ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਉਹ ਸੈਨਾ ਅਤੇ ਆਈਐਸਆਈ ਦੇ ਮੋਢਿਆਂ ਤੇ ਸਵਾਰ ਹੋ ਕੇ ਦੇਸ਼ ਵਾਪਿਸ ਨਹੀਂ ਆਉਣਾ ਚਾਹੁੰਦੇ। ਉਹ ਪਾਕਿਸਤਾਨ ਦੇ ਲੋਕਾਂ ਦੇ ਸਮਰਥਣ ਨਾਲ ਆਉਣਾ ਚਾਹੁੰਦੇ ਹਨ।
ਸਾਬਕਾ ਫੌਜੀ ਜਨਰਲ ਮੁਸ਼ਰੱਫ਼ ਦੇ ਹੱਕ ਵਿੱਚ ਖੜੇ ਹੋ ਗਏ ਹਨ। ਸਾਬਕਾ ਫੌਜੀਆਂ ਨੇ ਸ਼ਨਿਚਰਵਾਰ ਨੂੰ ਪਾਕਿਸਤਾਨ ਫਰਸਟ ਗਰੁਪ (ਪੀਐਫ਼ਜੀ) ਨਾਂ ਦਾ ਇੱਕ ਸੰਗਠਨ ਬਣਾਇਆ ਹੈ।ਇਹ ਸੰਗਠਨ ਸੈਨਾ ਦੇ ਤਿੰਨਾਂ ਅੰਗਾਂ ਦੇ 150 ਦੇ ਕਰੀਬ ਰੀਟਾਇਰਡ ਅਫ਼ਸਰਾਂ ਨੇ ਮਿਲ ਕੇ ਬਣਾਇਆ ਹੈ। ਇਸ ਸੰਗਠਨ ਦਾ ਮਕਸਦ ਸੈਨਾ ਅਤੇ ਆਈਐਸ ਆਈ ਦੇ ਖਿਲਾਫ਼ ਕਿਸੇ ਵੀ ਕਾਰਵਾਈ ਨੂੰ ਰੋਕਣ ਲਈ ਦਬਾਅ ਬਣਾਉਣਾ ਹੈ। ਦੇਸ਼ ਤੋਂ ਬਾਹਰ ਰਹਿ ਰਹੇ ਰਾਸ਼ਟਰਪਤੀ ਮੁਸ਼ਰੱਫ਼ ਨੇ ਵੀਡੀਓ ਕਾਨਫਰੰਸ ਦੁਆਰਾ ‘ਪੀਐਫ਼ਜੀ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਵਿੱਚ ਸੈਨਾ ਦੀ ਨਿਗਰਾਨੀ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ।ਰਾਸ਼ਰਪਤੀ ਨੇ ਕਿਹਾ, ‘ ਮੇਰੇ ਖਿਲਾਫ਼ ਸਾਰੇ ਅਰੋਪ ਰਾਜਨੀਤਕ ਅਤੇ ਵਿਅਕਤੀਗਤ ਗਲਤ ਭਾਵਨਾ ਨਾਲ ਲਗਾਏ ਗਏ ਹਨ। ਮੈਂ ਸਦਾ ਦੇਸ਼ ਅਤੇ ਸੈਨਾ ਦੇ ਕਲਿਆਣ ਲਈ ਹੀ ਸੇਵਾ ਕੀਤੀ ਹੈ। ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ।’
ਸਾਬਕਾ ਫੌਜੀਆਂ ਦੇ ਸੰਗਠਨ ਪੀਐਫ਼ਜੀ ਨੇ ਇੱਕ ਪ੍ਰਸਤਾਵ ਪਾਸ ਕਰਕੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਮੁਸ਼ਰੱਫ਼ ਨੂੰ ਦੇਸ਼ ਵਾਪਿਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਪੀਐਫ਼ਜੀ ਨੇ ਕਿਹਾ ਹੈ, “ਮੁਸ਼ਰੱਫ਼ ਨੂੰ ਦੇਸ਼ ਵਾਪਿਸ ਆ ਕ ੇਚੋਣਾਂ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਨਾਲ ਅਜਿਹਾ ਵਿਹਾਰ ਕੀਤਾ ਜਾਵੇ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਕਿਸੇ ਵੀ ਸਾਬਕਾ ਰਾਸ਼ਟਰਪਤੀ ਨਾਲ ਕੀਤਾ ਜਾਂਦਾ ਹੈ। ਸਾਬਕਾ ਫੌਜੀਆਂ ਦੀ ਇਸ ਬੈਠਕ ਵਿੱਚ ਰੀਟਾਇਰਡ ਜਨਰਲ ਮੁਹੰਮਦ ਅਜੀਜ਼ ਖਾਨ ਵੀ ਸ਼ਾਮਿਲ ਸਨ, ਜਿਨ੍ਹਾਂ ਨੇ 1999 ਨਵਾਜ਼ ਸ਼ਰੀਫ਼ ਦੀ ਸਰਕਾਰ ਦਾ ਤਖਤਾ ਪਲਟਣ ਵਿੱਚ ਜਨਰਲ ਮੁਸ਼ਰੱਫ਼ ਦਾ ਸਾਥ ਦਿੱਤਾ ਸੀ।
ਮੁਸ਼ਰੱਫ਼ ਨੇ ਇਸੇ ਮਹੀਨੇ ਦੇ ਅੰਤ ਵਿੱਚ ਦੇਸ਼ ਪਰਤਣਾ ਸੀ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਆਂਉਦਿਆਂ ਹੀ ਗ੍ਰਿਫ਼ਤਾਰ ਕੀਤੇ ਜਾਣ ਦੀ ਚਿਤਾਵਨੀ ਤੋਂ ਬਾਅਦ ਅਜੇ ੳਨ੍ਹਾਂ ਨੇ ਵਾਪਿਸ ਪਰਤਣ ਦਾ ਪ੍ਰੋਗਰਾਮ ਪੋਸਟਪਾਨ ਕਰ ਦਿੱਤਾ ਹੈ।