ਅੰਮ੍ਰਿਤਸਰ:- ਸਾਂਝੀ-ਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਵੱਲੋਂ ਨਤਮਸਤਕ ਹੋਣ ਆਉਣ ਸਮੇਂ ਕੁਝ ਗਿਣੇ-ਚੁਣੇ ਲੋਕਾਂ ਵੱਲੋਂ ਕੀਤੀ ਨਾਅਰੇਬਾਜ਼ੀ ਤੇ ਕਾਲੇ ਝੰਡੇ ਵਿਖਾਏ ਜਾਣ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੰਭੀਰ ਨੋਟਿਸ ਲਿਆ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਲੈਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਮਨੁੱਖ ਲਈ ਸਾਂਝੀ-ਵਾਲਤਾ ਦਾ ਪ੍ਰਤੀਕ ਹੈ ਤੇ ਨਵੇਂ ਸਾਲ ਦੀ ਆਮਦ ਮੌਕੇ ਹਜਾਰਾਂ ਦੀ ਤਦਾਦ ਵਿੱਚ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਆਉਦੀਆਂ ਹਨ। ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਆਪਣੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਨਿੱਜੀ ਤੌਰ ’ਤੇ ਆਏ ਸਨ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ।
ਪਰੰਤੂ ਉਹਨਾਂ ਦੀ ਵਾਪਸੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰਵਾਰ 40-50 ਦੇ ਕਰੀਬ ਲੋਕਾਂ ਵੱਲੋਂ ਇਕੱਠੇ ਹੋ ਕੇ ਹਜਾਰਾਂ ਦੀ ਤਾਦਾਦ ‘ਚ ਪੁੱਜੀਆਂ ਸਿੱਖ ਸੰਗਤਾਂ ‘ਚ ਖਲੋਕੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਡਾ: ਮਨਮੋਹਨ ਸਿੰਘ ਵਿਰੁਧ ਕਾਲੀਆਂ ਝੰਡੀਆਂ ਵਿਖਾਉਣੀਆਂ ਤੇ ਨਾਅਰੇਬਾਜ਼ੀ ਕਰਕੇ ਕੇਵਲ ਅਖਬਾਰੀ ਸੁਰਖੀਆਂ ਬਟੋਰਨ ‘ਚ ਹੀ ਲੱਗੇ ਰਹਿੰਦੇ ਹਨ ਅਜਿਹੇ ਲੋਕ ਸਮੇਂ ਸਮੇਂ ਤੇ ਸਮਾਜ ਵੱਲੋ ਨਕਾਰੇ ਜਾਂਦੇ ਹਨ। ਇਨ੍ਹਾਂ ਲੋਕਾਂ ਖਿਲਾਫ ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਜਿੰਮੇਵਾਰੀ ਸਮਝਦਿਆਂ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਪੱਤਰ ਲਿਖ ਕੇ ਸਬੰਧਤ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਦੇਸ਼ ਦੇ ਹਰੇਕ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਇਲਾਵਾ ਇੰਗਲੈਂਡ ਦੀ ਮਹਾਰਾਣੀ, ਕੈਨੇਡਾ ਦੇ ਪ੍ਰਧਾਨ ਮੰਤਰੀ ਵਰਗੀਆਂ ਉਚ ਸਖ਼ਸ਼ੀਅਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਪੁੱਜਦੀਆਂ ਰਹੀਆਂ ਹਨ ਪ੍ਰੰਤੂ ਇਨ੍ਹਾਂ ਮੁੱਠੀ ਭਰ ਲੋਕਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਿਰੁਧ ਇਸ ਤਰ੍ਹਾਂ ਰੁਹਾਨੀਅਤ ਦੇ ਕੇਂਦਰ ਦੇ ਬਾਹਰ ਵਿਖਾਵਾ ਕਰਨਾ ਕਿਸੇ ਤਰ੍ਹਾਂ ਵੀ ਜਾਇਜ ਨਹੀਂ, ਅਜਿਹੇ ਲੋਕਾਂ (ਮੁਜ਼ਾਹਰਾ-ਕਾਰੀਆਂ) ਖਿਲਾਫ ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਮੁਜ਼ਾਹਰਾ ਕਾਰੀਆਂ ਵੱਲੋਂ ਕਿਸੇ ਗਿਣੀ-ਮਿਥੀ ਸਾਜਿਸ਼ ਤਹਿਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਹੀ ਕਿਉਂ ਚੁਣਿਆ। ਜੇਕਰ ਇਨ੍ਹਾਂ ਲੋਕਾਂ ਨੇ ਲੋਕਤੰਤਰੀ ਢੰਗ ਨਾਲ ਮੁਜ਼ਾਹਰਾ ਕਰਨਾ ਸੀ ਤਾਂ ਜਿਥੇ ਮਾਨਯੋਗ ਪ੍ਰਧਾਨ ਮੰਤਰੀ ਠਹਿਰੇ ਸਨ ਉਥੇ ਜਾਂ ਏਅਰਪੋਰਟ ਆਦਿ ’ਤੇ ਵੀ ਕੀਤਾ ਜਾ ਸਕਦਾ ਸੀ। ਅਜਿਹੇ ਲੋਕਾਂ ਦੀ ਇਸ ਕਾਰਵਾਈ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਇਸ ਦਾ ਗਲਤ ਸੰਦੇਸ਼ ਲੋਕਾਂ ’ਚ ਗਿਆ ਹੈ ਜੋ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।