ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਿੱਖ ਸੰਸਥਾਵਾਂ, ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਲਈ ਹਮੇਸ਼ਾਂ ਹੀ ਯਤਨਸ਼ੀਲ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਜੋ ਸਿੱਖ ਯਾਦਗਾਰਾਂ ਦਾ ਨਿਰਮਾਣ ਕਰਵਾਇਆ ਗਿਆ। ਉਸ ਤੋਂ ਆਉਣ ਵਾਲੀਆਂ ਪੀੜੀਆਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਸ. ਬਾਦਲ ਇਕ ਨਿਰਮਾਣ ਸਿੱਖ ਹਨ, ਉਹ ਹਮੇਸ਼ਾਂ ਆਪਣੇ ਆਪ ਨੂੰ ਗੁਰੂ ਦਾ ਕੂਕਰ ਮਹਿਸੂਸਦੇ ਹਨ। ਉਨ੍ਹਾਂ ਕਿਹਾ ਕਿ ਯਾਦਗਾਰਾਂ ਦਾ ਇਹ ਕਾਰਜ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਕਰਨ ਕਰਾਉਣ ਦਾ ਮਾਣ ਹਾਸਲ ਹੋਇਆ ਹੈ।
ਇਸ ਮੌਕੇ ਪ੍ਰਮੁੱਖ ਸਖਸ਼ੀਅਤਾਂ ’ਚ ਸ੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਰਾਜ ਸਭਾ ਮੈਂਬਰ ਸ੍ਰ:ਸੁਖਦੇਵ ਸਿੰਘ ਢੀਡਸਾ, ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ , ਸਾਬਕਾ ਪ੍ਰਧਾਨ ਸ੍ਰੋਮਣੀ ਕਮੇਟੀ ਪ੍ਰੋ:ਕ੍ਰਿਪਾਲ ਸਿੰਘ ਬਡੁਗਰ, ਸ੍ਰ:ਕਰਨੈਲ ਸਿੰਘ ਪੰਜੋਲੀ, ਸ੍ਰ:ਦੀਦਾਰ ਸਿੰਘ ਭੱਟੀ, ਸ੍ਰ:ਰਣਧੀਰ ਸਿੰਘ ਚੀਮਾਂ, ਸ੍ਰ:ਸੁਰਜੀਤ ਸਿੰਘ ਗੜੀ, ਸ੍ਰ:ਰਵਿੰਦਰ ਸਿੰਘ ਖਾਲਸਾ, ਸ੍ਰ:ਗੁਰਪ੍ਰੀਤ ਸਿੰਘ , ਸ੍ਰ:ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ ਸਾਰੇ ਸ੍ਰੋਮਣੀ ਕਮੇਟੀ ਮੈਂਬਰ ਅਤੇ ਬੀਬੀ ਸੁਰਿੰਦਰ ਕੌਰ ਸਾਬਕਾ ਮੈਂਬਰ ਸ੍ਰੋ:ਕਮੇਟੀ, ਸ੍ਰ:ਬਲਵੰਤ ਸਿੰਘ ਸ਼ਾਹਪੁਰ ਸਾਬਕਾ ਐਮ.ਐਲ.ਏ. ਸ੍ਰ:ਜਗਦੀਪ ਸਿੰਘ ਚੀਮਾਂ ਜਿਲ੍ਹਾ ਪ੍ਰਧਾਨ, ਸ੍ਰ:ਦਵਿੰਦਰ ਸਿੰਘ ਪੱਪੂ ਜਨਰਲ ਸਕੱਤਰ ਜਿਲਾ ਅਕਾਲੀ ਦਲ, ਸ੍ਰ:ਮਲਕੀਤ ਸਿੰਘ ਪ੍ਰਧਾਨ ਸ਼ਹਿਰੀ ਅਕਾਲੀ ਦਲ, ਸ੍ਰ:ਕੁਲਵੰਤ ਸਿੰਘ ਖਰੋੜਾ, ਸ੍ਰ:ਅਜੈਬ ਸਿੰਘ ਜਖਵਾਲੀ, ਸ੍ਰ:ਅਜੈ ਸਿੰਘ ਲਿਬੜਾ ਪ੍ਰਧਾਨ ਯੂਥ ਅਕਾਲੀ ਦਲ,ਸ੍ਰ:ਹਰਪਾਲ ਸਿੰਘ ਚੰਦੂਮਾਜਰਾ,ਸ੍ਰ:ਸਵਰਨ ਸਿੰਘ ਚਨਾਰਥਲ,ਸ੍ਰ:ਰਣਧੀਰ ਸਿੰਘ ਰੱਖੜਾ, ਜਥੇਦਾਰ ਕਰਤਾਰ ਸਿੰਘ ਟੱਕਰ, ਬੀਬੀ ਸੁਖਵੰਤ ਕੌਰ ਸੰਧੂ ਸਾਬਕਾ ਮੰਤਰੀ, ਬੀਬੀ ਪਰਮਜੀਤ ਕੌਰ ਗੁਲਸ਼ਨ ਪ੍ਰਧਾਨ ਇਸਤਰੀ ਅਕਾਲੀ ਦਲ, ਬੀਬੀ ਬਲਜੀਤ ਕੌਰ ਜਿਲ੍ਹਾ ਪ੍ਰਧਾਨ ਆਦਿ ਹਾਜ਼ਰ ਸਨ।