ਜੈਪੁਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਇਸ ਸਮੇਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਚਾਲੂ ਵਿੱਤੀ ਸਾਲ ਵਿੱਚ ਆਰਥਿਕ ਵਾਧੇ ਦੀ ਦਰ 7% ਤੱਕ ਹੀ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵਿਕਾਸ ਦਰ ਆਪਣੀ ਰਫ਼ਤਾਰ ਤੇਜ਼ ਕਰ ਸਕਦੀ ਹੈ ਅਤੇ ਇਹ 9 ਤੋਂ 10% ਤੱਕ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੀ ਹੈ।
ਜੈਪੁਰ ਵਿੱਚ ਹੋ ਰਹੇ 10ਵੇਂ ਪਰਵਾਸੀ ਭਾਰਤੀ ਦਿਵਸ ਦੇ ਮੌਕੇ ਤੇ ਪ੍ਰਧਾਨਮੰਤਰੀ ਨੇ ਆਰਥਿਕ ਵਿਕਾਸ ਦਰ ਬਾਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪਰਵਾਸੀ ਭਾਰਤੀ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਅਤੇ ਬੀਮਾ ਫੰਡ ਲਿਆਉਣ ਦਾ ਵੀ ਫੈਸਲਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਨਾਲ ਪਰਵਾਸੀ ਕਰਮਚਾਰੀਆਂ ਨੂੰ ਵਾਪਿਸ ਦੇਸ਼ ਆ ਕੇ ਵੱਸਣ ਅਤੇ ਬੁਢਾਪੇ ਲਈ ਪੈਸੇ ਜਮ੍ਹਾਂ ਕਰਨ ਵਿੱਚ ਮੱਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਚਾਨਕ ਮੌਤ ਹੋ ਜਾਣ ਤੇ ਘੱਟ ਖਰਚ ਤੇ ਜੀਵਨ ਬੀਮਾ ਵੀ ਮਿਲੇਗਾ। ਤਿੰਨ ਦਿਨ ਤੱਕ ਚਲਣ ਵਾਲੇ ਇਸ ਪਰਵਾਸੀ ਸੰਮੇਲਨ ਵਿੱਚ 60 ਦੇਸ਼ਾਂ ਤੋਂ 1900 ਭਾਰਤੀ ਮੂਲ ਦੇ ਚੋਣਵੇਂ ਉਦਮੀ ਅਤੇ ਹੋਰ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀ ਭਾਗ ਲੈ ਰਹੇ ਹਨ। ਪ੍ਰਧਾਨਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀ ਪਤਨੀ ਜਾਂ ਪਤੀ ਨੂੰ ਮਾਨਤਾ ਦੇਣ ਲਈ ਕਨੂੰਨ ਵਿੱਚ ਸੋਧ ਕੀਤੀ ਗਈ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਪਤਨੀ ਜਾਂ ਪਤੀ ਨੂੰ ਭਾਰਤੀ ਕਾਰਡ ਦਿੱਤਾ ਜਾਵੇਗਾ।