ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਕਿਹਾ ਕਿ ਉਹ ਅਦਾਲਤਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜਨਰਲ ਮੁਸ਼ਰਫ਼ 25 ਜਾਂ 27 ਜਨਵਰੀ ਨੂੰ ਵਾਪਿਸ ਪਾਕਿਸਤਾਨ ਪਰਤ ਸਕਦੇ ਹਨ।
ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰਫ਼ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਦੋ ਜਾਂ ਤਿੰਨ ਪੇਸ਼ੀਆਂ ਵਿੱਚ ਹੀ ਬਰੀ ਹੋ ਜਾਣਗੇ। ਉਨ੍ਹਾਂ ਨੇ ਦੁਬਈ ਵਿੱਚ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ। ਉਨ੍ਹਾਂ ਨੇ ਕਿਹਾ ਕਿ ਉਹ 25 ਜਾਂ 27 ਜਨਵਰੀ ਨੂੰ ਪਾਕਿਸਤਾਨ ਵਾਪਿਸ ਆਉਣਗੇ ਅਤੇ ਉਨ੍ਹਾਂ ਦੇ ਨਾਲ ਦੁਨੀਆਂਭਰ ਤੋਂ 500-600 ਦੇ ਕਰੀਬ ਲੋਕ ਵੀ ਆਉਣਗੇ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਲਈ ਦੇਸ਼ ਤੋਂ ਬਾਹਰ ਕਰ ਦਿੱਤਾ ਗਿਆ ਸੀ । ਹੁਣ ਫਿਰ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਵਿੱਚ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ।ਇਸ ਲਈ ਜਨਰਲ ਪਰਵੇਜ਼ ਮੁਸ਼ਰਫ਼ ਵੀ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਾਪਿਸ ਘਰ ਪਰਤ ਰਹੇ ਹਨ।