ਵਾਸ਼ਿੰਗਟਨ- ਪਾਕਿਸਤਾਨ ਵਿੱਚ ਸੈਨਾ ਅਤੇ ਸਰਕਾਰ ਵਿੱਚਕਾਰ ਚੱਲ ਰਹੇ ਟਕਰਾਅ ਤੇ ਅਮਰੀਕਾ ਨੇ ਵੀ ਆਪਣੀ ਚਿੰਤਾ ਜਾਹਿਰ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਮੱਤਭੇਦ ਸੁਲਝਾਉਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਆਪਣੇ ਅੰਦਰੂਨੀ ਮਸਲਿਆਂ ਨੂੰ ਆਪਣੇ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹਲ ਕਰੇ।
ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਅਮਰੀਕਾ ਲੋਕਤੰਤਰ ਢੰਗ ਨਾਲ ਚੁਣੀ ਗਈ ਸਰਕਾਰ ਦੇ ਨਾਲ ਸੀ ਅਤੇ ਹੁਣ ਵੀ ਉਹ ਇਸ ਗੱਲ ਤੇ ਕਾਇਮ ਹੈ। ਪਾਕਿਸਤਾਨ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਸੈਨਾਂ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਦੀਆਂ ਖ਼ਬਰਾਂ ਦਾ ਬਾਜ਼ਾਰ ਗਰਮ ਹੈ। ਵਿਦੇਸ਼ਮੰਤਰੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਇਸ ਮੁੱਦੇ ਤੇ ਅਮਰੀਕਾ ਤੋਂ ਕੋਈ ਮੱਦਦ ਨਹੀਂ ਮੰਗੀ ਗਈ ਹੈ ਅਤੇ ਨਾਂ ਹੀ ਸੈਨਾ ਨੇ ਤਖ਼ਤਾ ਪਲਟ ਨਾਂ ਕਰਨ ਬਾਰੇ ਕੁਝ ਕਿਹਾ ਹੈ। ਪਾਕਿਸਤਾਨੀ ਸੈਨਾ ਨੇ ਪ੍ਰਧਾਨ ਮੰਤਰੀ ਗਿਲਾਨੀ ਵੱਲੋਂ ਆਈਐਸਆਈ ਅਤੇ ਸੈਨਾ ਦੀ ਅਲੋਚਨਾ ਕਰਨ ਤੇ ਗੰਭੀਰ ਪਰਿਣਾਮ ਭੁਗਤਨ ਦੀ ਚਿਤਾਵਨੀ ਦਿੱਤੀ ਹੈ। ਪੈਂਟਾਗਨ ਦੇ ਕੈਪਟਨ ਕਿਰਬੀ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਨਾਲ ਸਾਡੇ ਚੰਗੇ ਸਬੰਧ ਹਨ ਅਤੇ ਸੈਨਾ ਨਾਲ ਵੀ ਸਬੰਧਾਂ ਦੇ ਮਾਮਲੇ ਵਿੱਚ ਕੋਈ ਬਦਲਾਅ ਨਹੀਂ ਆਵੇਗਾ।