ਆਨੰਦਪੁਰ ਸਾਹਿਬ-ਸੰਤ ਅਜੀਤ ਸਿੰਘ ਵਲੋਂ ਪਾਰਟੀ ਤੋਂ ਅਸਤੀਫ਼ੇ ਦੇ ਐਲਾਨ ਨਾਲ ਪਾਰਟੀ ਵਿਚ ਬਗਾਵਤ ਦੀ ਲਹਿਰ ਨੂੰ ਹੋਰ ਹਵਾ ਮਿਲੀ ਹੈ। ਸੰਤ ਅਜੀਤ ਸਿੰਘ ਅਕਾਲੀ ਦਲ (ਬਾਦਲ) ਦੀ ਟਿਕਟ ‘ਤੇ ਪਿਛਲੀ ਵਾਰ ਆਨੰਦਪੁਰ ਸਾਹਿਬ ਤੋਂ ਵਿਧਾਇਕ ਵਜੋਂ ਚੁਣੇ ਗਏ ਸਨ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ। ਇੰਨਾ ਹੀ ਨਹੀਂ ਪਾਰਟੀ ਨੂੰ ਅਸਤੀਫ਼ਾ ਭੇਜਣ ਤੋਂ ਉਪਰੰਤ ਉਨ੍ਹਾਂ ਨੇ ਰੂਪਨਗਰ ਵਿਧਾਨਸਭਾ ਹਲਕੇ ਤੋਂ ਜਥੇਦਾਰ ਜਰਨੈਲ ਸਿੰਘ ਔਲਖ ਨੂੰ ਆਜ਼ਾਦ ਉਮੀਦਵਾਰ ਵਜੋਂ ਵੀ ਮੈਦਾਨ ਵਿਚ ਉਤਾਰ ਦਿੱਤਾ।
ਇਸ ਅਸਤੀਫ਼ੇ ਦਾ ਕਾਰਨ ਉਨ੍ਹਾਂ ਨੇ ਪਾਰਟੀ ਵਿਚ ਸੀਨੀਅਰ ਲੀਡਰਾਂ ਦੀ ਕਦਰ ਨਾ ਹੋਣਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਥਾਨਕ ਉਮੀਦਵਾਰ ਨੂੰ ਟਿਕਟ ਨਾ ਦੇਕੇ ਹੋਰਨਾਂ ਨੂੰ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਨਾਲ ਹੀ ਜਥੇਦਾਰ ਜਰਨੈਲ ਸਿੰਘ ਔਲਖ, ਮਨਜਿੰਦਰ ਸਿੰਘ ਬਰਾੜ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ (ਬਾਦਲ), ਸੁਰਜੀਤ ਸਿੰਘ ਸੱਕਢੇਰਾਂ ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ, ਹਰਮੇਸ਼ ਸਿੰਘ, ਜਗਮੋਹਨ ਸਿੰਘ ਡਾਇਰੈਕਟਰ ਲੈਂਡ ਮਾਰਟਗੇਜ ਬੈਂਕ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਕੁਝ ਪਾਰਟੀ ਲੀਡਰਾਂ ਵਲੋਂ ਸ਼ਰਾਬ ਦੇ ਠੇਕੇ ਲਏ ਗਏ ਅਤੇ ਟਰਕ ਯੂਨੀਅਨਾਂ ਪਾਸੋਂ ਮਹੀਨਾ ਲਿਆ ਗਿਆ ਪਰੰਤੂ ਉਨ੍ਹਾਂ ਨੇ ਨਾ ਤਾਂ ਕਦੀ ਪੈਸੇ ਦੇਕੇ ਪਾਰਟੀ ਪਾਸੋਂ ਕੋਈ ਅਹੁਦਾ ਲਿਆ ਅਤੇ ਨਾ ਹੀ ਕਦੀ ਕਿਸੇ ਪਾਸੋਂ ਰਿਸ਼ਵਤ ਲਈ। ਉਨ੍ਹਾਂ ਨੇ ਪਾਰਟੀ ਤੋਂ ਵਧੇਰੇ ਮਨੁੱਖਤਾ ਨੂੰ ਪਹਿਲ ਦਿੱਤੀ।