ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਤੇ ਦੇਸ਼ ਤਾਂ ਕੀ ਵਿਦੇਸ਼ ਵਿੱਚ ਵੀ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ।ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਤੌਰ ਤੇ ਇਹ ਛੋਟ ਪ੍ਰਾਪਤ ਹੈ। ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਸਬੰਧੀ ਕੇਸ ਫਿਰ ਤੋਂ ਖੋਲ੍ਹੇ ਜਾਣ ਸਬੰਧੀ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਪਕਿਸਤਾਨ ਦੇ ਇੱਕ ਪ੍ਰਸਿੱਧ ਵਕੀਲ ਨੇ ਇਹ ਦਾਅਵਾ ਕੀਤਾ ਹੈ।
ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਵਕੀਲ ਅਹਿਸਾਨ ਨੇ ਕਿਹਾ ਕਿ ਪ੍ਰਧਾਨਮੰਤਰੀ ਦੋਸ਼ੀ ਨਹੀਂ ਹਨ, ਪਰ ਉਨ੍ਹਾਂ ਨੂੰ ਦਬਾਅ ਦੇ ਅੱਗੇ ਝੁਕਣਾ ਚਾਹੀਦਾ ਹੈ। ਉਨ੍ਹਾਂ ਨੂੰ ਸਵਿਟਜ਼ਰਲੈਂਡ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਲਈ ਕਹਿਣਾ ਚਾਹੀਦਾ ਹੈ। ਜਰਦਾਰੀ ਦੇ ਖਿਲਾਫ਼ ਕੇਸ ਨਾਂ ਖੋਲ੍ਹਣ ਦੇ ਹੁਕਮ ਨੂੰ ਨਾਂ ਮੰਨਣ ਕਰਕੇ ਸੁਪਰੀਮ ਕੋਰਟ ਨੇ ਗਿਲਾਨੀ ਨੂੰ ਹੁਕਮ ਦੀ ਉਲੰਘਣਾ ਕਰਨ ਦਾ ਨੋਟਿਸ ਜਾਰੀ ਕੀਤਾ ਹੈ।
ਪ੍ਰਸਿੱਧ ਵਕੀਲ ਅਹਿਸਾਨ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਸੰਵਿਧਾਨ ਵੱਲੋਂ ਮਿਲੀ ਇਸ ਛੋਟ ਬਾਰੇ ਪਹਿਲਾਂ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਵਿਆਨਾ ਸੰਧੀ ਦੇ ਤਹਿਤ ਰਾਸ਼ਟਰਪਤੀ ਦੇ ਖਿਲਾਫ਼ ਸਵਿਟਜ਼ਰਲੈਂਡ ਵਿੱਚ ਵੀ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ। ਇਹ ਸਹੂਲਤ ਤਦ ਤੱਕ ਹੈ ਜਦੋਂ ਤੱਕ ਜਰਦਾਰੀ ਰਾਸ਼ਟਰਪਤੀ ਦੇ ਅਹੁਦੇ ਤੇ ਵਿਰਾਜਮਾਨ ਹਨ। ਪ੍ਰਧਾਨਮੰਤਰੀ ਨੂੰ ਉਲੰਘਣਾ ਨੋਟਿਸ ਦੇਣਾ ਗੈਰਕਾਨੂੰਨੀ ਨਹੀਂ ਹੈ। ਸਾਬਕਾ ਰਾਸ਼ਟਰਪਤੀ ਨੂੰ ਇਹ ਛੋਟ ਹਾਸਿਲ ਨਹੀਂ ਹੈ।