ਗੁਰਦਾਸਪੁਰ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਅਕਾਲੀ-ਭਾਜਪਾ ਗਠਜੋੜ ਤੇ ਨਿਸ਼ਾਨਾ ਸਾਧਦੇ ਹੋਏ ਮੌਜੂਦਾ ਸਰਕਾਰ ਦੀ ਤਿੱਖੀ ਅਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਕੇਂਦਰੀ ਸਹਾਇਤਾ ਰਾਸ਼ੀ ਦੀ ਵਰਤੋਂ ਪੰਜਾਬ ਦੀ ਉਨਤੀ ਲਈ ਨਹੀਂ ਸਿਰਫ਼ ਆਪਣੇ ਫਾਇਦੇ ਲਈ ਕਰ ਰਹੀ ਹੈ। ਸੋਨੀਆ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬੀਜੇਪੀ ਸਰਕਾਰ ਦੇ ਰਾਜ ਵਿੱਚ ਬੇਰੁਜ਼ਗਾਰੀ ਵੱਧੀ ਹੈ ਅਤੇ ਨੌਜਵਾਨਾਂ ਕੋਲ ਕੰਮਕਾਰ ਨਾਂ ਹੋਣ ਕਰਕੇ ਉਹ ਨਸ਼ੇ ਦੇ ਆਦੀ ਹੋ ਗਏ ਹਨ।
ਪੰਜਬਾ ਨਾਲ ਸੌਤੇਲਾ ਵਿਹਾਰ ਕੀਤੇ ਜਾਣ ਦੇ ਅਰੋਪਾਂ ਦਾ ਖੰਡਨ ਕਰਦੇ ਹੋਏ ਸੋਨੀਆ ਨੇ ਕਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਉਨਤੀ ਅਤੇ ਵਿਕਾਸ ਲਈ ਲੁੜੀਂਦੀ ਮੱਦਦ ਕੀਤੀ ਗਈ ਹੈ। ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਵੱਲੋਂ ਦਿੱਤੀ ਗਈ ਧੰਨ ਰਾਸ਼ੀ ਦਾ ਉਪਯੋਗ ਸੂਬੇ ਦੀ ਤਰੱਕੀ ਲਈ ਨਾਂ ਕਰਦੇ ਹੋਏ ਆਪਣੇ ਫਾਇਦੇ ਲਈ ਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸ਼ਾਸਨ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਸਾਰੇ ਪਾਸੇ ਭ੍ਰਿਸ਼ਟਾਚਾਰ ਤੇ ਘੋਟਾਲੇ ਹੀ ਨਜ਼ਰ ਆਂਉਦੇ ਹਨ।
ਪੰਜਾਬ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਨੇ ਕਿਹਾ ਕਿ ਰਾਜ ਵਿੱਚ ਕਾਨੂੰਨ ਵਿਵਸਥਾ ਖਰਾਬ ਹੋਣ ਕਰਕੇ ਆਮ ਆਦਮੀ ਆਪਣੇ ਆਪਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਗਏ ਹਨ। ਰੁਜ਼ਗਾਰ ਦੇ ਕੋਈ ਸਾਧਨ ਨਹੀਂ ਹਨ। ਸੂਬੇ ਵਿੱਚ ਸਿਹਤ ਸਹੂਲਤਾਂ ਦੀ ਸਥਿਤੀ ਵੀ ਚੰਗੀ ਨਹੀਂ ਹੈ। ਪੰਜਾਬ ਵਿੱਚ ਸੋਨੀਆ ਗਾਂਧੀ ਦੀ ਇਹ ਦੂਸਰੀ ਚੋਣ ਯਾਤਰਾ ਹੈ।