ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਅਵਤਾਰ ਸਿੰਘ ਮੱਕੜ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸਾਲ ਮੌਕੇ ਦਰਸ਼ਨਾਂ ਲਈ ਪਹੁੰਚੇ ਪ੍ਰਧਾਨਮੰਤਰੀ ਸ:ਮਨਮੋਹਨ ਸਿੰਘ ਨੂੰ ਕਾਲੇ ਝੰਡੇ ਵਿਖਾਉਣ ਦੀ ਨਿਖੇਧੀ ਕੀਤੀ। ਇਸ ਸਬੰਧੀ ਗੰਭੀਰ ਨੋਟਿਸ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਕਾਲੇ ਝੰਡੇ ਵਿਖਾਉਣਾ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਹਰਕਤ ਹੈ।
ਇਸ ਮਸਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸਮਾਜਿਕ ਅਨਸਰਾਂ ਨੇ ਮੀਡੀਆ ਦੀਆਂ ਸੁਰਖੀਆਂ ਵਿਚ ਆਉਣ ਲਈ ਅਜਿਹਾ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਵਲੋਂ ਵਿਖਾਈ ਗਈ ਅਣਗਹਿਲੀ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਖੁਫ਼ੀਆ ਏਜੰਸੀਆਂ ਵੀਵੀਆਈਪੀ ਲਿਸਟ ‘ਤੇ ਪੂਰੀ ਨਿਗਾਹ ਰੱਖਦੀਆਂ ਹਨ, ਪਰੰਤੂ ਇਹ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਸਮੇਂ ਪਹਿਲਾਂ ਤੋਂ ਹੀ ਇਥੇ ਡੇਰੇ ਜਮਾਈ ਬੈਠੀਆਂ ਏਜੰਸੀ ਇਸਤੋਂ ਅਨਜਾਣ ਰਹੀਆਂ। ਉਨ੍ਹਾਂ ਨੇ ਅਸਮਾਜਿਕ ਅਨਸਰਾਂ ਨੂੰ ਅਜਿਹਾ ਦੁਬਾਰਾ ਨਾ ਕਰਨ ਲਈ ਤਾੜਨਾ ਵੀ ਕੀਤੀ।
ਇਕ ਹੋਰ ਬਿਆਨ ਦੌਰਾਨ ਸ਼੍ਰੋਮਣੀ ਪੰਥਕ ਕੌਂਸਿਲ ਦੇ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ:ਮਨਜੀਤ ਸਿੰਘ ਕੱਲਕੱਤਾ ਨੇ ਵੀ ਇਸ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਨੇ ਅੰਨਾ ਦੇ ਹਿਮਾਇਤੀਆਂ ਵਲੋਂ ਕੀਤੀ ਗਈ ਕਾਰਵਾਈ ਨੂੰ ਆਰਐਸਐਸ ਦੀ ਸ਼ਹਿ ‘ਤੇ ਕੀਤੀ ਗਈ ਕਾਰਵਾਈ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਅੰਨਾ ਆਪਣੇ ਆਪ ਨੂੰ ਸਿਧਾਂਤਾਂ ਦੇ ਹਿਮਾਇਤੀ ਦਸਦੇ ਹਨ ਅਤੇ ਦੂਜੇ ਪਾਸੇ ਖੁਦ ਹੀ ਅਸੂਲਾਂ ਦੀ ਅਣਦੇਖੀ ਕਰਦੇ ਹਨ। ਜਿ਼ਕਰਯੋਗ ਹੈ ਕਿ ਨਵੇਂ ਸਾਲ ਦੇ ਮੌਕੇ ‘ਤੇ ਆਪਣੇ ਪ੍ਰਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਅੰਨਾ ਦੇ ਹਿਮਾਇਤੀਆਂ ਵਲੋਂ ਕਾਲੇ ਝੰਡੇ ਵਿਖਾਏ ਗਏ ਸਨ।