ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਅਤੇ ਇਥੇ ਹੀ ਕੁਝ ਸਮਾਂ ਸੇਵਾ ਨਿਭਾਉਣ ਉਪਰੰਤ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿੱਚ ਅਨੇਕਾਂ ਉੱਚ ਪਦਵੀਆਂ ਤੇ ਰਹੇ ਡਾ: ਕੇ ਐਲ ਚੱਢਾ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਪੁਰਸਕਾਰ ਮਿਲਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਭਾਰਤ ਵਿੱਚ ਬਾਗਬਾਨੀ ਦੇ ਵਿਕਾਸ ਲਈ ਸਿਰਕੱਢ ਖੋਜ ਅਤੇ ਪ੍ਰਸ਼ਾਸਕੀ ਕਾਰਜ ਕਰਨ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣਾ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਡਾ: ਚੱਢਾ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿੱਚ ¦ਮਾ ਸਮਾਂ ਡਿਪਟੀ ਡਾਇਰੈਕਟਰ ਜਨਰਲ, ਭਾਰਤ ਸਰਕਾਰ ਦੇ ਬਾਗਬਾਨੀ ਕਮਿਸ਼ਨਰ, ਕੌਮੀ ਬਾਗਬਾਨੀ ਬੋਰਡ ਦੇ ਕਾਰਜਕਾਰੀ ਡਾਇਰੈਕਟਰ ਅਤੇ ਭਾਰਤੀ ਖੇਤੀ ਖੋਜ ਪ੍ਰੀਸਦ ਵਿੱਚ ਕੌਮੀ ਪ੍ਰੋਫੈਸਰ ਵੀ ਰਹੇ ਹਨ।
ਡਾ: ਢਿੱਲੋਂ ਨੇ ਮੁਬਾਰਕ ਭੇਜਦਿਆਂ ਦੱਸਿਆ ਕਿ ਡਾ: ਚੱਢਾ ਜਿਥੇ ਬੋਰਲਾਗ ਐਵਾਰਡ, ਡਾ: ਵੀ ਪੀ ਪਾਲ ਐਵਾਰਡ, ਡਾ: ਐਸ ਕੇ ਮਿੱਤਰਾ ਮੈਮੋਰੀਅਲ ਐਵਾਰਡ, ਸ਼੍ਰੀ ਓਮ ਪ੍ਰਕਾਸ਼ ਭਸੀਨ ਐਵਾਰਡ ਤੋਂ ਇਲਾਵਾ ਕਈ ਹੋਰ ਪੁਰਸਕਾਰਾਂ ਦੇ ਵਿਜੇਤਾ ਹਨ ਉਥੇ ਭਾਰਤੀ ਖੇਤੀ ਵਿਗਿਆਨ ਸੁਸਾਇਟੀ ਦੇ ਵੀ ਪ੍ਰਧਾਨ ਰਹੇ ਹਨ। ਅੰਤਰ ਰਾਸ਼ਟਰੀ ਪੱਧਰ ਤੇ ਉਨ੍ਹਾਂ ਦੀ ਬਾਗਬਾਨੀ ਖੇਤਰ ਵਿੱਚ ਪਛਾਣ ਸਰਵ ਪ੍ਰਵਾਣਿਤ ਹੈ। ਭਾਰਤ ਵਿੱਚ ਬਾਗਬਾਨੀ ਵਿਕਾਸ ਲਈ ਯੋਜਨਾ ਕਮਿਸ਼ਨ ਵੱਲੋਂ ਬਣਾਏ ਵਰਕਿੰਗ ਗਰੁੱਪ ਦੇ ਵੀ ਆਪ ਚੇਅਰਮੈਨ ਸਨ। ਵੱਖ ਵੱਖ ਸੂਬਿਆਂ ਨੇ ਉਨ੍ਹਾਂ ਦੀ ਇਸ ਖੇਤਰ ਵਿੱਚ ਲਿਆਕਤ ਦਾ ਲਾਭ ਉਠਾਇਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪਰਿਵਾਰ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਦੇਸ਼ ਦੇ ਪਦਮਸ਼੍ਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਸਾਲ ਦੇ ਜੇਤੂਆਂ ਵਿੱਚ ਡਾ: ਕੇ ਐਲ ਚੱਢਾ ਅਤੇ ਸਾਡੀ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਅਤੇ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਵੀ ਸ਼ਾਮਿਲ ਹਨ।