ਨਵੀਂ ਦਿੱਲੀ,(ਪਰਮਜੀਤ ਸਿੰਘ ਬਾਗੜੀਆ ) – ਦਿੱਲੀ ਮਿਉਂਸੀਪਲ ਕਾਰਪੋਰੇਸ਼ਨ (ਐਮ ਸੀ ਡੀ) ਦੇ ਚਾਂਦਨੀ ਚੌਕ ਵਾਰਡ ਤੋਂ ਕੌਂਸਲਰ ਸੁਮਨ ਕੁਮਾਰ ਗੁਪਤਾ ਵਲੋਂ ਇਤਿਹਾਸਕ ਚਾਂਦਨੀ ਚੌਕ ਦਾ ਨਾਂ ਬਦਲ ਕੇ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਰਕਰ ਦੇ ਨਾਂ ‘ਤੇ ਰੱਖਣ ਦੀ ਮੰਗ ਕਰਨ ਦਾ ਸਿੱਖ ਜਗਤ ਵਿਚ ਡਾਹਡਾ ਰੋਸ ਪਾਇਆ ਜਾ ਰਿਹਾ ਹੈ। ਅੱਜ ਮੁੰਬਈ ਦੀ ਪ੍ਰਸਿੱਧ ਅੰਗਰੇਜੀ ਅਖਬਾਰ ‘ਮਿਡ ਡੇ’ ਵਿਚ ਛਪੀ ਇਹ ਖਬਰ ਸਿੱਖਾਂ ਤੱਕ ਪੁੱਜਣ ਦੇ ਬਾਅਦ ਹੀ ਸਿੱਖ ਆਗੂਆਂ ਤੇ ਆਮ ਸਿੱਖਾਂ ਨੇ ਆਪਣੀ ਰੋਹ ਭਰੀ ਪ੍ਰਤੀਕ੍ਰਿਆ ਪ੍ਰਗਟ ਕਰਦਿਆ ਅਜਿਹੀਆਂ ਕੋਝੀਆਂ ਹਰਕਤਾਂ ਦੀ ਨਿੰਦਾ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੌਂਸਲਰ ਨੇ ਨਿਗਮ ਦੀ 11 ਜਨਵਰੀ ਨੂੰ ਹੋ ਰਹੀ ਹਾਉਸ ਦੀ ਮੀਟਿੰਗ ਵਿਚ ਵਿਚਾਰਨ ਲਈ ਇਹ ਮਤਾ ਲਿਆਉਣ ਦੀ ਯੋਜਨਾ ਬਣਾਈ ਹੈ। ਨਿਗਮ ਦੀ ਮੇਅਰ ਸ੍ਰਮਤੀ ਰਜਨੀ ਅਬੀ ਨੇ ਵੀ ਕੌਂਸਲਰ ਗੁਪਤਾ ਦੀ ਇਚ ਚਾਲ ਦੀ ਪੁਸ਼ਟੀ ਕਰਦਿਆਂ ਮੰਨਿਆ ਹੈ ਕਿ ਕੌਂਸਲਰ ਨੇ ਚਾਂਦਨੀ ਚੌਕ ਇਲਾਕੇ ਦੀ ਕਿਸੇ ਸੜਕ ਦਾ ਨਾਂ ਸਚਿਨ ਤੇਂਦੂਲਰਕਰ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ ਹੈ। ਜਦੋਂ ਮੇਅਰ ਨੂੰ ਚਾਂਦਨੀ ਚੌਕ ਦਾ ਨਾਂ ਬਦਲਣ ਦੀ ਬੇਨਤੀ ਬਾਰੇ ਪੁੱਛਿਆ ਗਿਆ ਤਾਂ ਮੇਅਰ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਚਾਂਦਨੀ ਚੌਕ ਦਾ ਨਾਂ ਬਦਲਣ ਬਾਰੇ ਕੋਈ ਬੇਨਤੀ ਆਈ ਹੈ। ਪਰ ਮੇਅਰ ਨੇ ਅੱਗੇ ਇਹ ਵੀ ਕਿਹਾ ਕਿ ਨਿਗਮ ਕੋਲ ਸਚਿਨ ਤੇਂਦੁਲਕਰ ਦੇ ਨਾਂ ਤੇ ਕਿਸੇ ਸੜਕ ਦਾ ਰੱਖਣ ਦੀਆਂ ਸੈਂਕੜੇ ਬੇਨਤੀਆਂ ਪੁੱਜੀਆਂ ਹਨ ਪਰ ਇਸ ਮਾਮਲੇ ਵਿਚ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸ. ਤਰਸੇਮ ਸਿੰਘ ਨੇ ਕਿਹਾ ਕਿ ਚਾਂਦਨੀ ਚੌਕ ਕੋਈ ਸਧਾਰਨ ਚੌਕ ਨਹੀਂ ਜਿਸਦਾ ਕੋਈ ਸਰਕਾਰ ਜਾਂ ਅਥਾਰਟੀ ਨਾਂ ਬਦਲ ਦੇਵੇਗੀ। ਇਹ ਚੌਕ ਕੁਰਬਾਨੀਆਂ ਦਾ ਗਵਾਹ ਹੈ ਅਤੇ ਹਿੰਦੂ ਧਰਮ ਦੀ ਸੰਸਕ੍ਰਿਤੀ ਨੂੰ ਬਚਾਉਣ ਦਾ ਪ੍ਰਤੱਖ ਸਬੂਤ ਹੈ ਤੇ ਸਿੱਖ ਇਸ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ। ਭਾਈ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਖਿਆ ਕਿ ਚਾਂਦਨੀ ਚੌਕ ਵਿਖੇ ਸਿੱਖਾਂ ਦੇ ਨੌਵੇਂ ਗੁਰੁ ਸ੍ਰੀ ਗੁਰੁ ਤੇਗ ਬਹਾਦਰ ਜੀ ਸਮੇਤ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਸ਼ਹੀਦੀਆਂ ਦਿੱਤੀਆਂ ਅਤੇ ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਤਾਂ ਹੈ ਹੀ ਹਿੰਦੂ ਧਰਮ ਦੀ ਰਾਖੀ ਅਤੇ ਹਿੰਦੋਸਤਾਨ ਦੀ ਅਣਖ ਆਬਰੂ ਲਈ, ਸਿੱਖਾਂ ਨੂੰ ਉਨ੍ਹਾਂ ਦੀਆਂ ਇਤਿਹਾਸਿਕ ਯਾਦਗਾਰਾਂ ਦੇ ਨਾਂ ਬਦਲਨਾ ਕਦੇ ਵੀ ਅਤੇ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਹੋਵੇਗਾ। ਭਾਈ ਅਮਰਜੀਤ ਸਿੰਘ ਚਾਵਲਾ ਨੇ ਇਸ ਸਬੰਧੀ ਪ੍ਰਤੀ ਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਾਗਲ ਕਿਸਮ ਦੇ ਲੋਕ ਹੁੰਦੇ ਹਨ ਜੋ ਸਦੀਆਂ ਪੁਰਾਣੀਆਂ ਇਤਿਹਾਸਿਕ ਥਾਵਾਂ ਦੇ ਨਾਂ ਬਦਲਣ ਦੀਆਂ ਕੋਸਿ਼ਸ਼ਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਸ਼ੁਰੂ ਵਿਚ ਹੀ ਨੱਪ ਦੇਣਾ ਚਾਹੀਦਾ ਹੈ। ਸਿੱਖ ਜਾਗ੍ਰਿਤੀ ਮੰਚ ਦੇ ਅਹੁਦੇਦਾਰ ਅਤੇ ਸੰਪਾਦਕ ਸਚ ਕੀ ਬੇਲਾ ਸ. ਅਨਭੋਲ ਸਿੰਘ ਦੀਵਾਨਾ ਨੇ ਕਿਹਾ ਹੈ ਕਿ ਧਰਮ ਗੁਰੂਆਂ ਦੀਆਂ ਕੌਮ ਅਤੇ ਮਾਨਵਤਾ ਲਈ ਕੀਤੀਆਂ ਕੁਰਬਾਨੀਆਂ ਨੂੰ ਇਕ ਖਿਡਾਰੀ ਦੀਆਂ ਪ੍ਰਾਪਤੀਆਂ ਨਾਲ ਨਹੀਂ ਤੋਲਿਆ ਜਾ ਸਕਦਾ।