ਲੁਧਿਆਣਾ:-ਭਾਰਤ ਸਰਕਾਰ ਦੇ ਖੁਰਾਕ ਅਤੇ ਲੋਕ ਵੰਡ ਪ੍ਰਣਾਲੀ ਨਾਲ ਸਬੰਧਿਤ ਵਿਭਾਗ ਦੇ ਸਕੱਤਰ ਡਾ: ਬੀ ਸੀ ਗੁਪਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਦੇਸ਼ ਅੰਦਰ 25 ਤੋਂ 40 ਫੀ ਸਦੀ ਅਨਾਜ ਸਿਰਫ ਪ੍ਰੋਸੈਸਿੰਗ ਦੀ ਅਣਹੋਂਦ ਕਾਰਨ ਅਜਾਂਈ ਚਲਾ ਜਾਂਦਾ ਹੈ। ਇਸ ਲਈ ਹੁਣ ਸਾਲ 2015 ਤੀਕ ਭਾਰਤ ਸਰਕਾਰ ਸਬਜ਼ੀਆਂ ਅਤੇ ਫ਼ਲਾਂ ਦੀ ਪ੍ਰੋਸੈਸਿੰਗ 6 ਫੀ ਸਦੀ ਤੋਂ ਵਧਾ ਕੇ 20 ਫੀ ਸਦੀ ਕਰ ਰਹੀ ਹੈ। ਇਸ ਨਾਲ ਗਲੋਬਲ ਖੁਰਾਕ ਵਪਾਰ ਵਿੱਚ ਸਾਡਾ ਹਿੱਸਾ ਡੇਢ ਫੀ ਸਦੀ ਤੋਂ ਵੱਧ ਕੇ 3 ਫੀ ਸਦੀ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਵਧਦੀ ਆਬਾਦੀ ਦਾ ਢਿੱਡ ਭਰਨ ਲਈ ਸਾਨੂੰ ਹੋਰ ਵਧੇਰੇ ਅਨਾਜ ਦੀ ਲੋੜ ਪੈਣੀ ਹੈ ਅਤੇ ਇਸ ਕੰਮ ਵਿੱਚ ਖੇਤੀਬਾੜੀ ਖੋਜ, ਤਕਨਾਲੋਜੀ ਅਤੇ ਖੁਰਾਕ ਸੰਬੰਧੀ ਆਦਤਾਂ ਵਿੱਚ ਤਬਦੀਲੀ ਦਾ ਵੀ ਵੱਡਾ ਹਿੱਸਾ ਹੋਵੇਗਾ। ਡਾ: ਗੁਪਤਾ ਨੇ ਆਖਿਆ ਕਿ ਇਸ ਵੇਲੇ ਭਾਰਤ ਦੀ ਪ੍ਰੋਸੈਸ ਕੀਤੇ ਅਨਾਜ ਦੀ ਮੰਡੀ ਲਗਪਗ 250,000 ਕਰੋੜ ਹੈ ਜਿਸ ਵਿਚੋਂ ਅਨਾਜ ਦਾ ਕੀਮਤ ਵਾਧਾ ਕੀਤੇ ਉਤਪਾਦਨ ਦਾ ਹਿੱਸਾ 80 ਹਜ਼ਾਰ ਕਰੋੜ ਰੁਪਏ ਹੈ। ਅਨਾਜ ਪ੍ਰੋਸੈਸਿੰਗ ਖੇਤਰ ਵਿੱਚ ਫ਼ਲ, ਸਬਜ਼ੀਆਂ, ਮਸਾਲੇ, ਮਾਸ, ਦੁੱਧ ਉਤਪਾਦਨ, ਅਲਕੋਹਲ ਅਧਾਰਿਤ ਪੀਣ ਪਦਾਰਥ ਅਤੇ ਅਨਾਜ ਪ੍ਰੋਸੈਸਿੰਗ ਆਉਂਦੇ ਹਨ। ਉਨ੍ਹਾਂ ਆਖਿਆ ਕਿ ਵਿਕਸਤ ਮੁਲਕਾਂ ਵਿੱਚ 14 ਫੀ ਸਦੀ ਰੁਜ਼ਗਾਰ ਭੋਜਨ ਪ੍ਰੋਸੈਸਿੰਗ ਖੇਤਰ ਵਿੱਚ ਹੁੰਦਾ ਹੈ ਜਦ ਕਿ ਭਾਰਤ ਵਿੱਚ ਸਿਰਫ 3 ਫੀ ਸਦੀ ਲੋਕ ਹੀ ਇਸ ਪਾਸੇ ਆ ਰਹੇ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਰਹੇ ਡਾ: ਬੀ ਸੀ ਗੁਪਤਾ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਖੇਤੀ ਉਪਜ ਦੀ ਪ੍ਰੋਸੈਸਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਸੀ ਪਰ ਉਸ ਸਮੇਂ ਵਧੇਰੇ ਅਨਾਜ ਉਤਪਾਦਨ ਵੱਲ ਹੀ ਸਾਡਾ ਧਿਆਨ ਕੇਂਦਰਿਤ ਰਿਹਾ। ਡਾ: ਗੁਪਤਾ ਨੇ ਕਿਹਾ ਕਿ ਖੇਤੀਬਾੜੀ ਦਾ ਭਾਰਤੀ ਅਰਥਚਾਰੇ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਹੋ ਸਕਦਾ ਹੈ । ਉਨ੍ਹਾਂ ਆਖਿਆ ਕਿ ਖੇਤੀਬਾੜੀ ਵਿਕਾਸ ਲਈ ਖੇਤੀਬਾੜੀ ਇੰਜੀਨੀਅਰਿੰਗ ਦਾ ਯੋਗਦਾਨ ਹੋਰ ਵਧਾਉਣ ਦੀ ਲੋੜ ਹੈ ਕਿਉਂਕਿ ਅੱਜ ਪ੍ਰਾਪਤ ਖੇਤੀਬਾੜੀ ਮਸ਼ੀਨਰੀ ਵਿਚੋਂ ਲਗਪਗ 90 ਫੀ ਸਦੀ ਮਸ਼ੀਨਰੀ ਉਤਪਾਦਕ ਬਹੁਤੇ ਸੰਗਠਿਤ ਕਾਰੋਬਾਰਾਂ ਵਾਲੇ ਨਹੀਂ ਹਨ। ਤਜਰਬੇ ਅਤੇ ਮੁਹਾਰਤ ਨਾਲ ਹੀ ਖੇਤੀਬਾੜੀ ਇੰਜੀਨੀਅਰਿੰਗ ਨਾਲ ਸਬੰਧਿਤ ਸੰਸਥਾਵਾਂ ਦਾ ਯੋਗਦਾਨ ਇਸ ਖੇਤਰ ਵਿੱਚ ਵਧ ਸਕਦਾ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਇੰਜੀਨੀਅਰਿੰਗ ਸੰਸਥਾਵਾਂ ਵਿਚੋਂ ਸਿਖਲਾਈ ਅਤੇ ਮੁਹਾਰਤ ਪ੍ਰਾਪਤ ਕੀਤੇ ਇੰਜੀਨੀਅਰ ਤਾਜ਼ਾ ਤਕਨਾਲੋਜੀ ਮੁਹੱਈਆ ਕਰਵਾ ਸਕਦੇ ਹਨ। ਵਿਸ਼ਵ ਪੱਧਰ ਦੀ ਖੇਤੀਬਾੜੀ ਮਸ਼ੀਨਰੀ ਦਾ ਵਿਕਾਸ ਕਰਕੇ ਹੀ ਅਸੀਂ ਖੇਤੀਬਾੜੀ ਵਿੱਚ ਵਿਸ਼ਵ ਮੰਡੀ ਦੀਆਂ ਲੋੜਾਂ ਪੂਰੀਆਂ ਕਰ ਸਕਾਂਗੇ। ਉਨ੍ਹਾਂ ਆਖਿਆ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਵੀ ਖੇਤੀਬਾੜੀ ਇੰਜੀਨੀਅਰਿੰਗ ਵੱਡਾ ਯੋਗਦਾਨ ਪਾ ਸਕਦੀ ਹੈ।
ਡਾ:ਗੁਪਤਾ ਨੇ ਆਖਿਆ ਕਿ ਸੱਜਰੇ ਫ਼ਲਾਂ, ਸਬਜ਼ੀਆਂ ਅਤੇ ਅਨਾਜ ਦੀ ਭੰਡਾਰਨ ਸਮਰੱਥਾ ਵਧਾਉਣ ਵਿੱਚ ਵੀ ਖੇਤੀਬਾੜੀ ਮਸ਼ੀਨਰੀ ਅਤੇ ਤਕਨਾਲੋਜੀ ਵੱਡਾ ਹਿੱਸਾ ਪਾ ਸਕਦੀ ਹੈ। ਖੇਤੀਬਾੜੀ ਇੰਜੀਨੀਅਰਾਂ ਨੂੰ ਨਾਸ਼ਮਾਨ ਫ਼ਲਾਂ ਅਤੇ ਸਬਜ਼ੀਆਂ ਦੀ ਖਪਤਯੋਗ ਮਿਆਦ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਫ਼ਸਲਾਂ ਦੀ ਕਟਾਈ ਉਪਰੰਤ ਸੰਭਾਲ ਅਤੇ ਅਨਾਜ ਸੁਰੱਖਿਆ ਵੀ ਬੇਹੱਦ ਜ਼ਰੂਰੀ ਹੈ। ਡਾ: ਗੁਪਤਾ ਨੇ ਆਖਿਆ ਕਿ ਦੇਸ਼ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ ਲਈ ਇਸ ਵੇਲੇ ਪ੍ਰਾਪਤ ਮੰਡੀਕਰਨ ਅਤੇ ਢੋਆ-ਢੁਆਈ ਢਾਂਚਾ ਵੀ ਪੂਰੀ ਯੋਗਤਾ ਨਾਲ ਕੰਮ ਨਹੀਂ ਕਰ ਰਿਹਾ। ਇਸ ਵਿੱਚ ਵੀ ਸਰਕਾਰੀ ਅਤੇ ਨਿੱਜੀ ਭਾਈਵਾਲੀ ਵੱਡਾ ਹਿੱਸਾ ਪਾ ਸਕਦੀ ਹੈ। ਸੂਚਨਾ ਅਤੇ ਸੰਚਾਰ ਤਕਨੀਕਾਂ ਦੇ ਖੇਤਰ ਵਿੱਚ ਜਿਵੇਂ ਹਾਲੈਂਡ ਅਤੇ ਇਜਰਾਈਲ ਨੇ ਕਮਾਲ ਕਰ ਵਿਖਾਈ ਹੈ ਉਵੇਂ ਹੀ ਸਾਡੇ ਇੰਜੀਨੀਅਰਾਂ ਨੂੰ ਵੀ ਖੇਤੀ ਵਿਕਾਸ ਦੀ ਗਤੀ ਤੇਜ਼ ਕਰਨ ਲਈ ਇਸ ਖੇਤਰ ਵਿੱਚ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿੱਚ ਅਨਾਜ ਸੰਬੰਧੀ ਵਣਜ ਕਰਨ ਲਈ ਵਿਸ਼ੇਸ਼ ਸਿਖਲਾਈ ਅਤੇ ਮੁਹਾਰਤ ਪ੍ਰਾਪਤ ਇੰਜੀਨੀਅਰ ਵੱਡਾ ਹਿੱਸਾ ਪਾ ਸਕਦੇ ਹਨ। ਵਿਸ਼ਵ ਦੀ ਭੋਜਨ ਫੈਕਟਰੀ ਵਜੋਂ ਵਿਕਸਤ ਹੋਣ ਲਈ ਭਾਰਤ ਸਚਮੁਚ ਭਵਿੱਖ ਦੀ ਵੱਡੀ ਉਮੀਦ ਬਣ ਸਕਦਾ ਹੈ ਅਤੇ ਇਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇੰਜੀਨੀਅਰ ਯਕੀਨਨ ਵੱਡੀ ਧਿਰ ਬਣ ਸਕਦੇ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ।
ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ:ਪਿਰਤਪਾਲ ਸਿੰਘ ਲੁਬਾਣਾ ਨੇ ਕਾਲਜ ਦੀ ਵਿਕਾਸ ਰਿਪੋਰਟ ਪੇਸ਼ ਕੀਤੀ । ਇਸ ਮੌਕੇ ਸਾਲ 2005 ਤੋਂ 2010 ਦਰਮਿਆਨ ਪਾਸ ਹੋਏ 248 ਵਿਦਿਆਰਥੀਆਂ ਨੂੰ ਬੀ ਟੈਕ ਦੀਆਂ ਡਿਗਰੀਆਂ, 3 ਵਿਦਿਆਰਥੀਆਂ ਨੂੰ ਗੋਲਡ ਮੈਡਲ, 72 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ 99 ਵਿਦਿਆਰਥੀਆਂ ਕਾਲਜ ਮੈਰਿਟ ਕਲਰਜ਼ ਪ੍ਰਦਾਨ ਕੀਤੇ ਗਏ। ਟੈਫੇ ਕੰਪਨੀ ਵੱਲੋਂ 11 ਅਤੇ ਸ਼ਿਵਾਸੈਲਮ ਐਵਾਰਡ ਅਤੇ 13 ਚ¦ਤ ਟਰਾਫੀਆਂ ਵੀ ਪ੍ਰਦਾਨ ਕੀਤੀਆਂ ਗਈਆਂ।