ਚੰਡੀਗੜ੍ਹ- ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਸਖਤੀ ਵਰਤੇ ਜਾਣ ਕਰਕੇ ਉਮੀਦਵਾਰਾਂ ਲਈ ਚੋਣਾਂ ਦੌਰਾਨ ਖੁਲ੍ਹੇਆਮ ਸ਼ਰਾਬ ਅਤੇ ਨਸ਼ੇ ਵੰਡਣ ਵਿੱਚ ਦਿਕਤਾਂ ਆ ਰਹੀਆਂ ਸਨ। ਇਸ ਲਈ ਇੱਕ ਨਵਾਂ ਢੰਗ ਅਪਨਾਇਆ ਗਿਆ। ਪਰਚੀਆਂ ਉਪਰ ਕੋਡਵਰਡ ਵਿੱਚ ਲਿਖ ਕੇ ਵਰਕਰਾਂ ਨੂੰ ਵੰਡੀਆਂ ਜਾਂਦੀਆਂ ਹਨ ਜੋ ਕਿ ਠੇਕਿਆਂ ਤੋਂ ਸ਼ਰਾਬ ਪ੍ਰਾਪਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਚੋਣ ਕਮਿਸ਼ਨ ਨੇ ਹੁਣ ਸ਼ਰਾਬ ਦੇ ਠੇਕਿਆਂ ਤੇ ਵੀ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ।
ਐਕਸਾਈਜ਼ ਅਧਿਕਾਰੀਆਂ ਨੇ ਕਿਹਾ ਹੈ ਕਿ ਉਮੀਦਵਾਰ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸ਼ਰਾਬ ਦੀ ਪਰਚੀ ਤੇ ਕੋਡ ਲਿਖ ਕੇ ਸ਼ਰਾਬ ਦੇ ਠੇਕਿਆਂ ਤੋਂ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਵੰਡ ਰਹੇ ਹਨ।ਕੁਝ ਸਥਾਨਾਂ ਤੇ ਪਰਚੀ ਤੇ ਦੁੱਧ ਦੀ ਬੋਤਲ ਲਿਖਿਆ ਜਾਂਦਾ ਹੈ ਅਤੇ ਕਈ ਜਗ੍ਹਾ ਤੇ ਚਾਹ, ਕੌਫ਼ੀ, ਬਿਸਕੁਟ ਆਦਿ ਲਿਖਿਆ ਹੁੰਦਾ ਹੈ। ਦੁਆਬੇ ਵਿੱਚ ਨੰਬਰ ਚਲਦਾ ਹੈ ਅਤੇ ਮਾਝੇ ਵਿੱਚ ਸ਼ਰਾਬ ਦੀ ਗੱਡੀ ਨੂੰ ਜਹਾਜ਼ ਆਖਿਆ ਜਾਂਦਾ ਹੈ। ਚੋਯ ਕਮਿਸ਼ਨ ਨੇ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਸ਼ਰਾਬ ਦੇ ਠੇਕਿਆਂ ਤੇ ਜਾ ਕੇ ਵੀ ਚੈਕਿੰਗ ਕੀਤੀ ਜਾਵੇ। ਜਿਸ ਠੇਕੇ ਤੋਂ ਕੋਡ ਵਾਲੀ ਪਰਚੀ ਮਿਲੇ ਉਸ ਨੂੰ ਸੀਲ ਕਰ ਦਿੱਤਾ ਜਾਵੇ। ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਸ਼ੁਰੂ ਹੋ ਗਈ ਹੈ ਅਤੇ ਠੇਕਿਆਂ ਦੀ ਚੈਕਿੰਗ ਆਰੰਭ ਹੋ ਗਈ ਹੈ। ਸ਼ਰਾਬ ਦੀ ਟਰਾਂਸਪੋਟਰੇਸ਼ਨ ਸਵੇਰੇ ਨੌਂ ਵਜੇ ਤੋਂ ਰਾਤ ਨੌਂ ਵਜੇ ਤੱਕ ਨਹੀਂ ਹੋਵੇਗੀ। ਗਣਤੰਤਰ ਦਿਵਸ ਅਤੇ 28 ਜਨਵਰੀ ਸ਼ਾਮ ਪੰਜ ਵਜੇ ਤੋਂ ਲੇ ਕੇ 30 ਜਨਵਰੀ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।