ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਰ ਤੋਂ ਆਊਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਨਵੰਬਰ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਆਊਟਸੋਰਸਿੰਗ ਨੂੰ ਆਪਣਾ ਹੱਥਿਆਰ ਬਣਾਉਦੇ ਹੋਏ ਕਿਹਾ ਹੈ ਕਿ ਵਿਦੇਸ਼ੀਆਂ ਨੂੰ ਨੌਕਰੀਆਂ ਮੁਹਈਆ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਮਿਲਣ ਵਾਲੀਆਂ ਰਿਆਇਤਾਂ ਖਤਮ ਕਰ ਦਿੱਤੀਆਂ ਜਾਣਗੀਆਂ। ਅਮਰੀਕਾ ਵਿੱਚ ਨਿਵੇਸ਼ ਕਰਨ ਵਾਲੀਆਂ ਅਤੇ ਦੇਸ਼ ਵਿੱਚ ਵਿਦੇਸ਼ ਤੋਂ ਰੁਜ਼ਗਾਰ ਲਿਆਉਣ ਵਾਲੀਆਂ ਕੰਪਨੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।
ਅਮਰੀਕੀ ਕਾਂਗਰਸ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਅਰਥਵਿਵਸਥਾ ਦਾ ਅਜਿਹਾ ਖਾਕਾ ਪੇਸ਼ ਕੀਤਾ, ਜਿਸ ਦੇ ਤਹਿਤ ਅਮਰੀਕਾ ਨੂੰ ਆਊਟਸੋਰਸਿੰਗ, ਕਰਜ਼ੇ ਦੇ ਬੋਝ ਅਤੇ ਵਿਖਾਵੇ ਦੇ ਵਿੱਤੀ ਲਾਭ ਤੋਂ ਦੂਰ ਕੀਤਾ ਜਾਵੇਗਾ। ਜਿਹੜੀਆਂ ਕੰਪਨੀਆਂ ਦੇਸ਼ ਵਿੱਚ ਨੌਕਰੀਆਂ ਲਿਆਉਣ ਦਾ ਯਤਨ ਕਰਨਗੀਆਂ, ਉਨ੍ਹਾਂ ਉਪਰ ਹੀ ਸਰਕਾਰੀ ਧੰਨ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ, “ਸਾਡੀ ਅਰਥਵਿਵਸਥਾ ਜਿਵੇਂ-ਜਿਵੇਂ ਸੁਧਰ ਰਹੀ ਹੈ ਤਾਂ ਆਊਟਸੋਰਸਿੰਗ ਇਸ ਨੂੰ ਕਮਜ਼ੋਰ ਕਰ ਰਹੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਕੁਸ਼ਲ ਪੇਸ਼ੇਵਰਾਂ ਅਤੇ ਨਿਵੇਸ਼ਕਾਂ ਦਾ ਆਪਣੇ ਦੇਸ਼ ਵਿੱਚ ਸਵਾਗਤ ਕਰੇਗਾ। ਅਮਰੀਕਾ ਦੀ ਇਸ ਨਵੀਂ ਨੀਤੀ ਨਾਲ ਭਾਰਤ ਵਿੱਚ ਸਥਾਪਿਤ ਕੰਪਨੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਇੰਡੀਆ ਦੀ ਇਸ ਘੋਸ਼ਣਾ ਨੇ ਇੰਡੀਆ ਇੰਕ ਦੀ ਪਰੇਸ਼ਾਨੀ ਵੱਧਾ ਦਿੱਤੀ ਹੈ।