ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ
ਏਹ ਤੁਕ ਆਸਾ ਦੀ ਵਾਰ ਬਾਣੀ ਵਿਚ 21ਵੀਂ ਅਸਟਪਦੀਆਂ ਦੀ ਪਉੜੀ ਵਿਚ ਦਰਜ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕੀ ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ) ।
ਕਿੰਤੁ ਅਸੀਂ ਇਕ ਸੰਸਾਰਿਕ ਜੀਵ ਹਾਂ ਅਤੇ ਤਕਰੀਬਨ ਆਪਣੀ ਮੱਤ ਦਾ ਹੀ ਇਸਤੇਮਾਲ ਕਰਦੇ ਹਾਂ, ਇਸ ਕਰਕੇ ਹਮੇਸ਼ਾਂ ਦੁਖ ਭੋਗਣੇ ਪੈਂਦੇ ਹਨ। ਮਾੜੀ ਕਮਾਈ ਤੋਂ ਭਾਵ ਇਹ ਨਹੀਂ ਕੀ ਸਿਰਫ ਧੰਨ ਕਮਾਉਣ ਵਾਸਤੇ ਕੋਈ ਗਲਤ ਕੰਮ ਕਰਨਾ ਯਾ ਸਿਰਫ ਝੂਠ ਬੋਲ ਕੇ ਪੈਸਾ ਕਮਾਉਣਾ, ਅਰਥਾਤ ਅਸੀਂ ਕਮਾਈ ਕਰਨ ਨੂੰ ਸਿਰਫ ਵਪਾਰ ਕਰਨਾ ਯਾ ਧੰਨ ਕਮਾਉਣ ਨਾਲ ਨਹੀਂ ਜੋੜ ਸਕਦੇ।
ਕਮਾਈ ਕਰਨ ਵਿਚ ਹੋਰ ਅਨੇਕ ਤਰ੍ਹਾਂ ਦੇ ਮਾੜੇ ਜਾਂ ਚੰਗੇ ਕਰਮ ਹੋ ਸਕਦੇ ਹਨ। ਮਾੜੇ ਕਰਮ ਕਰਨ ਨਾਲ ਦੁੱਖ ਮਿਲਦੇ ਹਨ ਚੰਗੇ ਕਰਮ ਕਰਨ ਨਾਲ ਸੁੱਖ ਮਿਲਦੇ ਹਨ। ਮਾੜੇ ਕਰਮਾਂ ਵਿਚ ਝੂਠ ਬੋਲਣਾ, ਧੋਖਾ ਦੇਣਾ, ਨਿੰਦਾ ਕਰਨੀ, ਲੋਕਾਂ ਦੇ ਗ੍ਰਹਿ ਵਿਖੇ ਕਲੇਸ਼ ਪਾਉਣੇ, ਇਰਖਾ ਕਰਨੀ ਅਤੇ ਆਪਣਾ ਜੀਵਨ ਨਾਸ਼ੁਕਰੇ ਜਾਂ ਅਕਿਰਤਘਣ ਹੋ ਕੇ ਗੁਜ਼ਾਰਨਾ ਹੁੰਦਾ ਹੈ।
ਚੰਗੇ ਕਰਮਾਂ ਵਿਚ ਸਚ ਬੋਲਣਾ ਅਤੇ ਸਚ ਦਾ ਵਾਪਾਰ ਕਰਨਾ, ਸਭਨਾਂ ਨਾਲ ਜੀਵਨ ਵਿਚ ਪ੍ਰੇਮ ਭਾਵਨਾ ਬਣਾ ਕੇ ਰਖਣੀ, ਸਰਬਤ ਦਾ ਭਲਾ ਮੰਗਣਾ ਅਤੇ ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਹੁੰਦਾ ਹੈ। ਵਿਚਾਰਨ ਦੀ ਗੱਲ ਤਾਂ ਇਹ ਹੈ ਕੀ ਜਦ ਅਸੀ ਇਸ ਗੱਲ ਨੂੰ ਸਮਝਦੇ ਹਾਂ ਕੀ ਅੱਗ ਵਿਚ ਹੱਥ ਪਾਉਣ ਨਾਲ ਹੱਥ ਸੜੇਗਾ ਜਾਂ ਖਾਣ ਪੀਣ ਵਿਚ ਅਣਗਹਿਲੀ ਕਰਨ ਨਾਲ ਸਰੀਰ ਨੂੰ ਰੋਗ ਲਗ ਸਕਦੇ ਹਨ, ਟੋਏ ਵਿਚ ਛਾਲ ਮਾਰਨ ਨਾਲ ਸੱਟ ਵਜੇਗੀ ਯਾ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਨ ਨਾਲ ਉਸਦਾ ਫਲ ਗਲਤ ਭੁਗਤਨਾ ਪਵੇਗਾ ਫਿਰ ਅਸੀਂ ਏਹੋ ਜਿਹੀ ਗਲਤੀ ਕਰਦੇ ਹੀ ਕਿੳਂ ਹਾਂ?
ਛੋਟਾ ਜਿਹਾ ਉਦਾਹਰਨ ਹੈ ਕੀ ਜੇਕਰ ਕਿਸਾਨ ਜ਼ਮੀਨ ਅੰਦਰ ਕਣਕ ਬੀਜਦਾ ਹੈ, ਕੋਈ ਦਾਲ ਬੀਜਦਾ ਹੈ ਜਾਂ ਕੋਈ ਵੀ ਸਬਜ਼ੀ ਉਗਾਉਂਦਾ ਹੈ ਤਾਂ ਉਸਨੂੰ ਉਹੀ ਫਸਲ ਪ੍ਰਾਪਤ ਹੋਵੇਗੀ ਜੋ ਉਸਨੇ ਬੀਜ ਬੀਜਿਆ ਹੈ।
ਇਸੇ ਤਰ੍ਹਾਂ ਅਸੀ ਜਿਸ ਤਰ੍ਹਾਂ ਦਾ ਕਰਮ ਕਰਾਂਗੇ ਉਹੋ ਜਿਹਾ ਫਲ ਸਾਨੂੰ ਪ੍ਰਾਪਤ ਹੋਵੇਗਾ। ਜੇਕਰ ਅਸੀਂ ਝੂਠ ਬੋਲਕੇ, ਕਿਸੇ ਨੂੰ ਧੋਖਾ ਦੇ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਮਾੜਾ ਕਰਮ ਕਰਕੇ ਵਪਾਰ ਕਰਦੇ ਹਾਂ ਤਾਂ ਅਸੀਂ ਆਸ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਦਾ ਕਮਾਇਆ ਧੰਨ ਅਸਾਨੂੰ ਜੀਵਨ ਵਿਚ ਸੁਖ ਹੀ ਦੇਵੇਗਾ।
ਦੂਜੇ ਅਗਰ ਅਸੀਂ ਆਪਣੇ ਜੀਵਨ ਵਿਚ ਨਿੰਦਾ ਬੀਜਦੇ ਹਾਂ ਤੇ ਜਿਸ ਦੀ ਨਿੰਦਾ ਕੀਤੀ ਗਈ ਹੈ ਉਸਦੇ ਜੀਵਨ ਵਿਚ ਤਾਂ ਕੋਈ ਫਰਕ ਨਹੀਂ ਪਵੇਗਾ ਉਲਟਾ ਸਾਡੇ ਮਨ ਅਤੇ ਜੀਵਨ ਵਿਚ ਮਲੀਨਤਾ ਜ਼ਰੂਰ ਆਵੇਗੀ
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥
ਪਰ ਨਿੰਦਾ ਬਹੁ ਕੂੜੁ ਕਮਾਵੈ ॥
ਇਥੇ ਸਵਾਲ ਉਠਦਾ ਹੈ ਕਿ ਅਸੀ ਕਿਸੇ ਦੂਸਰੇ ਦੀ ਨਿੰਦਾ ਕਰਦੇ ਹੀ ਕਿਉਂ ਹਾਂ? ਇਸ ਦਾ ਤਾਂ ਏਹੀ ਕਾਰਨ ਹੋ ਸਕਦਾ ਹੈ ਕੀ ਜਿਸ ਦੀ ਨਿੰਦਾ ਕੀਤੀ ਜਾ ਰਹੀ ਹੈ, ਅਸੀਂ ਉਸ ਮਨੁੱਖ ਨਾਲ ਕਿਸੇ ਵੀ ਕਾਰਨ ਕਰਕੇ ਇਰਖਾ ਕਰਦੇ ਹਾਂ ਜਾਂ ਉਸ ਮਨੁੱਖ ਦੀ ਕਾਮਯਾਬੀ ਸਾਡੇ ਤੋਂ ਜ਼ਿਆਦਾ ਹੈ। ਪਰਾਈ ਨਿੰਦਾ ਕਰ ਕੇ ਸਾਨੁੰ ਸਿਵਾਏ ਚਿੰਤਾ ਅਤੇ ਦੁਖ ਦੇ ਕੁਝ ਪ੍ਰਾਪਤ ਨਹੀਂ ਹੁੰਦਾ।
ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥
ਜੇਕਰ ਅਸੀਂ ਇਸ ਗੱਲ ਨੂੰ ਸਮਝਕੇ ਆਪਣੇ ਅੰਦਰ ਵਿਚਾਰ ਲਈਏ ਕਿ ਪਰ ਨਿੰਦਾ ਕਰਨ ਨਾਲ ਆਪਣੇ ਜੀਵਨ ਵਿਚ ਸਿਵਾਏ ਚਿੰਤਾ ਦੁਖ ਅਤੇ ਮਲੀਨਤਾ ਦੇ ਕੁਝ ਪ੍ਰਾਪਤ ਨਹੀ ਹੋਣਾ ਤਾਂ ਸਾਨੂੰ ਆਪਣੇ ਆਪ ਨੂੰ ਇਸ ਤੋਂ ਦੂਰ ਕਰ ਲੈਣਾ ਚਾਹੀਦਾ ਹੈ।
ਛੋਡਹੁ ਨਿੰਦਾ ਤਾਤਿ ਪਰਾਈ ॥
ਤੀਜਾ ਮਾੜਾ ਕਰਮ ਜਾਂ ਕਮਾਈ ਜਿਸ ਦਾ ਮਾੜਾ ਫਲ ਸਾਨੂੰ ਬੁਰਾ ਭੋਗਣਾ ਪੈ ਸਕਦਾ ਹੈ ਉਹ ਹੈ ਕਿਸੇ ਨਾਲ ਕਪਟ ਕਰਨਾ ਜਾਂ ਕਿਸੇ ਦੇ ਗ੍ਰਹਿ ਵਿਖੇ ਕਲੇਸ਼ ਪਾਉਣਾ। ਦੂਜੇ ਦੇ ਗ੍ਰਹਿ ਵਿਖੇ ਕਲੇਸ਼ ਪਾਉਣ ਤੋਂ ਭਾਵ ਹੈ ਕਿ ਘਰ ਦੇ ਹਰ ਪ੍ਰਾਣੀ ਨੂੰ ਆਪਸ ਵਿਚ ਪਾੜ ਕੇ ਰਖਣਾ। ਇਕ ਨੂੰ ਕੁਝ ਹੋਰ ਕਹਿਣਾ ਦੂਜੇ ਨੂੰ ਕੁਝ ਹੋਰ ਅਰਥਾਤ ਕਿਸੇ ਦੂਜੇ ਦੇ ਘਰ ਆਪਣੀ ਇਰਖਾ ਕਰਕੇ ਅਸ਼ਾਂਤੀ ਫੈਲਾ ਕੇ ਰਖਣੀ।
ਜਿਸ ਵੇਲੇ ਕੋਈ ਇਨਸਾਨ ਏਹੋ ਜਿਹਾ ਕਰਮ ਕਰਦਾ ਹੈ, ਉਸ ਵੇਲੇ ਤਾਂ ਉਸਨੂੰ ਬੜਾ ਆਨੰਦ ਮਿਲਦਾ ਹੈ ਲੇਕਨ ਬਾਦ ਵਿਚ ਉਸਨੂੰ ਇਸਦਾ ਬੜਾ ਮਾੜਾ ਫਲ ਭੁਗਤਨਾ ਪੈ ਸਕਦਾ ਹੈ। ਹੋ ਸਕਦਾ ਹੈ ਉਸ ਨੂੰ ਪਰਮਾਤਮਾ ਅਜਿਹੀ ਸਜ਼ਾ ਦੇਵੇ ਕੀ ਆਉਣ ਵਾਲੇ ਸਮੇਂ ਵਿਚ ਕਈ ਸਾਲ ਤਕ ਘਰ ਰਹਿ ਕੇ ਬਿਮਾਰੀ ਭੋਗਣੀ ਪਵੇ, ਨਾ ਕਿਤੇ ਜਾ ਸਕੇ, ਨਾ ਕਿਤੇ ਆ ਸਕੇ ਨਾ ਕਿਸੇ ਨੂੰ ਸ਼ਕਲ ਵਿਖਾਉਣ ਜੋਗਾ ਹੋਵੇ ਹਰ ਕੋਈ ਉਸ ਤੋਂ ਦੂਰ ਰਹਣਾ ਪਸੰਦ ਕਰੇ। ਉਸ ਵੇਲੇ ਮਨ ਵਿਚ ਏਹ ਵਿਚਾਰ ਉਠਦੇ ਹਨ ਕੀ ਕਾਸ਼ ਮੈਂ ਇਹੋ ਜਿਹੇ ਕਰਮ ਨਾ ਕੀਤੇ ਹੁੰਦੇ ਤਾਂ ਇਹ ਦੁਖ ਨਾ ਭੋਗਣੇ ਪੈਂਦੇ ਲੇਕਨ ਉਦੋਂ ਤਕ ਬਹੁਤ ਦੇਰ ਹੋ ਚੁਕੀ ਹੁੰਦੀ ਹੈ।
ਮਨ ਮੇਰੇ ਭੂਲੇ ਕਪਟੁ ਨ ਕੀਜੈ ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥
ਇਕ ਹੋਰ ਕਮਾਈ ਜਿਸ ਕਰਕੇ ਮਾੜਾ ਫਲ ਭੋਗਣਾ ਪੈ ਸਕਦਾ ਹੈ ਉਹ ਹੈ ਅਕਿਰਤਘਣ ਹੋ ਕੇ ਜੀਵਣਾ।
ਪਹਿਲਾਂ ਤਾਂ ਇਹ ਜਾਣੀਏ ਕਿ ਅਕਿਰਤਘਣ ਕੋਣ ਹੈ?
ਜਿਹੜਾ ਵਿਅਕਤੀ ਕਿਸੇ ਦੂਸਰੇ ਵੱਲੋਂ ਕੀਤੇ ਅਹਿਸਾਨ ਨੂੰ ਭੁੱਲ ਜਾਂਦਾ ਹੈ ਉਸ ਨੂੰ ਅਕਿਰਤਘਣ ਆਖਦੇ ਹਨ। ਅਸੀਂ ਇਸ ਬਾਰੇ ਇਕ ਛੋਟਾ ਅਤੇ ਸਾਧਾਰਨ ਜਿਹਾ ਉਦਾਹਰਨ ਇਸ ਤਰ੍ਹਾਂ ਵੀ ਦੇ ਸਕਦੇ ਹਾਂ ਕਿ ਇਕ ਵਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਪੜ੍ਹਾਇਆ ਲਿਖਾਇਆ, ਕੰਮ ਕਾਜ ‘ਤੇ ਲਗਵਾਇਆ, ਸ਼ਾਦੀ ਕਰਵਾਈ, ਘਰ ਬਣਾ ਕੇ ਦਿੱਤਾ ਫਿਰ ਉਹੀ ਛੋਟਾ ਭਰਾ ਧੋਖਾ ਦੇਵੇ ਤਾਂ ਉਸ ਛੋਟੇ ਭਰਾ ਨੂੰ ਅਕਿਰਤਘਣ ਆਖ ਸਕਦੇ ਹਾਂ।
ਇਕ ਦੋਸਤ ਨੇ ਦੂਜੇ ਦੋਸਤ ਨੂੰ ਧੋਖਾ ਦਿਤਾ ਹੋਵੇ ਜਾਂ ਇਕ ਨੌਕਰ ਨੇ ਆਪਣੇ ਮਾਲਕ ਨੂੰ ਧੋਖਾ ਦਿਤਾ ਹੋਵੇ ਤਾਂ ਉਸ ਨੂੰ ਅਕਿਰਤਘਣ ਕਿਹਾ ਜਾ ਸਕਦਾ ਹੈ। ਇਹ ਤਾਂ ਸਿਰਫ ਇਕ ਸੰਸਾਰਕ ਉਦਾਹਰਣ ਹੀ ਹੈ, ਅੱਜ ਤਾਂ ਅਸੀਂ ਪਰਮਾਤਮਾ ਦੇ ਅਗੇ ਵੀ ਅਕਿਰਤਘਣ ਵਾਲਾ ਜੀਵਨ ਜੀ ਰਹੇ ਹਾਂ।
ਪਰਮਾਤਮਾ ਨੇ ਸਾਨੂੰ ਨੂੰ ਸੋਹਣਾ ਸਰੀਰ ਦਿੱਤਾ, ਖਾਣ ਵਾਸਤੇ ਸੋਹਣੇ ਪਦਾਰਥ ਦਿੱਤੇ, ਪਹਿਨਣ ਵਾਸਤੇ ਸੋਹਣੇ ਕਪੜੇ ਦਿੱਤੇ ਰਹਿਣ ਵਾਸਤੇ ਮਕਾਨ ਦਿੱਤੇ ਹਨ। ਇਤਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਉਸ ਪਰਮਾਤਮਾ ਦੇ ਪ੍ਰਤੀ ਨਾਸ਼ੁਕਰੇ ਹੀ ਰਹਿੰਦੇ ਹਾਂ ਕਿਉਂ?
ਜੇਕਰ ਸਾਨੂੰ ਜੀਵਨ ਵਿਚ ਕੋਈ ਦੁਖ ਆ ਵੀ ਜਾਂਦਾ ਹੈ ਤਾਂ ਅਸੀਂ ਉਸ ਵਿਚ ਆਪਣੀ ਗਲਤੀ ਨਾ ਵੇਖ ਕੇ ਸਿੱਧੇ ਪਰਮਾਤਮਾ ਤੇ ਦੋਸ਼ ਲਾ ਦੇਂਦੇ ਹਾਂ ਕੀ ਰੱਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਜੇਕਰ ਅਸੀਂ ਪਰਮਾਤਮਾ ‘ਤੇ ਦੋਸ਼ ਲਾਉਣ ਦੀ ਬਜਾਏ ਆਪਣੇ ਕਰਮਾਂ ਵੱਲ ਝਾਤੀ ਮਾਰੀਏ, ਕਿ ਜੋ ਦੁਖ ਜਾਂ ਤਕਲੀਫ ਸਾਡੇ ਤੇ ਬਣੀ ਹੈ ਉਸ ਵਿਚ ਸਾਡਾ ਆਪਣਾ ਤੇ ਕੋਈ ਦੋਸ਼ ਨਹੀਂ?
ਪਰਮਾਤਮਾ ਨੇ ਇਨਸਾਨ ਦਾ ਪੰਚਭੂਤਕ ਸਰੀਰ ਬਣਾਇਆ ਅਤੇ ਉਸ ਸਰੀਰ ਵਿਚ ਆਪਣਾ ਪ੍ਰਕਾਸ਼ ਕੀਤਾ ਅਤੇ ਮਾਤਾ ਦੇ ਗਰਭ ਰਾਹੀਂ ਇਸ ਸੰਸਾਰ ਵਿਚ ਜਨਮ ਦਿਤਾ।
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ਸਵਾਲ ਇਹ ਹੈ ਕਿ ਜਿਹੜੇ ਕਰਮ ਕਰਨ ਵਾਸਤੇ ਇਸ ਸੰਸਾਰ ਵਿਚ ਜਨਮ ਮਿਲਿਆ ਸੀ ਉਹ ਕਰਮ ਕੀਤੇ ਨਹੀਂ ਅਤੇ ਦੁਖ ਭੋਗਣੇ ਪੈ ਗਏ।
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਸਾਨੂੰ ਇਸ ਸਰੀਰ ਵਿਚ ਇਕ ਰਸਨਾ ਮਿਲੀ ਜਿਸ ਕਰਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕੇ। ਲ਼ੇਕਨ ਇਸ ਰਸਨਾ ਦਾ ਇਸਤੇਮਾਲ ਪਰਮਾਤਮਾ ਦਾ ਨਾਮ ਘਟ ਅਤੇ ਸੰਸਾਰਿਕ ਰਸ ਮਾਨਣ ਅਤੇ ਫਿੱਕਾ ਬੋਲਣ ਵਿਚ ਜ਼ਿਆਦਾ ਕੀਤਾ ਜਾਂਦਾ ਹੈ ਜਿਸ ਕਰਕੇ ਮਾੜੇ ਕਰਮ ਭੁਗਤਨੇ ਪੈਂਦੇ ਹਨ।
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਇਸ ਸਰੀਰ ਵਿਚ ਉਸ ਪਰਮਾਤਮਾ ਨੇ ਦੋ ਕੰਨ ਬਖਸ਼ੇ ਤਾਂਕਿ ਇਨ੍ਹਾਂ ਕੰਨਾਂ ਰਾਹੀਂ ਉਸ ਪਰਮਾਤਮਾ ਦਾ ਨਾਮ ਸੁਣ ਸਕੀਏ। ਲੇਕਨ ਸਾਨੂੰ ਪਰਮਾਤਮਾ ਦਾ ਨਾਮ ਸੁਣਨ ਦੀ ਬਜਾਏ ਨਿੰਦਿਆ ਸੁਣਨ ਵਿਚ ਬੜਾ ਆਨੰਦ ਮਿਲਦਾ ਹੈ।
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਨੇਤ੍ਰ ਬਖਸ਼ੇ ਪਰਮਾਤਮਾ ਦੇ ਦਰਸ਼ਨ ਵਾਸਤੇ, ਦੋ ਹੱਥ ਬਖਸ਼ੇ ਸੇਵਾ ਕਰਨ ਵਾਸਤੇ ਅਤੇ ਦੋ ਪੈਰ ਬਖਸ਼ੇ ਚੰਗੇ ਮਾਰਗ ਤੇ ਚੱਲਣ ਵਾਸਤੇ ਲੇਕਿਨ ਅਗਰ ਅਸੀਂ ਇਨ੍ਹਾਂ ਨੇਮਤਾਂ ਦਾ ਚੰਗਾ ਇਸਤੇਮਾਲ ਕਰਨ ਦੀ ਬਜ਼ਾਏ ਗਲਤ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਮਾੜਾ ਫਲ ਭੋਗਣਾ ਪੈ ਸਕਦਾ ਹੈ।
ਪਰਮਾਤਮਾ ਨੇ ਸਾਨੂੰ ਇਤਨਾ ਕੁਝ ਦਿੱਤਾ ਅਤੇ ਸਾਡੇ ਕੋਲੋਂ ਇਸਦੇ ਬਦਲੇ ਕੁਝ ਨਹੀਂ ਮੰਗਦਾ ਫਿਰ ਵੀ ਅਸੀਂ ਉਸਦਾ ਸ਼ੁਕਰ ਨਾ ਕਰਕੇ ਆਪਣੀ ਮੱਤ ਦਾ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਪਰਮਾਤਮਾ ਦੇ ਪ੍ਰਤੀ ਅਕਿਰਤਘਨ ਵਾਲਾ ਜੀਵਨ ਹੀ ਜੀ ਰਹੇ ਹਾਂ। ਜੇਕਰ ਅਸੀਂ ਜਿਤਨੇ ਵੀ ਅਵਗੁਣ ਹਨ ਇਹ ਸਮਝ ਲਈਏ ਕੀ ਇਹ ਅਵਗੁਣ ਸਾਡੇ ਅੰਦਰ ਹਨ।
ਮੈ ਜੇਹਾ ਨ ਅਕਿਰਤਿਘਣੁ ਹੈ ਭਿ ਨ ਹੋਆ ਹੋਵਣਿਹਾਰਾ॥
ਮੈ ਜੇਹਾ ਨ ਹਰਾਮਖੋਰੁ ਹੋਰੁ ਨ ਕੋਈ ਅਵਗੁਣਿਆਰਾ॥
ਮੈ ਜੇਹਾ ਨਿੰਦਕੁ ਨ ਕੋਇ ਗੁਰੁ ਨਿੰਦਾ ਸਿਰਿ ਬਜਰੁ ਭਾਰਾ॥
ਮੈ ਜੇਹਾ ਬੇਮੁਖੁ ਨ ਕੋਇ ਸਤਿਗੁਰ ਤੇ ਬੇਮੁਖ ਹਤਿਆਰਾ॥
ਮੈ ਜੇਹਾ ਕੋ ਦੁਸਟ ਨਾਹਿ ਨਿਰਵੈਰੈ ਸਿਉ ਵੈਰ ਵਿਕਾਰਾ॥
ਮੈ ਜੇਹਾ ਨ ਵਿਸਾਹੁ ਧ੍ਰੋਹੁ ਸਗਲ ਸਮਾਧੀ ਮੀਨ ਅਹਾਰਾ॥
ਬਜਰੁ ਲੇਪੁ ਨ ਉਤਰੈ ਪਿੰਡੁ ਅਪਰਚੇ ਅਉਚਰਿ ਚਾਰਾ॥
ਮੈ ਜੇਹਾ ਨ ਦੁਬਾਜਰਾ ਤਜਿ ਗੁਰਮਤਿ ਦੁਰਮਤਿ ਹਿਤਕਾਰਾ॥
ਨਾਉ ਮੁਰੀਦ ਨ ਸਬਦਿ ਵੀਚਾਰਾ ॥29॥
ਇਨ੍ਹਾਂ ਅਵਗੁਣਾਂ ਦੀ ਹੋਂਦ ਨੂੰ ਆਪਣੇ ਅੰਦਰ ਮੰਨਦਿਆਂ ਜੇਕਰ ਅਸੀਂ ਪਰਮਾਤਮਾ ਅਗੇ ਇਨ੍ਹਾਂ ਤੋਂ ਛੁਟਕਾਰੇ ਦੀ ਅਰਦਾਸ ਕਰਦਿਆਂ ਜੋ ਵਿਚਾਰ ਅਸੀਂ ਆਰੰਭ ਤੋਂ ਲੈ ਕੇ ਚੱਲੇ ਸਾਂ ਕਿ ਆਪਣੇ ਕਰਮਾਂ ਦਾ ਫਲ ਅਸੀਂ ਆਪ ਹੀ ਭੋਗਣਾ ਹੈ। ਇਨ੍ਹਾਂ ਮਾੜੇ ਕਰਮਾਂ ਨੂੰ ਤਿਆਗ ਕੇ ਪਰਮਾਤਮਾ ਨਾਲ ਜੁੜ ਕੇ ਜੀਵਨ ਵਿਚ ਸੁਖ ਪਰਾਪਤ ਕਰੀਏ ਅਤੇ ਆਪਣੇ ਜੀਵਨ ਵਿਚ ਲਾਭ ਪਰਾਪਤ ਕਰੀਏ।
ਪਉੜੀ ॥
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥21॥