ਅੰਮ੍ਰਿਤਸਰ- ਸ਼ਰੋਮਣੀ ਅਕਾਲੀ ਦਲ ਯੂਥ ਵਿੰਗ ਦੀ ਜਿਲ੍ਹਾ ਇਕਾਈ ਨੇ ਬਗਾਵਤ ਕਰ ਦਿੱਤੀ ਹੈ। ਜਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਵਿਰੋਧ ਵਿੱਚ ਯੂਥ ਵਿੰਗ ਦੇ ਮੁੱਖ ਸਕੱਤਰ ਸਤਿੰਦਰਪਾਲ ਸਿੰਘ ਰਿਕੀ, ਨਵਤੇਜ ਸਿੰਘ ਬਿਟੂ ਅਤੇ ਮਾਹਿਲ ਸਮੇਤ 20 ਉਚ ਅਹੁਦੇਦਾਰਾਂ ਅਤੇ 180 ਕਮੇਟੀ ਮੈਂਬਰਾਂ ਨੇ ਆਪਣੇ ਅਸਤੀਫ਼ੇ ਮਜੀਠੀਏ ਨੂੰ ਭੇਜ ਦਿੱਤੇ ਹਨ। ਗੁਸੇ ਵਿੱਚ ਆਏ ਕੁਝ ਵਰਕਰਾਂ ਨੇ ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ ਵੱਲੋਂ ਦਿੱਤੇ ਗਏ ‘ ਪਛਾਣ ਪੱਤਰਾਂ’ ਨੂੰ ਪਾੜ ਦਿੱਤਾ ਅਤੇ ਝੂਠੀ ਸਰਦਾਰੀ ਨਹੀਂ ਚਾਹੀਦੀ ਦੇ ਨਾਅਰੇ ਵੀ ਲਗਾਏ।
ਗੁਰਪ੍ਰਤਾਪ ਸਿੰਘ ਟਿੱਕਾ ਦੇ ਘਰ ਦੇ ਬਾਹਰ ਇੱਕ ਪ੍ਰੋਗਰਾਮ ਦੌਰਾਨ ਯੂਥ ਅਕਾਲੀ ਦੱਲ ਦੇ ਸੈਂਕੜੇ ਵਰਕਰਾਂ ਨੇ ਇੱਕਮੁੱਠ ਹੋ ਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਟਿੱਕਾ ਨੂੰ ਵਿਧਾਨ ਸਭਾ ਟਿਕਟ ਨਾਂ ਦਿੱਤੇ ਜਾਣ ਕਰਕੇ ਉਹ ਆਜਾਦ ਉਮੀਦਵਾਰ ਦੇ ਤੋਰ ਤੇ ਚੋਣ ਲੜ ਰਹੇ ਹਨ। ਅਕਾਲੀ ਵਰਕਰਾਂ ਦਾ ਕਹਿਣਾ ਸੀ ਕਿ ਉਹ ਟਿੱਕਾ ਦੇ ਪੱਖ ਵਿੱਚ ਕੰਮ ਕਰਨਗੇ।