ਪਰਥ-ਇਥੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਦੀ ਹਾਲਤ ਪਹਿਲਾਂ ਖੇਡੇ ਗਏ ਦੋ ਟੈਸਟ ਮੈਚਾਂ ਨਾਲੋਂ ਵੀ ਤਰਸਯੋਗ ਹੋ ਗਈ ਹੈ। ਪਹਿਲੇ ਦਿਨ ਦਾ ਮੈਚ ਖ਼ਤਮ ਹੋਣ ਤੱਕ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਦੇ 161 ਦੌੜਾਂ ਦੇ ਮਾਮੂਲੀ ਜਿਹੇ ਸਕੋਰ ਦਾ ਪਿੱਛਾ ਕਰਦੇ ਹੋਏ, ਬਿਨਾਂ ਕੋਈ ਵਿਕਟ ਗੁਆਏ 149 ਦੌੜਾਂ ਬਣਾ ਲਈਆਂ ਹਨ।
ਪਹਿਲੇ ਦਿਨ ਦਾ ਮੈਚ ਖ਼ਤਮ ਹੋਣ ਤੱਕ ਆਸਟ੍ਰੇਲੀਆਈ ਟੀਮ ਦੇ ਓਪਨਰ ਐਡ ਕੋਵਾਨ 40 ਅਤੇ ਡੇਵਿਡ ਵਾਰਨਰ 104 ਦੌੜਾਂ ਬਣਾਕੇ ਕਰੀਸ ‘ਤੇ ਟਿਕੇ ਹੋਏ ਹਨ। ਆਪਣੀਆਂ 104 ਦੌੜਾਂ ਵਿਚ ਭਾਰਤੀ ਗੇਂਦਬਾਜ਼ਾਂ ਨੂੰ ਕੁਟਾਪਾ ਚਾੜ੍ਹਦੇ ਹੋਏ ਵਾਰਨਰ ਨੇ 3 ਛੱਕੇ ਅਤੇ 13 ਚੌਕੇ ਲਾਏ। ਆਪਣਾ ਇਹ ਸਕੋਰ ਬਨਾਉਣ ਲਈ ਉਸਨੇ ਸਿਰਫ਼ 80 ਗੇਂਦਾਂ ਖੇਡੀਆਂ।
ਇਸਤੋਂ ਪਹਿਲਾਂ ਤੀਜੇ ਟੈਸਟ ਮੈਚ ਦੌਰਾਨ ਆਸਟ੍ਰੇਲੀਆਈ ਕਪਤਾਨ ਨੇ ਟਾਸ ਜਿੱਤਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਭਾਰਤੀ ਟੀਮ ਤਾਸ਼ ਦੇ ਪੱਤਿਆਂ ਵਾਂਗ ਵੇਖਦੇ ਹੀ ਵੇਖਦੇ ਖਿਲਰ ਗਈ। ਟੀਮ ਦੇ ਸਾਰੇ ਹੀ ਖਿਡਾਰੀ ਅਰਧ ਸੈਂਕੜੇ ਤੱਕ ਵੀ ਨਾ ਪਹੁੰਚ ਸਕੇ। ਇਸ ਦੌਰਾਨ ਭਾਰਤੀ ਟੀਮ 161 ਦੌੜਾਂ ਬਣਾਕੇ ਆਲ ਆਊਟ ਹੋ ਗਈ। ਟੀਮ ਵਲੋਂ ਵਿਰਾਟ ਕੋਹਲੀ ਨੇ 44, ਗੌਤਮ ਗੰਭੀਰ ਤੇ ਵੀਵੀਐਸ ਲਛਮਣ ਨੇ 31 ਦੌੜਾਂ ਬਣਾਈਆਂ।
ਆਸਟ੍ਰੇਲੀਆਈ ਟੀਮ ਵਲੋਂ ਬੇਨ ਹਿਲਫਿਨਹਾਸ ਨੇ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਪੀਟਰ ਸਿਡਲ ਨੇ 42 ਦੌੜਾਂ ਦੇਕੇ 3 ਅਤੇ ਮਿਸ਼ੇਲ ਸਟਾਰਕ ਨੇ 2 ਅਤਟ ਰਿਆਨ ਹੈਰਿਸ ਦੇ ਹਿੱਸੇ 1 ਵਿਕਟ ਆਈ।
ਇਸ ਦੌਰਾਨ ਆਸਟ੍ਰੇਲੀਆਈ ਖਿਡਾਰੀਆਂ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਵਿਚ ਹੀ ਭਾਰਤੀ ਟੀਮ ਦੀ ਬੁਰੀ ਦੁਰਦਸ਼ਾ ਕੀਤੀ। ਖੇਡ ਵੇਖਦੇ ਹੋਏ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਸੀਨੀਅਰ ਟੀਮ ਗਲੀ ਦੇ ਛੋਟੇ ਬੱਚਿਆਂ ਨਾਲ ਖੇਡ ਰਹੀ ਹੋਵੇ। ਜੇਕਰ ਦੂਜੇ ਦਿਨ ਭਾਰਤੀ ਗੇਂਦਬਾਜ਼ ਸਹੀ ਗੇਂਦਬਾਜ਼ੀ ਨਹੀਂ ਕਰਦੇ ਤਾਂ ਉਨ੍ਹਾਂ ਦੀ ਹਾਲਤ ਪਹਿਲੇ ਦੋ ਟੈਸਟ ਮੈਚਾਂ ਨਾਲੋਂ ਵੀ ਮਾੜੀ ਹੁੰਦੀ ਦਿਸ ਰਹੀ ਹੈ।