ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਸਥਾਨਕ ਵੋਹਰਾ ਕਾਲੋਨੀ ਵਿਖੇ ਵਿਸ਼ਾਲ ਚੋਣ ਰੈਲੀ ਕੀਤੀ ਗਈ। ਜਿਸ ਵਿਚ ਮੇਂਬਰ ਪਾਰਲੀਮੇਂਟ ਬੀਬੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਮਨਜੀਤ ਸਿੰਘ ਬਰਕੰਦੀ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਮੁਕਤਸਰ ਸੀਟ ਤੋ ਰੋਜੀ ਬਰਕੰਦੀ ਨੂੰ ਟਿਕਟ ਦੇ ਕੇ ਇਲਾਕੇ ਨੂੰ ਮਾਣ ਬਖਸ਼ਿਆ ਹੈ ਜਿਸ ਲਈ ਸਮੁੱਚੇ ਵਰਕਰ ਉਤਸ਼ਾਹਿਤ ਹਨ। ਉਨ੍ਹਾਂ ਨੇ ਟਿਕਟ ਦਿੱਤੇ ਜਾਣ ਤੇ ਬਾਦਲ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆਂ ਜਥੇ.ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਤੇ ਵਰ੍ਹਦਿਆਂ ਕਿਹਾ ਕਿ ਜਿਸ ਪਾਰਟੀ ਦਾ ਆਪਣਾ ਕੋਈ ਵਜੂਦ ਨਹੀਂ ਪਤਾ ਨਹੀਂ ਕਿਸ ਮੁੱਦੇ ਨੂੰ ਲੈ ਕੇ ਅਕਾਲੀ-ਭਾਜਪਾ ਨੂੰ ਹਰਾਉਣ ਦਾ ਠੇਕਾ ਲਈ ਬੈਠੇ ਹਨ। ਉਨ੍ਹਾਂ ਕਾਂਗਰਸੀਆਂ ’ਤੇ ਬੋਲਦਿਆਂ ਕਿਹਾ ਕਿ ਮੁਕਤਸਰ ਖੇਤਰ ਵਿਚ ਕਾਂਗਰੀ ਜੋ ਜਿੱਤ ਕੇ ਪੰਜ ਸਾਲ ਤੱਕ ਕਿਸੇ ਦੀ ਪੁੱਛ ਪੜਤਾਲ ਕਰਨ ਨਹੀਂ ਆਏ ਹੁਣ ਕਿਸ ਮੂੰਹ ਨਾ ਵੋਟ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਰਾਜ ਨਹੀਂ ਸੇਵਾ ਤੇ ਚਲਦਿਆਂ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਰਾਸ਼ੀ ਦਾ 90 ਫੀਸਦੀ ਹਿੱਸਾ ਖਰਚ ਕੀਤਾ ਗਿਆ ਹੈ ਤੇ ਬਾਕੀ 10 ਫੀਸਦੀ ਚੋਣ ਜਾਬਤਾ ਲੱਗਣ ਕਾਰਨ ਖਰਚ ਨਹੀਂ ਹੋ ਸਕੀ।
ਇਸ ਮੌਕੇ ਸ.ਰੋਜੀ ਬਰਕੰਦੀ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਹੁੰਚੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੋਜੀ ਬਰਕੰਦੀ ਇਕ ਮਿਹਨਤੀ ਤੇ ਇਮਾਨਦਾਰ ਆਗੂ ਹਨ ਜਿਸ ਲਈ ਉਹ ਬਾਦਲ ਪਰਿਵਾਰ ਦੇ ਜ਼ਿਆਦਾ ਕਰੀਬੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿਚ ਰੋਜੀ ਬਰਕੰਦੀ ਦਾ ਸਹਿਯੋਗ ਦੇਣ ਤੇ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਵੱਲੋਂ ਕੀਤ ਗਏ ਵਿਕਾਸ ਕਾਰਜਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਇਹ ਲੋਕਾਂ ਦਾ ਫਰਜ਼ ਬਣਦਾ ਹੈ ਕਿ ਕੰਮ ਕਰਨ ਵਾਲੇ ਨੂੰ ਹੀ ਵੋਟ ਦਿੱਤਾ ਜਾਵੇ। ਬੀਬੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵਿਚ ਬਹੁਤ ਮਜ਼ਬੂਤੀ ਤੇ ਏਕਤਾ ਹੈ ਜਿਸ ਕਾਰਨ ਪਾਰਟੀ ਨੇ ਸਰਕਾਰ ਸੱਤਾ ਵਿਚ ਆਉਣ ਤੇ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਦਾ ਫੈਸਲਾ ਕੀਤਾ ਹੈ। ਜਦਕਿ ਕਾਂਗਰਸੀਆਂ ਵਿਚ ਆਪਸੀ ਫੁੱਟ ਤੇ ਮੌਕਾਪ੍ਰਸਤੀ ਹੋਣ ਕਾਰਨ ਅਜੇ ਤੱਕ ਆਪਣੀ ਲੀਡਰਸ਼ਿਪ ਬਾਰੇ ਹੀ ਸ਼ੰਕਾ ਵਿਚ ਹੈ ਤੇ ਮੁੱਖ ਮੰਤਰੀ ਬਾਰੇ ਕੁਝ ਤੈਅ ਨਹੀਂ ਕਰ ਸਕੇ। ਅਜਿਹੀ ਹਾਲਤ ਵਿਚ ਉਹ ਸੂਬੇ ਦਾ ਕੀ ਸਵਾਰਨਗੇ। ਉਨ੍ਹਾਂ ਕਿਹਾ ਕਿ ਸ.ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਦੂਰਦਰਸ਼ਤਾ ਸੋਚ ਸਦਕਾ ਹਰ ਵਰਗ ਲਈ ਲੋਕ ਭਲਾਈ ਸਕੀਮਾਂ ਚਲਾਈਆਂ ਹਨ ਜਿਨ੍ਹਾਂ ਵਿਚ ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲਾਂ, ਕਿਸਾਨਾਂ ਨੂੰ ਮੁਫਤ ਬਿਜਲੀ-ਪਾਣੀ, ਗਰੀਬਾਂ ਨੂੰ ਆਟਾ-ਦਾਲ ਸਕੀਮ ਤੇ ਆਰ.ਓ.ਸਿਸਟਮ ਆਦਿ ਸ਼ਾਮਲ ਹਨ। ਜੇਕਰ ਲੋਕ ਚਾਹੁੰਦ ਹਨ ਕਿ ਮਿਲ ਰਹੀਆਂ ਸਹੂਲਤਾਂ ਨਿਰਵਿਘਨ ਚਲਦੀਆਂ ਰਹਿਣ ਤਾਂ ਅਕਾਲੀ-ਭਾਜਪਾ ਦਾ ਸਾਥ ਦੇਣ।
ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਨਾਅਰਾ ਕਾਂਗਰਸ ਕਾ ਹਾਥ ਗਰੀਬੋਂ ਕੇ ਸਾਥ ਦੀ ਅਸਲੀਅਤ ਇਹ ਹੈ ਕਿ ਜਦੋਂ ਕੇਂਦਰ ਵਿਚ ਕਾਂਗਰਸੀ ਸਰਕਾਰ ਬਣਦੀ ਹੈ ਤਾਂ ਮਹਿੰਗਾਈ ਵਿਚ ਇਸ ਕਦਰ ਵਾਧਾ ਹੁੰਦਾ ਹੈ ਕਿ ਗਰੀਬਾਂ ਨੂੰ ਸਹੂਲਤਾਂ ਤਾਂ ਕੀ ਮਿਲਣੀਆਂ ਹਨ ਉਨ੍ਹਾਂ ਦਾ ਗੁਜ਼ਾਰਾ ਵੀ ਔਖਾ ਹੋ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ.ਸੁਖਦਰਸ਼ਨ ਸਿੰਘ ਮਰਾੜ, ਜ਼ਿਲਾ ਪ੍ਰਧਾਨ ਮਨਜੀਤ ਸਿੰਘ ਬਰਕੰਦੀ, ਮਨਜਿੰਦਰ ਸਿੰਘ ਬਿੱਟੂ ਸਰਕਲ ਪ੍ਰਧਾਨ, ਰਾਜਨ ਸੇਤੀਆ, ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੌਂਸਲ, ਅਸ਼ੋਕ ਚੁੱਘ, ਸ਼ਸ਼ੀ ਵਧਵਾ ਐਮ.ਸੀ., ਮਨੋਹ ਲਾਲ ਸਲੂਜਾ, ਰਕੇਸ਼ ਚੌਧਰੀ, ਸੁਰਿੰਦਰ ਡੰਡੇਵਢ, ਰਾਜੀਵ ਦਾਬੜਾ, ਪਵਨ ਸ਼ਰਮਾ, ਸਤਪਾਲ ਪਠੇਲਾ, ਮਨਪ੍ਰੀਤ ਸਿੰਘ, ਬਿੰਦਰ ਗੋਨਿਆਣਾ ਪੀ.ਏ.ਰੋਜੀ ਬਰਕੰਦੀ, ਜਸਪ੍ਰੀਤ ਛਾਬੜਾ, ਗੌਰਵ ਸਲੂਜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਆਦਿ ਸ਼ਾਮਲ ਸਨ।