ਚੰਡੀਗੜ੍ਹ- ਪੰਜਾਬ ਦੇ ਨੌਜਵਾਨਾਂ ਵਿੱਚ ਸ਼ਰੇਆਮ ਸ਼ਰਾਬ ਦੀ ਵਰਤੋਂ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਵਿਆਹ ਸ਼ਾਦੀਆਂ ਅਤੇ ਹੋਰ ਦਿਨਾਂ ਤਿਊਹਾਰਾਂ ਤੇ ਵੀ ਸ਼ਰਾਬ ਪਹਿਲਾਂ ਨਾਲੋਂ ਜਿਆਦਾ ਪਰੋਸੀ ਜਾਂਦੀ ਹੈ।
ਪੰਜਾਬ ਦੇ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਤੀਸਰਾ ਲੜਕਾ ਅਤੇ ਹਰ ਦਸਵੀਂ ਲੜਕੀ ਆਪਣੇ ਸਕੂਲ ਜੀਵਨ ਸਮੇਂ ਹੀ ਸ਼ਰਾਬ ਅਤੇ ਡਰਗਜ਼ ਦੇ ਆਦੀ ਹੋ ਜਾਂਦੇ ਹਨ। ਪਿੱਛਲੇ ਸਾਲ ਦੌਰਾਨ ਇੱਕਲੇ ਪੰਜਾਬ ਵਿੱਚ ਹੀ 29 ਕਰੋੜ ਬੋਤਲਾਂ ਸ਼ਰਾਬ ਅਤੇ ਬੀਅਰ ਦੀਆਂ ਪੀਤੀਆਂ ਗਈਆਂ ਹਨ। ਅਜੇ ਦੇਸੀ ਅਤੇ ਘਰ ਦੀ ਕੱਢੀ ਸ਼ਰਾਬ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਕਿ ਉਹ ਕਿੰਨੀ ਪੀਤੀ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਇੱਕ ਵਿਅਕਤੀ ਦੁਨੀਆਂ ਦੇ ਕਿਸੇ ਵੀ ਵਿਅਕਤੀ ਨਾਲੋਂ ਜਿਆਦਾ ਸ਼ਰਾਬ ਪੀਂਦਾ ਹੈ। ਕੀ ਇਹ ਉਹੀ ਪੰਜਾਬ ਹੈ, ਜਿੱਥੇ ਦੁੱਧ ਦੀਆਂ ਨਦੀਆਂ ਵਗਦੀਆਂ ਸਨ! ਅੱਜ ਪੰਜਾਬ ਦੀ ਜਵਾਨੀ ਨਸਿ਼ਆਂ ਵਿੱਚ ਬਰਬਾਦ ਹੋ ਰਹੀ ਹੈ।