ਨਵੇਂ ਯੁਗ ਦਾ ਆਗਾਜ਼ ਤਰੱਕੀ,
ਸੁਪਨੇ ਦਿਖਾਉਣ ਦਾ ਸਿੰਘ-ਨਾਦ ਤਰੱਕੀ,
ਗੱਦੀ ਉੱਤੇ ਬੈਠਣ ਦਾ ਹੀ ਰਾਗ਼ ਤਰੱਕੀ,
ਹਰਮਨ ਪਿਆਰੇ ਹੋਣ ਦਾ ਅੰਦਾਜ਼ ਤਰੱਕੀ,
ਸ਼ੁਰੂ ਤਾਂ ਸਭ ਕੁੱਝ ਹੋ ਗਿਆ,
ਪਰ ਕੁੱਝ ਵੀ ਪੂਰ ਨਹੀਂ ਚੜ੍ਹਿਆ,
ਜਲਸਾ ਹੋਇਆ, ਭਾਸ਼ਨ ਝਾੜੇ, ਨਾਹਰੇ ਲਾਏ,
ਨਵਾਂ ਨਿਕੋਰ ਨੀਂਹ ਪੱਥਰ ਵੀ ਰੱਖਿਆ ਗਿਆ,
ਗੱਦੀਆਂ-ਧਾਰੀ ਲੰਮੇ ਚੌੜੇ ਵਾਅਦੇ ਕਰਕੇ,
ਜਿਧਰੋਂ ਆਏ ਉਧਰ ਨੂੰ ਹੀ ਚਲੇ ਗਏ,
ਨੀਂਹ ਪੱਥਰ ਤਾਂ ਇਕੱਲਾ-ਕਾਰਾ ਨਿਮਾਣਾਂ ਬਣਕੇ,
ਉਡਦੀ ਧੂੜ ਦੀਆਂ ਪਰਤਾਂ ਫਕਦਾ ਰਿਹਾ,
ਗੱਲ ਤਾਂ ਉੱਥੇ ਦੀ ਉੱਥੇ ਰਹੀ,
ਕਾਗਜ਼ਾਂ ਦਾ ਪੇਟ ਰਕਮਾਂ ਨਾਲ ਭਰਨਾ ਹੀ ਸੀ,
ਆਖਰ ਨੂੰ ਭਰਿਆ ਹੀ ਗਿਆ,
ਨੀਂਹ ਪੱਥਰ ਦੇ ਆਲੇ-ਦੁਆਲੇ ਦੂਰ ਤਾਈਂ
ਛੱਪੜ ਨਿਆਈ; ਮੱਛਰਾਂ, ਡੱਡੂਆਂ ਦਾ ਵਸੇਰਾ,
ਬਨਣਾ ਹੀ ਸੀ ਉਹ ਭੀ ਬਣ ਗਿਆ,
ਨੀਂਹ ਪੱਥਰ ਨੂੰ ਰੱਖਿਆਂ ਪੰਜ ਵਰ੍ਹੇ ਬੀਤ ਗਏ,
ਉਹ ਤਾਂ ਲਗਭਗ ਰੰਗੋਂ ਬਦਰੰਗ ਹੋ ਗਿਆ,
ਬਦਲਮੇ ਉਮੀਦਵਾਰ ਵੀ ਇਕ ਦਿਨ,
ਲਾਮ-ਲਸ਼ਕਰ ਲੈ ਉਸੇ ਥਾਂ,
ਇਕ ਹੋਰ ਜਲਸਾ ਕਰ ਗਏ,
ਪਹਿਲਾਂ ਵਰਗਾ ਨਵਾਂ ਨਿਕੋਰ,
ਨੀਂਹ ਪੱਥਰ ਵੀ ਧਰ ਗਏ,
ਲੰਮੇ ਚੌੜੇ ਭਾਸ਼ਨ ਝਾੜਕੇ,
ਤਰੱਕੀ ਦੀਆਂ ਫੜ੍ਹਾਂ ਮਾਰਕੇ,
ਉਹਨਾਂ ਤਾਂ ਜਾਣਾ ਸੀ,
ਉਹ ਭੀ ਆਖਰ ਚਲੇ ਗਏ,
ਦੋ ਨਿਮਾਣੇ ਨੀਂਹ ਪੱਥਰ,
ਇੱਕ ਦੂਜੇ ਨੂੰ ਵੇਖ ਕੇ,
ਸ਼ਾਇਦ ਇਹੋ ਹੀ ਗੱਲਾਂ ਕਰਨਗੇ,
ਹੋ ਸਕਦੈ ਪੰਜਾਂ ਸਾਲਾਂ ਬਾਅਦ,
ਇਹੋ ਜਿਹੇ ਹੋਰ ਨਵੇਂ ਨੁਮਾਂਇੰਦੇ ਆਉਣਗੇ,
ਰਵਾਇਤ ਨੂੰ ਦੁਹਰਾਉਂਦਿਆਂ ਉਹ ਵੀ,
ਇਕ ਹੋਰ ਨਵੇਂ ਨਿਕੋਰ ਨੀਂਹ ਪੱਥਰ,
ਦਾ ਵਾਧਾ ਹੀ ਤਾਂ ਕਰਨਗੇ,
ਇਹੋ ਹੀ ਸ਼ਾਇਦ ਨਿਰੀ ਬੁਨਿਆਦ ਹੈ,
ਨਿੱਤ ਝੂਠੇ ਸੁਪਨੇ ਦਿਖਾਉਣ ਦਾ,
ਸਿਆਸਤਦਾਨਾਂ ਦਾ ਅੰਦਾਜ਼ ਹੈ
ਇਸ ਤੋਂ ਵੱਧ ਕੁਝ ਨਹੀਂ,
ਭੋਲਿਓ ਵੋਟਰੋ ਇਹ ਤਾਂ ਖੋਖਲੀ ਜੇਹੀ,
ਸਿਰਫ਼ ਬੁਨਿਆਦ ਹੈ – ਨਿਰੀ ਬੁਨਿਆਦ ਹੈ,
ਕੀ ਬਣੇਗਾ ? ਕੀ ਹੋਵੇਗਾ ?
ਇਹ ਤਾਂ ਸਿਰਫ਼ ਇਕ ਰਾਜ਼ ਹੈ,
ਲੋਕ ਤਾਂ ਪੁੱਛਣਗੇ ਹੀ,
ਨੀਂਹ ਪੱਥਰ ਵੀ ਪੁੱਛਦੇ ਨੇ,
ਬਦਲਦੀਆਂ ਹਕੂਮਤਾਂ ਵਿਚ,
ਕੌਣ ਕੀਹਦਾ ਮੁਹਤਾਜ ਹੈ,
ਲੋਕ ਨੇ, ਨੀਂਹ ਪੱਥਰ ਨੇ, ਨੇਤਾ ਨੇ,
ਜਾਂ ਸਿਰਫ਼ ਚੋਣਾਂ ਜਿੱਤਣ ਵਾਸਤੇ,
ਵਾਅਦਿਆਂ ਦਾ ਹੀ ਰਿਵਾਜ਼ ਹੈ ।