ਪਟਿਆਲਾ- ਵਿਦੇਸ਼ ਰਾਜਮੰਤਰੀ ਅਤੇ ਮਹਾਰਾਣੀ ਪਰਨੀਤ ਕੌਰ ਨੇ ਸਮਾਣਾ ਅਤੇ ਪਟਿਆਲਾ ਦੇ ਹਲਕਿਆਂ ਵਿੱਚ ਆਪਣੇ ਪੁੱਤਰ ਰਣਇੰਦਰ ਸਿੰਘ ਅਤੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਚੋਣ ਪਰਚਾਰ ਕਰਨ ਸਮੇਂ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਇਸ ਸਮੇਂ ਬਿਹਾਰ ਤੋਂ ਵੀ ਪਿੱਛੜ ਗਿਆ ਹੈ। ਹਰ ਘਰ ਨੂੰ ਯੋਗ ਬਜਟ ਦੀ ਲੋੜ ਹੁੰਦੀ ਹੈ। ਦੇਸ਼ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਪੰਜਾਬ ਦੀ ਹਾਲਤ ਇਸ ਸਮੇਂ ਖਸਤਾ ਹੋ ਗਈ ਹੈ।
ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਾਡੀ ਕੋਸਿ਼ਸ਼ ਇਹ ਹੋਵੇਗੀ ਕਿ ਸੱਭ ਤੋਂ ਪਹਿਲਾਂ ਆਰਥਿਕ ਵਿਕਾਸ ਨੂੰ ਪਹਿਲਾਂ ਵਾਲੀ ਜਗ੍ਹਾ ਤੇ ਲਿਆਂਦਾ ਜਾਵੇ। ਰਾਜ ਵਿੱਚ ਸਿਹਤ ਸਬੰਧੀ ਸਹੂਲਤਾਂ ਨੂੰ ਵੀ ਹੋਰ ਬੇਹਤਰ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਲਈ ਕੇਂਦਰ ਵੱਲੋਂ ਧੰਨਰਾਸ਼ੀ ਦਿੱਤੇ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਉਸ ਦੀ ਸਹੀ ਵਰਤੋਂ ਨਹੀਂ ਕੀਤੀ। ਰਾਜ ਦੇ ਹਸਪਤਾਲਾਂ ਵਿੱਚ ਸਿਹਤ ਸਬੰਧੀ ਸਹੂਲਤਾਂ ਨਾਂਕਾਫ਼ੀ ਹਨ, ਪਰ ਅਕਾਲੀ-ਭਾਜਪਾ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਹੈ। ਪਰਨੀਤ ਕੌਰ ਨੇ ਸਮਾਣਾ ਅਤੇ ਪਟਿਆਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਉਮੀਦਵਾਰਾਂ ਨੂੰ ਜਿੱਤਾ ਕੇ ਰਾਜ ਨੂੰ ਵਿਕਾਸ ਦੇ ਰਸਤੇ ਤੇ ਲਿਆਉਣ ਲਈ ਮੱਦਦ ਕਰਨ।