ਖੰਨਾ, ( ਮਨਜੀਤ ਸਿੰਘ ਧੀਮਾਨ)-ਖੰਨਾ ਵਿਧਾਨ ਸਭਾ ਹਲਕਾ ਦੇ ਦਰਜਨਾਂ ਪਿੰਡਾਂ ‘ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੇ ਅਕਾਲੀ-ਭਾਜਪਾ ਸਰਕਾਰ ‘ਤੇ ਵਾਅਦਾ-ਖਿਲਾਫੀ ਦਾ ਦੋਸ਼ ਲਾਇਆ ਹੈ। ਉਨ੍ਹਾਂ
ਕਿਹਾ ਕਿ 2007 ‘ਚ ਹਕੂਮਤ ਸੰਭਾਲਦਿਆਂ ਹੀ ਬਾਦਲ ਸਰਕਾਰ ਨੇ ਵਾਅਦਿਆਂ ਦੀ ਝੜੀ ਲਾ ਦਿੱਤੀ ਸੀ ਕਿ ਪੰਜਾਬ ਨੂੰ ਕੈਲੀਫੋਰਨੀਆਂ ਬਣਾ ਦਿੱਤਾ ਜਾਵੇਗਾ, 2010 ਤੱਕ ਬਿਜਲੀ ਸਰਪਲੱਸ ਹੋਵੇਗੀ, ਲੁਧਿਆਣਾ ‘ਚ ਮੈਟਰੋ ਰੇਲ ਸਮੇਤ ਅਨੇਕਾਂ ਵਾਅਦੇ ਵਫਾ ਤਾਂ ਕੀ ਹੋਣੇ ਸਨ, ਹਕੀਕਤ ‘ਚ ਇਨ੍ਹਾਂ ਦਾ ਕਿਧਰੇ ਆਧਾਰ ਵੀ ਨਜ਼ਰ ਨਹੀਂ ਆਉਂਦਾ। ਪਿੰਡ ਫੈਜ਼ਗੜ੍ਹ, ਕੰਮਾ, ਨਸਰਾਲੀ, ਰੋਹਣੋਂ ਖੁਰਦ, ਰੋਹਣੋਂ ਕਲਾਂ, ਰਾਜੇਵਾਲ, ਨਰਾਇਣਗੜ੍ਹ, ਚਕੋਹੀ ਆਦਿ ਪਿੰਡਾਂ ‘ਚ ਇਕੱਠ ਨੂੰ ਸੰਬੋਧਨ ਕਰਦਿਆਂ ਕੋਟਲੀ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਲਈ ਮੈਟਰੋ ਰੇਲ ਦੇ ਸੁਪਨੇ ਦਿਖਾਉਣ ਵਾਲੀ ਬਾਦਲ ਸਰਕਾਰ ਤੋਂ ਪੰਜਾਬ ਵਾਸੀਆਂ ਨੂੰ ਬਿਜਲੀ ਸਪਲਾਈ ਤਾਂ ਪੂਰੀ ਦਿੱਤੀ ਨਹੀਂ ਗਈ, ਮੈਟਰੋ ਰੇਲ ਕਿੱਥੋਂ ਚੱਲਣੀ ਸੀ? ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਸੜਕਾਂ ਦੀ ਦੁਰਦਸ਼ਾ ਦੀ ਜ਼ਿੰਮੇਵਾਰ ਵੀ ਬਾਦਲ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦੇ ਤਾਂ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਹੀ ਜਾਣਗੇ, ਨਾਲ ਦੀ ਨਾਲ ਉਹ ਖੰਨਾ ਹਲਕੇ ਨੂੰ ਵੀ ਵਿਕਾਸ ਪੱਖੋਂ ਅੱਵਲ ਬਣਾ ਦੇਣਗੇ। ਇਸ ਦੌਰਾਨ ਪਿੰਡ ਬੀਪੁਰ ਦੇ ਕਈ ਪਰਿਵਾਰਾਂ ਨੇ ਪਿੰਡ ਦੇ ਅਕਾਲੀ ਪੰਚ ਚਰਨਜੀਤ ਸਿੰਘ ਦੀ ਅਗਵਾਈ ਹੇਠ ਗੁਰਕੀਰਤ ਸਿੰਘ ਕੋਟਲੀ ਦੀ ਹਾਜ਼ਰੀ ‘ਚ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ। ਚਰਨਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਕੋਟਲੀ ਨੇ ਜਿੱਥੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ ਉਥੇ ਹੀ ਉਨ੍ਹਾਂ ਨੂੰ ਪਾਰਟੀ ‘ਚ ਯੋਗ ਥਾਂ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰ ਸਿੰਘ ਰਾਜਾ ਗਿੱਲ, ਰਾਜਵੀਰ ਸਿੰਘ ਨਾਗਰਾ, ਸਾਬਕਾ ਐਮ.ਸੀ. ਰਾਮ ਸਿੰਘ,
ਅਮਰਦੀਪ ਸਿੰਘ ਪੁਰੇਵਾਲ, ਅਨਿਲ ਸ਼ੁਕਲਾ, ਸਾਬਕਾ ਸਰਪੰਚ ਜਰਨੈਲ ਸਿੰਘ ਤੇ ਸੱਜਣ ਸਿੰਘ, ਗੁਰਦੀਪ ਰਸੂਲੜਾ, ਯਾਦਵਿੰਦਰ ਸਿੰਘ ਜੰਡਾਲੀ, ਦਰਸ਼ਨ ਸਿੰਘ ਗਿੱਲ, ਅਵਤਾਰ ਸਿੰਘ ਇਕੋਲਾਹਾ, ਸਰਪੰਚ ਬੇਅੰਤ ਸਿੰਘ ਜੱਸੀ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਸਮੱਰਥਕ ਹਾਜ਼ਰ ਸਨ।
ਪਿੰਡ ਬੀਪੁਰ ਦੇ ਕਈ ਅਕਾਲੀ ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜ੍ਹਿਆ
This entry was posted in ਪੰਜਾਬ.