ਨਵੀਂ ਦਿੱਲੀ- ਜਿਸ ਦੁੱਧ ਨੂੰ ਦੇਸ਼ਵਾਸੀ ਅੰਮ੍ਰਿਤ ਸਮਝ ਕੇ ਪੀ ਰਹੇ ਹਨ, ਉਹ ਕਿਤੇ ਜਹਿਰ ਤਾਂ ਨਹੀਂ। ਅਸਲ ਵਿੱਚ ਜੋ ਦੁੱਧ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ ਉਸ ਵਿੱਚ ਸਿਹਤ ਲਈ ਖਤਰਨਾਕ ਤੱਤ ਮਿਲੇ ਹੋਏ ਹਨ। ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੀ ਇੱਕ ਰਿਪੋਰਟ ਨੇ ਇਹ ਖੁਲਾਸਾ ਕੀਤਾ ਹੈ।
ਐਫ਼ਐਸਐਸਆਈਏ ਦੁਆਰਾ 33ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਰਾਜਾਂ ਵਿੱਚ ਕਰਵਾਏ ਗਏ ਸਰਵੇ ਵਿੱਚ ਝਾਰਖੰਡ, ਬਿਹਾਰ,ਉੜੀਸਾ ਛਤੀਸਗੜ੍ਹ ਅਤੇ ਪੱਛਮੀ ਬੰਗਾਲ ਵਿੱਚ ਸੌ ਫੀਸਦੀ ਦੁੱਧ ਦੇ ਨਮੂਨਿਆਂ ਵਿੱਚ ਮਿਲਾਵਟ ਪਾਈ ਗਈ ਹੈ। ਦੱਖਣੀ ਰਾਜਾਂ ਵਿੱਚ ਵੀ ਇਹ ਧੰਧਾ ਚੰਗੀ ਤਰ੍ਹਾਂ ਫੱਲ-ਫੁੱਲ ਰਿਹਾ ਹੈ। ਰਿਪੋਰਟ ਅਨੁਸਾਰ ਦੁੱਧ ਵਿੱਚ ਗੁਲੂਕੋਜਲ, ਫੈਟ,ਸਟਾਰਚ, ਐਸਐਨਐਫ਼, ਸਾਲਟ, ਵੈਜੀਟੇਬਲ ਫੇਟ, ਪਾਊਡਰ ਅਤੇ ਐਸਿਡ ਵਰਗੇ ਤੱਤ ਪਾਏ ਗਏ ਹਨ। ਪਾਣੀ ਦੀ ਮਾਤਰਾ ਵੀ ਵੱਧ ਪਾਈ ਗਈ। ਕਈਆਂ ਨਮੂਨਿਆਂ ਦੀ ਜਾਂਚ ਵਿੱਚ ਤਾਂ ਡੀਟਰਜੈਂਟ ਅਤੇ ਯੂਰੀਆ ਵਰਗੇ ਖਤਰਨਾਕ ਤੱਤ ਵੀ ਪਾਏ ਗਏ। ਸਿਰਫ਼ ਗੋਆ ਅਤੇ ਪਾਂਡੀਚਰੀ ਵਿੱਚ ਹੀ ਸਾਰੇ ਸੈਂਪਲ ਸਹੀ ਪਾਏ ਗਏ।
ਪੰਜਾਬ ਵਿੱਚ 109 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 88 ਸੇਂਪਲਾਂ ਵਿੱਚ ਮਿਲਾਵਟ ਪਾਈ ਗਈ ਅਤੇ ਇਹ ਮਿਲਾਵਟ 81% ਸੀ। ਦਿੱਲੀ ਵਿੱਚ 71 ਨਮੂਨਿਆਂ ਵਿੱਚੋਂ 50 ਵਿੱਚ ਮਿਲਾਵਟ ਪਾਈ ਗਈ ਅਤੇ ਇਹ ਮਿਲਾਵਟ 70% ਸੀ। ਗੁਜਰਾਤ ਵਿੱਚ 100 ਵਿੱਚੋਂ 89 ਨਮੂਨੇ ਮਿਲਾਵਟ ਵਾਲੇ ਸਨ ਅਤੇ ਇਸ ਮਿਲਾਵਟ ਦੀ ਮਾਤਰਾ 89% ਸੀ। ਉਤਰ ਪ੍ਰਦੇਸ਼ ਵਿੱਚ 136 ਵਿੱਚੋਂ 119 ਵਿੱਚ ਮਿਲਾਵਟ ਸੀ ਅਤੇ ਮਿਲਾਵਟ ਦੀ ਮਾਤਰਾ 88% ਸੀ ਅਤੇ ਬਾਕੀ ਸਾਰੇ ਸੂਬਿਆਂ ਵਿੱਚ ਵੀ ਜਿਆਦਾ ਮਾਤਰਾ ਵਿੱਚ ਦੁੱਧ ਵਿੱਚ ਮਿਲਾਵਟ ਪਾਈ ਗਈ।