ਅੰਮ੍ਰਿਤਸਰ- ਪਾਕਿਸਤਾਨ ਦੇ ਗੁਜ਼ਰਾਂਵਾਲਾ ਸ਼ਹਿਰ ਵਿੱਚ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਨੀਯਤ ਨਾਲ 10 ਜਨਵਰੀ ਨੂੰ ਪਾਕਿਸਤਾਨੀ ਭੂ-ਮਾਫ਼ੀਆ ਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਨੂੰ ਢਾਹੇ ਜਾਣ ਦਾ ਮੁੱਦਾ ਪਾਕਿਸਤਾਨੀ ਮੀਡੀਏ ਵਿੱਚ ਵੀ ਸੁਰਖੀਆਂ ਵਿੱਚ ਰਿਹਾ ਹੈ।ਭਾਰਤ ਦੇ ਇਤਿਹਾਸਕਾਰ ਅਤੇ ਖੋਜਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਇਸ ਸਾਰੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਂਉਦੇ ਹੋਏ 10 ਜਨਵਰੀ ਨੂੰ ਹੀ ਇਹ ਖੁਲਾਸਾ ਕਰ ਦਿੱਤਾ ਸੀ, ਜਦੋਂ ਇਸ ਹਵੇਲੀ ਦੀਆਂ ਛੱਤਾਂ ਨੂੰ ਢਾਹੇ ਜਾਣ ਦੀ ਕਾਰਵਾਈ ਅਜੇ ਸ਼ੁਰੂ ਹੀ ਹੋਈ ਸੀ। ਸ੍ਰੀ ਕੋਛੜ ਨੂੰ ਇਹ ਜਾਣਕਾਰੀ ਹਵੇਲੀ ਦੇ ਨਾਲ ਲਗਦੇ ਘਰ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਦੋਸਤ ਮੁਹੰਮਦ ਕਾਸਿਮ ਰਫ਼ੀਕ ਨੇ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਪਾਕਿਸਤਾਨੀ ਮੀਡੀਆ, ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਏਧਰ ਸਥਾਨਿਕ ਪੱਤਰਕਾਰਾਂ ਨੂੰ ਮਾਮਲੇ ਨਾਲ ਸਬੰਧਿਤ ਜਾਣਕਾਰੀ ਦੇ ਕੇ ਵਿਰਾਸਤੀ ਹਵੇਲੀ ਨੂੰ ਬਚਾਉਣ ਦੀ ਗੁਹਾਰ ਲਗਾਈ। ਸ੍ਰੀ ਕੋਛੜ ਦੀਆਂ ਇਨ੍ਹਾਂ ਸਫ਼ਲ ਕੋਸ਼ਿਸ਼ਾਂ ਸਦਕਾ ਕਬਜ਼ਾਧਾਰੀ ਹਵੇਲੀ ਦੀਆਂ ਛੱਤਾਂ ਨੂੰ ਢਾਹੁਣ ਵਿੱਚ ਹੀ ਕਾਮਯਾਬ ਹੋਏ ਪਰ ਬਾਕੀ ਪੁਰੀ ਦੀ ਪੂਰੀ ਹਵੇਲੀ ਬੱਚ ਗਈ। ਫਿਲਹਾਲ ਗੁਜ਼ਰਾਂਵਾਲਾ ਪ੍ਰਸ਼ਾਸਨ ਨੇ ਹਵੇਲੀ ਨੂੰ ਸੀਲ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਇਸ ਮਾਮਲੇ ਨਾਲ ਸਬੰਧਿਤ ਵਧੇਰੇ ਜਾਣਕਾਰੀ ਲੈਣ ਲਈ ਜਦੋਂ ਪੱਤਰਕਾਰਾਂ ਨੇ 10 ਜਨਵਰੀ ਨੂੰ ਪਾਕਿਸਤਾਨ ਦੇ ਮਹਿਕਮਾ ਔਕਾਫ਼ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਹਵੇਲੀ ਦਾ ਨਵ-ਨਿਰਮਾਣ ਚੱਲ ਰਿਹਾ ਹ। ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਇਹ ਕਿਹਾ ਕਿ ਉਹ 16 ਜਨਵਰੀ ਨੂੰ ਪਾਕਿਸਤਾਨ ਦੇ ਰਾਜਦੂਤ ਨਾਲ ਨਿੱਜੀ ਤੌਰ ਤੇ ਮਿਲ ਕੇ ਗੱਲਬਾਤ ਕਰਨਗੇ। ਸ੍ਰੀ ਕੋਛੜ ਦਾ ਇਹ ਕਹਿਣਾ ਹੈ ਕਿ ਜੇ 16 ਜਨਵਰੀ ਤੱਕ ਇੰਤਜਾਰ ਕੀਤਾ ਜਾਂਦਾ ਤਾਂ ਇਸ ਵਿੱਚ ਕੋਈ ਸ਼ਕ ਨਹੀ ਰਹਿ ਜਾਂਦਾ ਕਿ ਲਹੌਰ ਦੇ ਗੁਰਦੁਆਰਾ ਦੀਵਾਨਖਾਨਾ ਸਮੇਤ ਹੋਰ ਯਾਦਗਾਰਾਂ ਵਾਂਗ ਇਸ ਹਵੇਲੀ ਦਾ ਵੀ ਨਾਮੋ ਨਿਸ਼ਾਨ ਖ਼ਤਮ ਹੋ ਜਾਣਾ ਸੀ। ਹਵੇਲੀ ਨੂੰ ਡੇਗੇ ਜਾਣ ਤੋਂ ਬਾਅਦ ਸੋਗ ਮਨਾਉਣ ਤੋਂ ਬੇਹਤਰ ਇਹੋ ਸੀ ਕਿ ਤੁਰੰਤ ਕਾਰਵਾਈ ਕਰਕੇ ਹਵੇਲੀ ‘ਚ ਹੋ ਰਹੀ ਭੰਨ-ਤੋੜ ਨੂੰ ਸਮਾਂ ਰਹਿੰਦਿਆਂ ਰੋਕਿਆ ਜਾਵੇ।