ਮੇਲਬਾਰਨ-ਇਥੇ ਖੇਡੇ ਗਏ ਪਹਿਲੇ ਕ੍ਰਿਕਟ ਟੈਸਟ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ ਬੁਰੀ ਤਰ੍ਹਾਂ 122 ਦੌੜਾਂ ਨਾਲ ਹਰਾ ਦਿੱਤਾ। ਇਸ ਟੈਸਟ ਮੈਚ ਦੌਰਾਨ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ। ਦੂਜੀ ਪਾਰੀ ਵਿਚ ਆਸਟ੍ਰੇਲੀਆਈ ਟੀਮ ਨੇ 240 ਦੌੜਾਂ ਬਣਾਈਆਂ ਅਤੇ ਉਨ੍ਹਾਂ ਪਾਸ ਪਹਿਲੀ ਪਾਰੀ ਦੇ ਆਧਾਰ ‘ਤੇ 51 ਦੌੜਾਂ ਦੀ ਲੀਡ ਸੀ। ਇਵੇਂ ਭਾਰਤੀ ਟੀਮ ਨੂੰ ਜਿੱਤਣ ਲਈ 292 ਦੌੜਾਂ ਦਾ ਟੀਚਾ ਮਿਲਿਆ।
ਇਸ ਟੀਚੇ ਨੂੰ ਹਾਸਲ ਕਰਨ ਲਈ ਉਤਰੀ ਭਾਰਤੀ ਟੀਮ ਦੇ ਸਾਰੇ ਹੀ ਬੱਲੇਬਾਜ਼ ਆਇਆ ਰਾਜ ਗਿਆ ਰਾਮ ਵਾਂਗ ਪਿੱਚ ‘ਤੇ ਸਹੀ ਢੰਗ ਨਾਲ ਨਾ ਖੇਡ ਸਕੇ। 292 ਦੌੜਾਂ ਦਾ ਪਿੱਛਾ ਕਰ ਰਹੀ ਭਾਰਤੀ ਟੀਮ 169 ਦੌੜਾਂ ਦਾ ਮਾਮੂਲੀ ਜਿਹਾ ਸਕੋਰ ਬਣਾ ਸਕੀ। ਇਵੇਂ ਆਸਟ੍ਰੇਲੀਆਈ ਟੀਮ 122 ਦੌੜਾਂ ਦੇ ਵੱਡੇ ਫਰਕ ਨਾਲ ਇਹ ਮੈਚ ਜਿੱਤ ਗਈ। ਇਸਤੋਂ ਪਹਿਲੀ ਭਾਰਤੀ ਟੀਮ ਵਲੋਂ ਇੰਗਲੈਂਡ ਦੌਰੇ ਸਮੇਂ ਵੀ ਮਾੜੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਹ ਉਥੇ ਸਾਰੇ ਹੀ ਮੈਚਾਂ ਵਿਚ ਬੁਰੀ ਤਰ੍ਹਾਂ ਹਾਰਕੇ ਪਰਤੇ ਸਨ। ਇਹੀ ਸਿਲਸਿਲਾ ਮੇਲਬਾਰਨ ਵਿਚ ਵੀ ਜਾਰੀ ਰਿਹਾ।
ਦੂਜੀ ਇਨਿੰਗ ਦੌਰਾਨ ਕੋਈ ਵੀ ਭਾਰਤੀ ਬੱਲੇਬਾਜ਼ ਟਿਕਕੇ ਨਹੀਂ ਖੇਡ ਸਕਿਆ। ਇੰਜ ਲੱਗ ਰਿਹਾ ਸੀ ਜਿਵੇਂ ਆਸਟ੍ਰੇਲੀਆਈ ਖਿਡਾਰੀ ਕਿਸੇ ਆਮ ਜਿਹੀ ਟੀਮ ਨਾਲ ਖੇਡ ਰਹੇ ਹੋਣ ਅਤੇ ਵਿਕਟਾਂ ‘ਤੇ ਵਿਕਟਾਂ ਝਾੜੀ ਜਾ ਰਹੇ ਹੋਣ। ਇਸ ਸੀਰੀਜ਼ ਦਾ ਦੂਜਾ ਮੈਚ 3 ਜਨਵਰੀ ਨੂੰ ਸਿਡਨੀ ਵਿਚ ਸ਼ੁਰੂ ਹੋਵੇਗਾ। ਮੇਲਬਾਰਨ ਟੈਸਟ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਅੱਗੇ ਹੋ ਗਈ ਹੈ।