ਪੰਜਾਬੀ ਰੰਗਮੰਚ ਦੀ ਮੋਢੀ ਮਿਸਿਜ਼ ਨੋਰ੍ਹਾ ਰਿਚ੍ਰਡਜ਼ ਸਾਲ 1911 ਵਿਚ ਅਪਣੇ ਪਤੀ ਨਾਲ ਦਿਆਲ ਸਿੰਘ ਕਾਲਜ, ਲਹੌਰ ਆਈ। ਸਾਲ 1912 ਦੌਰਾਨ ਉਸ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਤੇ ਇਕ ਮੁਕਾਬਲਾ ਵੀ ਰਖਿਆ ਜਿਸ ਵਿਚ ਆਈ.ਸੀ. ਨੰਦਾ ਦਾ ਨਾਟਕ “ਦੁਲਹਨ” ਪਹਿਲੇ ਨੰਬਰ ‘ਤੇ ਰਿਹਾ। ਇਹ ਨਾਟਕ 14 ਅਪਰੈਲ 1913 ਨੂੰ ਉਸੇ ਕਾਲਜ ਵਿਚ ਖੇਡਿਆ ਗਿਆ। ਮੇਰਾ ਸੰਮੂਹ ਪੰਜਾਬੀਆਂ ਵਿਸ਼ੇਸ਼ ਕਰ ਰੰਗ-ਮੰਚ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਸੁਝਾਅ ਹੈ ਕਿ ਪੰਜਾਬੀ ਰੰਗ ਮੰਚ ਦੇ ਇਨ੍ਹਾਂ ਮਹਾਨ ਦਿਵਸਾਂ ਦੀ ਸ਼ਤਾਬਦੀ ਮਨਾਈ ਜਾਏ।
ਮੇਰਾ ਸਨਿਮਰ ਸੁਝਾਅ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ ਨੋਰ੍ਹਾ ਦੀ ਮਹਾਨ ਵਿਰਾਸਤ ਦੀ ਵਾਰਸ ਹੈ, ਇਨ੍ਹਾਂ ਕਾਰਜਾਂ ਲਈ ਅਗੇ ਆਏ। ਯੂਨੀਵਰਸਿਟੀ ਦੇ ਡਰਾਮਾ ਵਿਭਾਗ ਦਾ ਨਾਂਅ ਸ੍ਰੀਮਤੀ ਨੋਰ੍ਹਾ ਦੇ ਨਾਅ ‘ਤੇ ਰਖ ਦੇਣਾ ਚਾਹੀਦਾ ਹੈ। ਡਾਕ ਤਾਰ ਵਿਭਾਗ ਨੂੰ ਨੋਰ੍ਹਾ ਬਾਰੇ ਇਕ ਯਾਦਗਾਰੀ ਟਿਕਟ ਜਾਰੀ ਕਰਨ ਲਈ ਵੀ ਕਿਹਾ ਜਾਏ। ਜਾਲੰਧਰ ਦੂਰਦਰਸ਼ਨ ਅਤੇ ਦੂਸਰੇ ਪੰਜਾਬੀ ਚੈਨਲਾਂ ਨੂੰ ਨੋਰ੍ਹਾ ਬਾਰੇ ਟੈਲੀ ਫਿਲਮਾਂ ਬਣਾਉਣ ਵਲ ਧਿਆਨ ਦੇਣਾ ਚਾਹੀਦਾ ਹੈ।ਪੰਜਾਬ ਯੂਨੀਵਰਸਿਟੀ, ਲਹੀਰ ਅਤੇ ਦਿਆਲ ਸਿੰਘ ਕਾਲਜ ਲਹੌਰ ਤੇ ਦਿੱਲੀ ਨੂੰ ਇਨ੍ਹਾਂ ਸਾਰੇ ਕਾਰਜਾਂ ਨਾਲ ਜੋੜਿਆਂ ਜਾਏ।