ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਸਮਾਣਾ ਹਲਕੇ ਤੋਂ ਟਿਕਟ ਨਾਂ ਦਿੱਤੇ ਜਾਣ ਕਰਕੇ ਸ਼ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਹਨ। ਪਹਿਲਾਂ ਉਨ੍ਹਾਂ ਨੇ ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਮਾਲਵਿੰਦਰ ਸਿੰਘ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਪਾਰਟੀ ਜੇ ਉਨ੍ਹਾਂ ਨੂੰ ਚੋਣ ਲੜਨ ਲਈ ਕਹੇਗੀ ਤਾਂ ਉਹ ਜਰੂਰ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਵੱਡੇ ਭਰਾ ਹਨ ਅਤੇ ਉਨ੍ਹਾਂ ਦੇ ਵਿਰੁੱਧ ਉਹ ਕੁਝ ਨਹੀਂ ਬੋਲਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਭਰਾ ਕੈਪਟਨ ਦੇ ਹਲਕੇ ਪਟਿਆਲਾ ਅਤੇ ਆਪਣੀ ਸਾਲੀ ਕਰਣ ਕੌਰ ਬਰਾੜ ਦੇ ਹਲਕੇ ਵਿੱਚ ਨਾਂ ਤਾਂ ਚੋਣ ਪਰਚਾਰ ਕਰਨ ਲਈ ਜਾਣਗੇ ਤੇ ਨਾਂ ਹੀ ਇਨ੍ਹਾਂ ਹਲਕਿਆਂ ਤੋਂ ਚੋਣ ਲੜਨਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਤੋਂ ਵੱਖ ਹੋਏ ਹਨ ਪਰ ਪਰੀਵਾਰ ਤੋਂ ਵੱਖ ਨਹੀਂ ਹੋਏ। ਉਨ੍ਹਾਂ ਨੇ ਟਿਕਟ ਨਾਂ ਮਿਲਣ ਦਾ ਸਾਰਾ ਅਰੋਪ ਆਪਣੀ ਭਾਬੀ ਪਰਨੀਤ ਕੌਰ ਤੇ ਲਗਾਇਆ। ਸਮਾਣਾ ਹਲਕੇ ਤੋਂ ਪਾਰਟੀ ਨੇ ਟਿਕਟ ਰਣਇੰਦਰ ਸਿੰਘ ਨੂੰ ਦਿੱਤਾ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਪਰਨੀਤ ਕੌਰ ਦੇ ਸਪੁੱਤਰ ਹਨ।