ਬਰਨਾਲੇ ਦੇ ਨਜ਼ਦੀਕੀ ਪਿੰਡ ਸਹਿਣੇ ਦਾ ਅਧਿਆਪਕ ਸਾਥੀ ਜੀਵਨ ਲਾਲ ਮੈਨੂੰ ਇੱਕ ਵਾਰ ਕਹਿਣ ਲੱਗਿਆ ਕਿ ਤੈਨੂੰ ਕਿਤਾਬਾਂ ਤੋਂ ਬਗੈਰ ਕੁਝ ਹੋਰ ਸੁਝਦਾ ਹੀ ਨਹੀਂ? ‘‘ਮੈਂ ਉਸਨੂੰ ਜੁਆਬ ਦਿੱਤਾ ਕਿ ਮੈਨੂੰ ਸਿਰਫ਼ ਇੱਕ ਹੀ ਨਸ਼ਾ ਹੈ। ਇਹ ਨਸ਼ਾ ਸਿਰਫ਼ ਕਿਤਾਬਾਂ ਦਾ। ਇਹ ਮੇਰੇ ਚਾਚੇ ਦੀਨਾ ਨਾਥ ਨੇ ਬਚਪਨ ਵਿੱਚ ਹੀ ਲਾ ਦਿੱਤਾ ਸੀ। ਉਹ ਨਾਨਕ ਸਿੰਘ ਤੇ ਜਸਵੰਤ ਕੰਵਲ ਦੇ ਨਾਵਲ ਪੜ੍ਹਦਾ ਹੁੰਦਾ ਸੀ। ਉਸਦੇ ਘਰ ਰੱਖੇ ਨਾਵਲ ਮੈਂ ਰਾਤਾਂ ਬੱਧੀ ਦੀਵੇਂ ਦੀ ਲੋਅ ’ਤੇ ਪੜ੍ਹਦਾ ਰਹਿੰਦਾ ਸੀ। ਬੱਸ ਫਿਰ ਇਸ ਨਸ਼ੇ ਦਾ ਮੈਂ ਆਦੀ ਹੋ ਗਿਆ। ਹੁਣ ਜਦੋਂ ਨਿਗਾਹ ਵੀ ਜੁਆਬ ਦਿੰਦੀ ਜਾ ਰਹੀ ਹੈ ਫਿਰ ਵੀ ਇਹ ਲੱਤ ਛੱਡਣੀ ਔਖੀ ਲੱਗਦੀ ਹੈ। ਤਰਕਸ਼ੀਲ ਲਹਿਰ ਦੇ ਇਤਿਹਾਸ ਵਿੱਚ ਮੈਨੂੰ ਇਨ੍ਹਾਂ ਗੱਲਾਂ ਦੀ ਸੱਚਾਈ ਦੇ ਨੇੜਿਉ ਦਰਸ਼ਨ ਹੋਏ ਹਨ।
ਇੱਕ ਵਾਰ ਮੇਰਾ ਮਿੱਤਰ ਸਰਜੀਤ ਤਲਵਾਰ ਮੇਰੇ ਪਾਸ ਇੱਕ ਚਿੱਠੀ ਲੈ ਆਇਆ ਕਹਿਣ ਲੱਗਿਆ ਕਿ ਫਗਵਾੜੇ ਦੇ ਇੱਕ ਵਿਅਕਤੀ ਨੇ ਉਸਨੂੰ ਲਿਖਿਆ ਹੈ ‘‘ਕਿ ਤੇਰੇ ਹੱਥ ਪੈਰ ਵੱਢ ਦੇਣੇ ਚਾਹੀਦੇ ਹਨ। ਤੇਰੇ ਗਲ਼ ਵਿੱਚ ਛਿੱਤਰਾਂ ਦਾ ਹਾਰ ਪਾਕੇ ਜਲੂਸ ਕੱਢਣਾ ਚਾਹੀਦਾ ਹੈ ਕਿਉਂਕਿ ਤੇਰੀਆਂ ਕਿਤਾਬਾਂ ਨੇ ਮੇਰੇ ਪੁੱਤਰ ਨੂੰ ਨਾਸਤਿਕ ਬਣਾ ਦਿੱਤਾ ਹੈ। ਹੁਣ ਉਹ ਸਵੇਰੇ ਸ਼ਾਮ ਮੈਥੋਂ ਛਿੱਤਰ ਪ੍ਰੇਡ ਕਰਵਾਉਂਦਾ ।’’ ਹੂ-ਬ-ਹੂ ਅਜਿਹੀ ਹੀ ਇੱਕ ਚਿੱਠੀ ਮੈਨੂੰ ਵੀ ਆਈ ਸੀ। ਇਹ ਪਹਿਲੀ ਘਟਨਾ ਸੀ ਜੋ ਪੁਸਤਕਾਂ ਦੇ ਨਸ਼ੇ ਦੀ ਪੁਸ਼ਟੀ ਕਰਦੀ ਸੀ।
ਦੂਜੀ ਘਟਨਾ ਮੇਰੇ ਅਧਿਆਪਨ ਸਮੇਂ ਦੀ ਹੈ। ਸਕੂਲ ਵਿੱਚ ਜਾ ਕੇ ਅਜੇ ਸਕੂਟਰ ਦਾ ਸਟੈਂਡ ਲਾ ਹੀ ਰਿਹਾ ਸਾਂ ਕਿ ਮੇਰੇ ਸਕੂਲ ਦਾ ਚਪੜਾਸੀ ਦੋੜਦਾ ਹੋਇਆ ਮੇਰੇ ਕੋਲ ਆਇਆ ਕਹਿਣ ਲੱਗਿਆ, ‘‘ਤਰਕਬਾਣੀ ਨੇ ਪੰਗਾ ਪੁਆ ਦਿੱਤਾ।’’ ਮੈਂ ਪੁੱਛਿਆ ਕੀ ਗੱਲ ਹੋ ਗਈ। ਕਹਿਣ ਲੱਗਿਆ ਆਓ ਤੁਹਾਨੂੰ ਵਿਖਾ ਹੀ ਦਿੰਦਾ ਹਾਂ। ਉਹ ਮੈਨੂੰ ਸਕੂਲ ਦੇ ਨਾਲ ਲੱਗਦੀ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ਵਿੱਚ ਬਣੇ ਕਮਰੇ ਵਿੱਚ ਲੈ ਗਿਆ, ਜਾ ਕੇ ਵੇਖਿਆ ਵਾਟਰ ਵਰਕਸ ਦੇ ਮੁਲਾਜ਼ਮ ਦਾ ਮੂੰਹ ਸੁਜਿਆ ਹੋਇਆ ਸੀ। ਉਸਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਸੀ। ਮੈਂ ਪੁੱਛਿਆ ਕੀ ਗੱਲ ਹੋ ਗਈ? ਤਾਂ ਉਸਨੇ ਦੱਸਣਾ ਸ਼ੁਰੂ ਕੀਤਾ, ‘‘ਕੱਲ ਸਾਰਾ ਦਿਨ ਮੈਂ ਤੁਹਾਡੀ ਕਿਤਾਬ ‘ਤਰਕਬਾਣੀ’ ਪੜ੍ਹਦਾ ਰਿਹਾ। ਆਥਣੇ ਦੋ ਕੁ ਪੈੱਗ ਲਾਉਣ ਨੂੰ ਜੀ ਕਰ ਆਇਆ। ਤੁਹਾਡੀ ਕਿਤਾਬ ਤੇ ਸ਼ਰਾਬ ਸਿਰ ਨੂੰ ਚੜ੍ਹ ਗਈ। ਮੈਂ ਸਾਈਕਲ ਚੁੱਕਿਆ ਤੇ ਤਿੰਨ ਕੁ ਕਿਲੋਮੀਟਰ ਤੇ ਸਥਿਤ ਸਾਧ ਦੇ ਡੇਰੇ ਜਾ ਵੜਿਆ ਉਸਨੂੰ ਲਲਕਾਰਿਆ ਤੇ ਕਿਹਾ ਬੂਬਣਿਆ ਜੇ ਤੇਰੇ ਕੋਲ ਕੋਈ ਸ਼ਕਤੀ ਹੈ ਤਾਂ ਸੁਸਾਇਟੀ ਦਾ ਇਨਾਮ ਜਿੱਤ ਅਤੇ ਮੇਰਾ ਵਿਗਾੜ ਜੇ ਕੁਝ ਵਿਗਾੜਦਾ ਹੈ। ਬੱਸ ਫਿਰ ਕੀ ਸੀ ਉਨ੍ਹਾਂ ਮੇਰਾ ਹੁਲੀਆ ਹੀ ਵਿਗਾੜ ਦਿੱਤਾ।ਮੈਂ ਉਸਨੂੰ ਸਮਝਾਇਆ ਕਿ ਵਿਚਾਰਾਂ ਨੂੰ ਪ੍ਰਚਾਰਣ ਦਾ ਇਹ ਢੰਗ ਨਹੀਂ। ਜੇ ਤੂੰ ਲਹਿਰ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਬਕਾਇਦਾ ਮੈਂਬਰ ਬਣ ਤੇ ਇੱਕ ਡਿਸਪਲਿਨਡ ਸਿਪਾਹੀ ਦੇ ਤੌਰ ’ਤੇ ਕੰਮ ਕਰ।
ਸਮਾਂ ਆਪਣੀ ਚਾਲ ਤੁਰਦਾ ਰਿਹਾ। ਕੋਈ ਵਿਅਕਤੀ ਨਾਭੇ ਤੋਂ ਇੱਕ ਗਰੀਬ, ਦਲਿਤ, ਬਜ਼ੁਰਗ ਅਣਪੜ੍ਹ ਔਰਤ ਨੂੰ ਮੇਰੇ ਪਾਸ ਲੈ ਕੇ ਆਇਆ। ਕਹਿਣ ਲੱਗਿਆ, ‘‘ਮਿੱਤਰ ਸਾਹਿਬ ਇਸ ਬੁੱਢੀ ਮਾਈ ਨੂੰ ਬੁਰੀਆਂ ਆਤਮਾਵਾਂ ਨੇ ਬਹੁਤ ਸਤਾਇਆ ਹੋਇਆ ਹੈ ਇਸਦਾ ਕਲਿਆਣ ਕਰੋ। ਅੰਧਵਿਸ਼ਵਾਸੀ ਲੋਕ ਭੂਤਾਂ ਪ੍ਰੇਤਾਂ ਦੀ ਹੋਂਦ ਵਿੱਚ ਵਿਸ਼ਵਾਸ ਕਰਨ ਲੱਗ ਪੈਂਦੇ ਹਨ। ਸਾਨੂੰ ਪਤਾ ਹੈ ਕਿ ਇਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ ਇਹ ਸਿਰਫ਼ ਮਨ ਦਾ ਭਰਮ ਹੀ ਹੁੰਦਾ ਹੈ। ਇਸ ਲਈ ਆਪਣੀਆਂ ਦਲੀਲਾਂ ਨਾਲ ਅਸੀਂ ਅਜਿਹੇ ਲੋਕਾਂ ਦਾ ਇਹ ਵਿਸ਼ਵਾਸ ਘਟਾ ਦਿੰਦੇ ਹਾਂ ਜਾਂ ਖ਼ਤਮ ਕਰ ਦਿੰਦੇ ਹਾਂ, ਸੋ ‘‘ਮੈਂ ਆਪਣੇ ਹਿਸਾਬ ਨਾਲ ਉਸਨੂੰ ਸਮਝਾਇਆ ਤੇ ਇੱਕ ਕਿਤਾਬ ਤਰਕਬਾਣੀ ਉਸਨੂੰ ਦੇ ਦਿੱਤੀ ਤੇ ਕਿਹਾ ਕਿ ਗੁਆਂਢ ਦੇ ਕਿਸੇ ਮੁੰਡੇ ਤੋਂ ਪੜ੍ਹਵਾ ਕੇ ਸੁਣ ਲਿਆ ਕਰ।’’
ਦੋ ਕੁ ਮਹੀਨੇ ਬਾਅਦ ਗੱਡੀ ਚੜ੍ਹ ਕੇ ਉਹ ਮੇਰੇ ਕੋਲ ਆ ਗਈ ਕਹਿਣ ਲੱਗੀ ‘‘ਜਿੰਨਾ ਚਿਰ ਇਹ ਕਿਤਾਬ ਮੈਂ ਸਿਰਹਾਣੇ ਰੱਖ ਕੇ ਪੈਂਦੀ ਰਹੀ ਮੈਨੂੰ ਵਧੀਆ ਨੀਂਦ ਆਉਂਦੀ ਹੀ। ਪੰਦਰਾਂ ਕੁ ਦਿਨ ਪਹਿਲਾ ਕੋਈ ਵਿਅਕਤੀ ਇਹ ਮੈਥੋਂ ਮੰਗ ਕੇ ਲੈ ਗਿਆ ਤੇ ਉਸਨੇ ਮੋੜੀ ਹੀ ਨਹੀਂ। ਉਸ ਦਿਨ ਤੋਂ ਹੀ ਮੈਨੂੰ ਨੀਂਦ ਆਉਣੋ ਹਟ ਗਈ। ਇੱਕ ਹੋਰ ਕਿਤਾਬ ਮੈਨੂੰ ਦੇ ਦਿਓ।’’
ਉਪਰੋਕਤ ਘਟਨਾ ਤੋਂ ਕੁਝ ਸਮੇਂ ਬਾਅਦ ਬਰਨਾਲੇ ਦੇ ਨਜ਼ਦੀਕੀ ਪਿੰਡ ਖਿਆਲੀ ਤੋਂ ਇੱਕ ਵਿਅਕਤੀ ਮੇਰੇ ਕੋਲ ਆਇਆ ਕਹਿਣ ਲੱਗਿਆ, ‘‘ ਤੁਹਾਡੀਆਂ ਕਿਤਾਬਾਂ ਮੈਨੂੰ ਚਾਲੀ ਹਜ਼ਾਰ ਰੁਪਏ ਵਿੱਚ ਪੈ ਰਹੀਆਂ ਹਨ।’’ ਮੈਂ ਪੁੱਛਿਆ ਕਿਵੇਂ? ‘‘ਜਿੰਨਾਂ ਚਿਰ ਮੈਂ ਇਹ ਕਿਤਾਬਾਂ ਪੜ੍ਹਦਾ ਰਹਿੰਦਾ ਹਾਂ ਮੇਰਾ ਮਨ ਕਰੜਾ ਰਹਿੰਦਾ ਹੈ। ਜਦੋਂ ਛੱਡ ਦਿੰਦਾ ਹੈ ਤਾਂ ਡੋਲ ਜਾਂਦਾ ਹੈ। ਕੈਨੇਡਾ ਜਾਣ ਸਮੇਂ ਮੈਂ ਇਹ ਆਪਣੇ ਨਾਲ ਲੈ ਜਾਣੀਆਂ ਭੁੱਲ ਗਿਆ ਇਸ ਲਈ ਮੈਂ ਹੁਣ ਵਾਪਸ ਇਨ੍ਹਾਂ ਨੂੰ ਲੈਣ ਲਈ ਆਇਆ ਹਾਂ।’’
ਇਨ੍ਹਾਂ ਘਟਨਾਵਾਂ ਨੇ ਮੇਰੀ ਇਸ ਧਾਰਨਾ ਨੂੰ ਪੱਕਾ ਕਰ ਦਿੱਤਾ ਹੈ ਕਿ ਕਿਤਾਬਾਂ ਵਿੱਚ ਵੀ ਆਪਣਾ ਹੀ ਇੱਕ ਨਸ਼ਾ ਹੁੰਦਾ ਹੈ। ਗਿਆਨ ਪ੍ਰਾਪਤੀ ਦੀ ਇਹ ਦੌੜ ਇਸ ਨਸ਼ੇ ਤੋਂ ਬਗੈਰ ਜਿੱਤੀ ਵੀ ਨਹੀਂ ਜਾ ਸਕਦੀ।