ਪਰਥ- ਇਥੇ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਵੀ ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਅਗੇ ਗੋਡੇ ਟੇਕਦੇ ਹੋਏ ਢਾਈ ਦਿਨਾਂ ਵਿਚ ਹੀ ਹਾਰ ਮੰਨ ਲਈ। ਆਸਟ੍ਰੇਲੀਆ ਦੀ ਟੀਮ ਤੀਜਾ ਟੈਸਟ ਮੈਚ ਇੰਨਿੰਗ ਅਤੇ 37 ਦੌੜਾਂ ਦੇ ਵੱਡੇ ਫ਼ਰਕ ਨਾਲ ਭਾਰਤੀ ਟੀਮ ਤੋਂ ਖੋਹਕੇ 3-0 ਨਾਲ ਅੱਗੇ ਹੋ ਗਈ ਹੈ। ਇਸ ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਨ ਕਰਕੇ ਡੇਵਿਡ ਵਾਰਨਰ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ।
ਇਸ ਪੂਰੇ ਟੈਸਟ ਮੈਚ ਦੌਰਾਨ ਵਿਰਾਟ ਕੋਹਲੀ ਨੇ ਪਹਿਲੀ ਇੰਨਿੰਗ ਵਿਚ 44 ਦੌੜਾਂ ਬਣਾਈਆਂ ਅਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੂਜੀ ਇਨਿੰਗ ਵਿਚ 75 ਦੌੜਾਂ ਬਣਾਈਆਂ। ਇਸਤੋਂ ਬਿਨਾਂ ਰਾਹੁਲ ਦ੍ਰਵਿੜ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਹੋਇਆਂ 47 ਦੌੜਾਂ ਦਾ ਯੋਗਦਾਨ ਪਾਇਆ। ਬਾਕੀ ਸਾਰੇ ਬੱਲੇਬਾਜ਼ ਗਲਤੀਆਂ ਭਰਪੂਰ ਪਾਰੀ ਖੇਡਦੇ ਹੋਏ ਆਊਟ ਹੁੰਦੇ ਗਏ।
ਆਸਟ੍ਰੇਲੀਆ ਦੀ ਟੀਮ ਵਲੋਂ ਹਿਲਫੇਨਹਾਸ ਨੇ 4, ਸਿਡਲ ਨੇ 3, ਸਟਾਰਕ ਨੇ 2 ਵਿਕਟਾਂ ਲਈਆਂ ਅਤੇ ਹੈਰਿਸ ਦੇ ਹਿੱਸੇ ਇਕ ਵਿਕਟ ਆਈ।
ਭਾਰਤੀ ਟੀਮ ਦੇ ਖਿਡਾਰੀਆਂ ਨੂੰ ਆਪਣਾ ਮਨੋਬਲ ਉੱਚਾ ਚੁੱਕਣ ਦੀ ਖਾਤਰ ਗੋ ਕਾਰਟਿੰਗ ਜਾਣ ਲਈ ਹੁਣ ਦੋ ਦਿਨਾਂ ਦਾ ਮੌਕਾ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਸਿਡਨੀ ਟੈਸਟ ਹਾਰਨ ਤੋਂ ਬਾਅਦ ਪ੍ਰੈਕਟਿਸ ਛੱਡ ਕੇ ਗੋ ਕਾਰਟਿੰਗ ਜਾਣ ਨੂੰ ਪਹਿਲ ਦਿੱਤੀ ਸੀ। ਹੁਣ ਵੇਖਣਾ ਇਹ ਹੈ ਕਿ ਚੌਥੇ ਟੈਸਟ ਵਿਚ ਭਾਰਤੀ ਟੀਮ ਕਿਸ ਮਨੋਬਲ ਨਾਲ ਮੈਦਾਨ ਵਿਚ ਉਤਰਦੀ ਹੈ?