ਗੁਰੂ ਦੀ ਨਗਰੀ ਨਾਲ ਮਸਹੂਰ, ਪੰਜਾਬ ਦੇ ਸਰਹੱਦੀ ਸ਼ਹਿਰ ਅਮ੍ਰਿੰਤਸਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਿਕਾਸ ਕਾਰਜ ਹੋ ਰਹੇ ਹਨ ਜਿਸ ਨਾਲ ਇਸ ਸ਼ਹਿਰ ਦਾ ਨਕਸਾ ਕਾਫੀ ਹੱਦ ਤੱਕ ਬਦਲ ਚੁੱਕਾ ਹੈ। ਐਲੀਵੇਟਿਡ ਰੋਡ ਦਾ ਬਣਨਾ, ਈਸਟਾ ਵਰਗੇ ਹੋਟਲ ਦਾ ਨਿਰਮਾਣ ਨੇ ਸ਼ਹਿਰ ਦਾ ਮਾਣ ਵਧਾਇਆ ਹੈ ਉੱਥੇ ਹੀ ਅਲਫਾ ਵਨ ਅਤੇ ਸੈਲੀਬਰੇਸ਼ਨ ਮਾਲ ਬਣਨ ਨਾਲ ਲੋਕਾਂ ਨੂੰ ਜਿੱਥੇ ਮੰਨੋਰਜਨ ਦੇ ਸਾਧਨ ਮਿਲੇ, ਉੱਥੇ ਹੀ ਲੋਕਾਂ ਨੂੰ ਖਰੀਦੋ-ਫਰੋਖਤ ਕਰਨ ਦੀ ਆਸਾਨ ਅਤੇ ਵਰਾਇਟੀ ਭਰਪੂਰ ਸਹੂਲਤ ਮਿਲੀ ਹੈ।ਸ਼ਹਿਰ ਵਿੱਚ ਹੋਰ ਵੀ ਕਾਫੀ ਨਿਰਮਾਣ ਕਾਰਜ ਹੋ ਰਹੇ ਹਨ। ਸਿਟੀ ਬਸ ਚਲਾਉਣ ਤੇ ਵੀ ਵਿਚਾਰ-ਚਰਚੇ ਚੱਲ ਰਹੇ ਹਨ। ਇੱਕ ਬਹੁਤ ਵਧੀਆ ਦਰਜੇ ਦਾ ਬੱਸ ਸਟੈਂਡ ਵੀ ਇੱਥੇ ਹੈ।ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸਗਤਾਂ ਨੂੰ ਆਉਣ ਜਾਣ ਦੀਆਂ ਵਧੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸਗਤਾਂ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਸ਼ਹਿਰ ਵਿੱਚ ਇਤਿਹਾਸਿਕ ਸਥਾਨਾਂ ਦੀ ਭਰਮਾਰ ਹੈ।ਜਲ੍ਹਿਆ ਵਾਲਾ ਬਾਗ ਵਿੱਚ ਲੋਕ ਭਾਰੀ ਗਿਣਤੀ ਵਿੱਚ ਆ ਰਹੇ ਹਨ।ਸ਼ਹਿਰ ਵਿੱਚ ਯੂਨੀਵਰਸਿਟੀ, ਖਾਲਸਾ ਕਾਲਜ ਵਰਗਾ ਕਾਲਜ, ਜੋ ਕਈ ਸੌ ਏਕੜਾ ਵਿੱਚ ਬਣਿਆ, ਜਿੱਥੇ ਮੁੰਡੇ-ਕੁੜੀਆਂ ਲਈ ਪੜਾਈ ਦੇ ਨਾਲ-ਨਾਲ ਆਰਾਮ ਕਰਨ ਅਤੇ ਘੁੰਮਣ-ਫਿਰਨ ਲਈ ਹਰੀਆਂ-ਭਰੀਆਂ ਪਾਰਕਾਂ ਵੀ ਹਨ। ਡੀ,ਏ, ਵੀ, ਕਾਲਜ, ਹਿੰਦੂ ਕਾਲਜ ਅਤੇ ਸਰਕਾਰੀ ਕਾਲਜ ਵੀ ਹੈ।ਸਰਕਾਰੀ ਸਕੂਲ ਦੇ ਨਾਲ-ਨਾਲ ਸੀ ਬੀ ਐਸ ਈ, ਆਈ ਸੀ ਐਸ ਈ ਪੈਟਰਨ ਦੇ ਵਧੀਆ ਸਕੂਲ ਵੀ ਹਨ । ਪਾਰਟ ਟਾਈਮ ਸਟੱਡੀ ਲਈ ਐਨ ਆਈ ਆਈ ਟੀ ਅਤੇ ਪੀ ਟੀ ਯੂ ਦੇ ਸੈਂਟਰ ਵੀ ਹਨ ਜਿੱਥੇ ਨੌਕਰੀ ਦੇ ਨਾਲ ਨਾਲ ਵਿੱਦਆਰਥੀ ਪੜਾਈ ਵੀ ਕਰ ਸਕਦੇ ਹਨ।ਹਰ ਤਰ੍ਹਾਂ ਦੇ ਕੱਪੜੇ ਦੀ ਵਰਾਇਟੀ ਵਾਲਾ ਕੱਟੜਾ ਜੈਮਲ ਸਿੰਘ ਅਤੇ ਹਰ ਤਰ੍ਹਾਂ ਦੇ ਕੰਮਿਉਟਰ, ਲੈਪਟਾਪ ਅਤੇ ਉਸ ਦੇ ਕਲ-ਪੁਰਜਿਆ ਦੀਆ ਵੱਡੀਆਂ ਦੁਕਾਨਾਂ ਵਾਲਾ ਨਹਿਰੂ ਸ਼ੋਪਿੰਗ ਕੰਪਲੈਕਸ ਵੀ ਲਾਰੈਸ ਰੋਡ ਤੇ ਮੌਜੂਦ ਹੈ। ਹੋਰ ਵੀ ਸ਼ੋਰੂਮ ਅਤੇ ਮਾਲਜ ਹਨ ਉੱਥੇ ਹੀ ਲੜਕੀਆਂ ਦਾ ਮਸ਼ਹੂਰ ਬੀ ਬੀ ਕੇ ਡੀ ਏ ਵੀ ਕਾਲਜ ਵੀ ਮੌਜੂਦ ਹੈ। ਜਿੱਥੇ ਇਹ ਕਾਲਜ ਆਪਣੀ ਪੜਾਈ ਲਾਈ ਜਾਣਿਆ ਜਾਂਦਾ ਹੈ ਉੱਥੇ ਹੀ ਇਸ ਕਾਲਜ ਦੀਆਂ ਲੜਕੀਆਂ ਫੈਸ਼ਨ ਵਿੱਚ ਵੀ ਪਿੱਛੇ ਨਹੀਂ ਹਨ। ਕਈ ਪ੍ਰਕਾਰ ਦੇ ਜੀਨਸ ਸਟਾਈਲ, ਸਕਰਟ ਆਦਿ ਆਧੂਨਿਕ ਡਰੈਸ ਤੋ ਇਲਾਵਾ ਅੱਜ ਦੇ ਦੌਰ ਦੇ ਹੇਅਰ ਸਟਾਈਲ ਵੀ ਦੇਖਣ ਨੂੰ ਮਿਲਦੇ ਹਨ। ਲਾਰੈਂਸ ਰੋਡ ਤੇ ਆ ਕੇ ਤੁਹਾਨੂੰ ਕੁਝ ਕੁਝ ਦਿੱਲੀ ਅਤੇ ਮੁਬੰਈ ਸਹਿਰਾਂ ਵਾਂਗ ਚਮਕ ਦਮਕ ਮਹਿਸੂਸ ਹੋ ਸਕਦੀ ਹੈ। ਸਵੇਰ ਸ਼ਾਮ ਦੀ ਸੈਰ ਲਈ ਹਰਿਆ-ਭਰਿਆ ਅਤੇ ਪਾਣੀ ਦੇ ਫੁਵਾਰਿਆ ਵਾਲਾ ਕੰਪਨੀਬਾਗ, ਰਾਨੀ ਕਾ ਬਾਗ ਵਰਗੀਆ ਪਾਰਕਾਂ ਦੀ ਵੀ ਸਹੂਲਤ ਹੈ।ਵਾਟਰ ਪਾਰਕ ਵਿੱਚ ਜਾਣ ਦੇ ਸੌਕੀਨਾਂ ਲਈ ਸਨ ਸਿਟੀ ਹੈ ਜਿੱਥੇ ਲੋਕ ਵੱਖ-ਵੱਖ ਤਰ੍ਹਾਂ ਦੇ ਝੂਟੇ ਵੀ ਲੈ ਸਕਦੇ ਹਨ। ਵਧੀਆ ਦਿਨ ਗੁਜਾਰ ਸਕਦੇ ਹਨ ਤੇ ਸਮੁੰਦਰੀ ਲਹਿਰਾਂ ਵਰਗਾ ਮਜਾ ਵਾਟਰ ਪਾਰਕ ਵਿਚ ਲੈ ਸਕਦੇ ਹਨ।ਵਧੀਆ ਰੇਲਵੇ ਸਟੇਸਨ ਵੀ ਸ਼ਹਿਰ ਦੀ ਖੂਬਸੂਰਤੀ ਵਧਾ ਰਿਹਾ ਹੈ। ਖਾਣਪੀਣ ਲਈ ਮੈਕਡੋਨਲਡ ਦਾ ਬਰਗਰ ਅਤੇ ਪਿਜਾ ਹੱਟ ਦਾ ਪਿਜਾ ਮੌਜੂਦ ਹੈ। ਅਗਰ ਜੇਬ ਜਿਆਦਾ ਦੀ ਇਜਾਜਤ ਨਹੀਂ ਦੇ ਰਹੀ ਤਾਂ ਭਰਾਵਾਂ ਦਾ ਢਾਬਾ ਵਿੱਚ ਵੀ ਵੱਧੀਆ ਖਾਣਾ ਤਿਆਰ ਮਿਲਦਾ ਹੈ। ਸਿਹਤ-ਸਹੂਲਤਾਂ ਲਈ ਵੱਡੇ ਹਸਪਤਾਲ ਫੋਟਿਸ ਅਤੇ ਅਮਨਦੀਪ ਮੌਜੂਦ ਹਨ। ਦੋ ਪਹੀਆਂ ਵਾਹਨ ਏਜੰਸੀਆਂ ਅਤੇ 7-8 ਵੱਡੀਆ ਕਾਰ ਡੀਲਰਸਿੱਪਸ਼ ਵੀ ਉਪਲਬਧ ਹਨ। ਅਜੇ ਵੀ ਬਹੁਤ ਕੁਛ ਵਰਣਨ ਕੀਤੇ ਬਿਨਾ ਰਹਿ ਗਿਆ ਹੈ।ਮਤਲਬ ਕਿ ਸ਼ਹਿਰ ਇੱਕ ਆਧੂਨਿਕ ਸ਼ਹਿਰ ਬਣ ਰਿਹਾ ਹੈ।ਜਿੱਥੇ ਵੱਡੇ-ਵੱਡੇ ਮਾਲਜ, ਹੋਟਲ, ਕਾਲਜ-ਯੂਨਵਿਰਸਿਟੀ, ਹਸਪਤਾਲ, ਪਾਰਕ, ਆਧੁਨਿਕ ਬਸ ਸਟੈਂਡ, ਐਲੀਵੇਟਿਡ ਰੋਡ ਆਦਿ ਮੌਜੂਦ ਹੈ। ਜਿਨ੍ਹਾਂ ਨੇ ਸਹਿਰ ਨੂੰ ਖੂਬਸੂਰਤ ਅਤੇ ਆਧੂਨਿਕ ਬਣਾਇਆ, ਜਿਸ ਦਾ ਸਿਲ੍ਹਾ ਅਸੀਂ ਆਪਣੇ ਹਾਕਮਾਂ ਨੂੰ ਦੇ ਸਕਦੇ ਹਾਂ ਪਰ?
ਇਹ ਸਿੱਕੇ ਦਾ ਇੱਕ ਪਹਿਲੂ ਸੀ। ਜਿਹੜਾ ਖੂਬਸੂਰਤ ਸੀ। ਪਰ ਸਿੱਕੇ ਦਾ ਦੂਜਾ ਪਹਿਲੂ ਥੋੜਾ ਦੁਖਦਾਈ ਹੈ।ਸ਼ਹਿਰ ਵਿੱਚ ਦੋ ਵੱਡੀਆਂ ਕਮੀਆਂ ਹਨ।ਇੱਕ ਇਸ ਦੀ ਟਰੈਫਿਕ ਦੀ ਸੱਮਸਿਆ ਅਤੇ ਦੂਜੀ ਸਾਫ-ਸਫਾਈ ਦੀ। ਮਤਲਬ ਕਿ ਬਾਰਿਸ ਹੋਣ ਤੇ ਸੀਵਰੇਜ ਜਾਂ ਸੜਕਾਂ ਤੋਂ ਪਾਣੀ ਨਾ ਨਿਕਲਣ ਦੀ ਸਮਸਿੱਆ। ਪਹਿਲਾਂ ਟਰੈਫਿਕ ਦੀ ਗੱਲ ਕਰਦੇ ਹਾਂ। ਟਰੈਫਿਕ ਦੀ ਸੱਮਸਿਆ ਪਿਛਲੇ ਕਈ ਸਾਲਾਂ ਤੋਂ ਜਿਉਂ ਦੀ ਤਿਉਂ ਹੈ। ਪ੍ਰਸ਼ਾਸਨ ਤੇ ਟਰੈਫਿਕ ਪੁਲਿਸ ਕੋਲ ਇਸ ਦਾ ਕੋਈ ਹੱਲ ਨਹੀਂ ਹੈ। ਉਹ ਤਾਂ ਸਿਰਫ ਦੋ-ਪਹੀਆਂ ਹੈਲਮਟ ਚਲਾਨ ਕੱਟਣ ਤੱਕ ਸੀਮਿਤ ਹੈ। ਟਰੈਫਿਕ ਤਾਂ ਅੰਮ੍ਰਿਤਸਰ ਦੇ ਅੰਦਰ ਦਾਖਲ ਹੁੰਦਿਆਂ ਹੀ ਸ਼ੁਰੂ ਹੋ ਜਾਂਦੀ ਹੈ। ਸਿਰਫ ਐਲੀਵੇਟਿਡ ਪੁਲ ਤੋਂ ਉੱਪਰ ਜਾਣ ਵਾਲੇ ਲੋਕ ਹੀ ਟਰੈਫਿਕ ਤੋਂ ਬਚ ਸਕਦੇ ਹਨ। ਫਿਰ ਸੁਲਤਾਨਵਿੰਡ ਬਜਾਰ ਦਾ ੧ ਕਿਲੋਮੀਟਰ ਵੀ ਪਾਰ ਕਰਨ ਲਈ ਕਾਫੀ ਸਮਾਂ ਬਰਬਾਦ ਕਰਨਾ ਪੈ ਸਕਦਾ ਹੈ।ਪਰ ਜੇ ਭੀੜ ਦਾ ਨਜਾਰਾ ਦੇਖਣਾ ਹੈ ਤਾਂ ‘ਭਰਾਵਾਂ ਦਾ ਢਾਬਾ’ ਤੋਂ ਸੁਰੂ ਹੋ ਕੇ ਕਟੜਾ ਜੈਮਲ ਸਿੰਘ, ਕਟੜਾ ਸ਼ੇਰ ਸਿੰਘ, ਹਾਲ ਬਜਾਰ, ਰਾਮ ਬਾਗ ਮਤਲਬ ਕਿ ਆਸ ਪਾਸ ਦਾ ਇਹ ਇਲਾਕਾ ਸੱਬ ਤੋਂ ਭੀੜਾ ਹੈ।ਅਗਰ ਇਸ ਦੇ ਆਲੇ ਦੁਆਲੇ ਦੇ 7-8 ਕਿਲੋਮੀਟਰ ਨੂੰ ਸਕੂਟਰ-ਮੋਟਰਸਾਈਕਲ ਤੇ ਪੂਰਾ ਕਰਨਾ ਹੈ ਤਾਂ 1 ਘੰਟੇ ਤੋਂ ਉਪੱਰ ਲਗ ਸਕਦਾ ਹੈ ਪਰ ਅਗਰ ਤੁਸੀ ਸਾਰਾ ਦਿਨ ਵਿਹਲੇ ਹੋ ਤਾਂ ਫਿਰ ਕਾਰ ਤੇ ਵੀ ਸਫਰ ਵੀ ਕਰ ਸਕਦੇ ਹੋ. ਹੁਣ ਬਸ ਸਟੈਂਡ ਦਾ ਚੱਕਰ ਲਗਾੳਣਾ ਹੋਵੇ ਤਾਂ ਉਥੇ ਵੀ ਉਪਰੋਕਤ ਸਮਸਿੱਆ ਆਂਉਂਦੀ ਹੈ। ਇਹੀ ਹਾਲ ਲਾਰੈਂਸ ਰੋਡ, ਮਜੀਠਾ ਰੋਡ, ਬਟਾਲਾ ਰੋਡ ਦਾ ਹੈ।ਕਵੀਨਜ ਰੋਡ ਦਾ ਤਾਂ ਬਹੁਤ ਬੁਰਾ ਹਾਲ ਹੈ। ਫਿਰ ਕਚਹਿਰੀ ਰੋਡ ਦੇ ਆਸ ਪਾਸ ਦੇ ਰੋਡ ਵੀ ਟਰੈਫਿਕ ਦੀ ਲਪੇਟ ਵਿੱਚ ਹਨ। ਸਿਰਫ ਰਾਨੀ ਕਾ ਬਾਗ ਤੇ ਰਣਜੀਤ ਐਵਨਿੳ, ਗਰੀਨ ਐਵਨਿਉ ਦੇ ਅੰਦਰਲੇ ਬਜਾਰ ਹੀ ਥੋੜੇ ਬਚੇ ਹੋਏ ਹਨ ਜਾਂ ਫਿਰ ਨਵ-ਨਿਰਮਾਣ ਕਲੋਨੀਆਂ। ਹਰਿਮੰਦਰ ਸਾਹਿਬ ਦੇ ਦਰਸਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਟਰੈਫਿਕ ਵਿੱਚੋਂ ਲੰਘ ਕੇ ਹੀ ਜਾਣਾ ਪੈਂਦਾ ਹੈ। ਜਿੱਥੇ ਵਿਦੇਸ਼ੀ ਵੀ ਭਾਰਤ ਦੀ ਟਰੈਫਿਕ ਵੇਖ ਕੇ ਦੰਗ ਰਹਿ ਜਾਂਦੇ ਹੋਣਗੇ।
ਟਰੈਫਿਕ ਦੀ ਸੱਮਸਿਆਂ ਨੂੰ ਸਾਡੇ ਸਿਆਸੀ ਆਗੂਆਂ, ਧਾਰਮਿਕ ਆਗੂਆਂ ਤੇ ਹੜਤਾਲੀ ਯੂਨੀਅਨਾਂ ਨੇ ਸੱਭ ਤੋਂ ਵੱਧ ਹਵਾ ਦਿੱਤੀ ਹੈ। ਜਦ ਜੀਅ ਕੀਤਾਂ ਸੜਕ ਵਿਚਕਾਰ ਆਵਾਜਾਈ ਰੋਕ ਕੇ ਪ੍ਰੋਗਰਾਮ ਚਾਲੂ ਕਰ ਦਿਤਾ।ਸੜਕ ਹੈ, ਕੋਈ ਕਿਸੇ ਦੀ ਪੁਸਤੈਨੀ ਜਾਇਦਾਦ ਤਾਂ ਨਹੀਂ। ਜਿੱਥੇ ਵੇਖੋ ਜਲੂਸ ਧਰਨੇ, ਰੈਲੀਆਂ, ਮਾਰਚ ਕਢੇ ਜਾ ਰਹੇ ਹੈ। ਆਵਾਜਾਈ ਜਾਵੇ ਢੱਠੇਖੂਹ ਵਿੱਚ। ਟਰੈਫਿਕ ਪੁਲਿਸ ਬੱਸ ਇਹੀ ਕਰਦੀ ਹੈ ਕਿ ਇੱਕ ਰਸਤਾ ਰੋਕ ਕੇ, ਨਵਾਂ ਸੁਰੂ ਕਰ ਦਿੰਦੀ ਹੈ। ਪਰ ਇਹ ਕੋਈ ਹੱਲ ਨਹੀਂ। ਕੀ ਇਸ ਦਾ ਕੋਈ ਹੱਲ ਹੈ? ਜਰੂਰ ਹੈ. ਪਰ ਉਸ ਨੂੰ ਲਾਗੂ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ। ਟਰੈਫਿਕ ਘਟਾਉਣ ਲਈ ਤੰਗ ਸੜਕਾਂ ਥੋੜੀਆਂ ਖੁੱਲੀਆਂ ਕਰਨੀਆਂ ਪੈਣਗੀਆਂ, ਧਰਨਿਆਂ-ਜਲੂਸਾ ਤੇ ਸਖਤਾਈ ਵਰਤਣੀ ਪਵੇਗੀ। ਪੈਦਲ ਗਰੁੱਪ ਮਾਰਚਾਂ ਨੂੰ ਰੋਕਣਾ ਹੋਵੇਗਾ।ਆਟੋ-ਰਿਕਸਾ ਅਤੇ ਬੱਸ ਡਰਾਈਵਰਾ ਦੀ ਖਰਾਬ ਡਰਾਈਵਿੰਗ ਨੂੰ ਠੱਲ ਪਾਉਣੀ ਹੋਵੇਗੀ।ਜਿਹਨਾਂ ਨੂੰ ਆਪਣੀ ਸਵਾਰੀ ਨੂੰ ਛੱਡ ਕੇ ਹੋਰ ਕੋਈ ਨਜਰ ਹੀ ਨਹੀਂ ਆਉਂਦਾ। ਪਰੈਸ਼ਰ ਹਾਰਨ ਮਾਰ ਮਾਰ ਕੇ ਬੰਦੇ ਦਾ ਤ੍ਰਾਹ ਕੱਢ ਕੇ ਰੱਖ ਦਿੰਦੇ ਹਨ ਇਹ। ਛੋਟੇ ਬਜਾਰਾਂ ਵਿੱਚ ਵੱਡੀਆਂ ਗੱਡੀਆਂ ਦੇ ਲੰਘਣ ਨੂੰ ਰੋਕਣਾ ਹੋਵੇਗਾ।ਨਾਲ-ਨਾਲ ਲੋਕਾਂ ਵਿੱਚ ਜਾਗਰਿਤੀ ਪੈਦਾ ਕਰਨੀ ਹੋਵੇਗੀ ਕਿ ਉਹ ਸੜਕ ਵਿਚਕਾਰ ਆਪਣੀ ਗੱਡੀ ਖੜੀ ਕਰਕੇ ਕੋਈ ਕੰਮ ਨਾ ਕਰਨ, ਮੋਬਾਈਲ ਨਾ ਸੁਣਨ ਆਦਿ।ਪਰ ਇਹ ਸਭ ਪ੍ਰਸਾਸ਼ਨ ਦੇ ਹੱਥ ਹੈ।
ਇਸ ਤੋਂ ਬਾਅਦ ਗੱਲ ਕਰਦੇ ਹਾਂ, ਸ਼ਹਿਰ ਦੀ ਸਾਫ-ਸਫਾਈ ਤੇ ਬਾਰਿਸ ਦੇ ਦਿਨਾਂ ਵਿੱਚ ਪਾਣੀ ਦੇ ਨਿਕਾਸ ਦੇ ਨਾ ਹੋਣ ਦੀ ਸ਼ਹਿਰ ਵਿੱਚ ਸਾਫ ਸਫਾਈ ਦਾ ਹਾਲ ਬਹੁਤਾ ਵਧੀਆਂ ਨਹੀਂ। ਹਰਿਆਲੀ ਦੀ ਬਹੁਤ ਘਾਟ ਹੈ।ਸੜਕਾਂ ਖਰਾਬ ਤੇ ਮਿੱਟੀ-ਘੱਟੇ ਵਾਲੀਆਂ ਹਨ।ਸੜਕ ਬਣਾਉਣ ਵਾਲੇ ਵਿਭਾਗ ਤੇ ਸੀਵਰੇਜ ਵਿਭਾਗ ਵਿੱਚ ਦੁਸ਼ਮਣੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਸੜਕ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਮਗਰੇ ਹੀ ਸੀਵਰੇਜ ਵਿਭਾਗ ਸੜਕ ਪੁੱਟ ਕੇ ਸੀਵਰੇਜ ਠੀਕ ਕਰਨ ਵਿੱਚ ਲੱਗ ਜਾਂਦਾ ਹੈ।ਢੱਕਣ ਤਕਰੀਬਨ ਖੁੱਲੇ ਰਹਿੰਦੇ ਹਨ ਉਹ ਤਾਂ ਪੰਜਾਬੀ ਲੋਕਾਂ ਦੀ ਡਰਾਇਵਰੀ ਦਾ ਕਮਾਲ ਹੈ ਕਿ ਫਿਰ ਵੀ ਹਾਦਸਿਆਂ ਤੋਂ ਬਚ ਜਾਂਦੇ ਹਨ। ਲੋਕਲ, ਛੋਟੇ ਬਜਾਰਾਂ ਵਿੱਚ ਤਾਂ ਕਮਾਲ ਦੇਖਣ ਨੂੰ ਮਿਲਦੇ ਹਨ।ਕਿਸੇ ਘੱਰ ਸਾਦੀ-ਵਿਆਹ ਜਾਂ ਅੱਖੰਡ-ਪਾਠ ਹੋਣ ਤੇ ਆਪਣੇ ਵਾਲਾ ਬਜਾਰ ਹੀ ਦੋਵਾਂ ਪਾਸਿਆਂ ਤੋਂ ਬੰਦ ਕਰ ਲੈਂਦੇ ਹਨ। ਮਜਾਲ ਹੈ ਕਿਸੇ ਵਿੱਚ ਕੋਈ ਕੁਛ ਕਹਿ ਜਾਵੇ। ਆਪਣੀ ਮਰਜੀ ਨਾਲ ਹੀ ਸੜਕ ਵਿੱਚ ਦੋ-ਦੋ ਇੱਟਾਂ ਖੜੀਆਂ ਕਰਕੇ ਸਪੀਡ ਬਰੇਕਰ ਬਣਾ ਲੈਣਗੇ। ਲੰਘਣ ਵਾਲਾ ਭਾਵੇਂ ਹੀ ਆਪਣੀਆਂ ਹੱਡੀਆਂ ਤੁੜਵਾ ਲਵੇ।ਖੈਰ! ਅੰਮਿਤਸਰ ਦੀਆਂ ਸੜਕਾਂ ‘ਤੇ ਸਵਿੰਮਿਗ ਪੂਲ ਦਾ ਨਜਾਰਾ ਵੇਖਣਾ ਹੋਵੇ ਤਾਂ ਭਾਰੀ ਬਾਰਿਸ਼ ਵਿੱਚ ਹੀ ਦੇਖਿਆਂ ਜਾ ਸਕਦਾ ਹੈ। ਭਾਵੇਂ ਸੁਲਤਾਨਵਿੰਡ ਸਾਈਡ ਹੋਵੇ ਜਾਂ ਹਾਲ ਬਜਾਰ ਸਾਈਡ ਜਾਂ ਵਿਕਸਤ ਰੋਡ ਲਾਰੈਂਸ ਰੋਡ, ਸਾਰੇ ਹੀ ਬਾਰਿਸ਼ ਵਿੱਚ ਇੱਕ ਤਲਾਬ ਬਣੇ ਹੁੰਦੇ ਹਨ ਜਿਨਾਂ ਉੱਪਰ ਬਾਰਿਸ ਤੋਂ ੩-੪ ਘੰਟੇ ਬਾਅਦ ਵੀ ਗੋਡਿਆਂ ਤੋਂ ਉੱਪਰ ਤੱਕ ਪਾਣੀ ਰਹਿੰਦਾ ਹੈ।ਬੰਦ ਹੋਏ ਸਕੂਟਰ-ਮੋਟਰਸਾਈਕਲ ਲੋਕ ਧੱਕਾ ਲਗਾ ਕੇ ਲਿਆਂਊਂਦੇ ਦੇਖੇ ਜਾ ਸਕਦੇ ਹਨ ਅਤੇ ਕਾਰਾਂ ਨੂੰ ਸੜਕਾਂ ਵਿਚਕਾਰ ਹੀ ਬੰਦ ਪਿਆ ਵੇਖਿਆ ਜਾ ਸਕਦਾ ਹੈ। ਫਿਰ ਰਿਕਸ਼ੇ ਵਾਲੇ ੧੦ ਰੁਪੈ ਦੀ ਜਗਾਂ ੫੦-੧੦੦ ਰੁਪੈ ਲੈ ਕੇ ਸੜਕ ਪਾਰ ਕਰਵਾਉਂਦੇ ਹਨ। ਪਾਰਦਰਸ਼ੀ, ਪਤਲੇ ਤੇ ਛੋਟੇ ਕਪੜੇ ਪਾਈ ਮੁਟਿਆਰਾਂ ਸਰਮਸਾਰ ਹੋਈਆਂ ਨਜਰ ਆਉਂਦੀਆ ਹਨ।ਜਿਨਾਂ੍ਹ ਨੂੰ ਵੇਖ ਕੇ ਮਜਨੂੰ ਛੇੜਖਾਨੀਆਂ ਵੀ ਕਰਦੇ ਹਨ। ਬੰਦੇ ਵੀ ਅੱਧ ਕਪੜੇ ਪਾਈ ਨਜਰ ਆੳਂਦੇ ਹਨ। ਦੂਸ਼ਿਤ ਪਾਣੀ ਵਿੱਚ ਚਲਦੇ ਚਲਦੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਸਹੇੜਦੇ ਹਨ ਅਤੇ ਇਹ ਹਾਲ ਕਈ ਸਾਲਾਂ ਤੋਂ ਹੈ।ਪਰ ਪ੍ਰਸਾਸਨ ਇਸ ਨੂੰ ਹਲ ਕਰਨ ਵਿੱਚ ਨਕਾਮ ਹੈ, ਉਹ ਸਿਰਫ ਭਗਵਾਨ ਭਰੋਸੇ ਹੈ ਕਿ ਉਹੀ ਮੀਂਹ ਹਟਾਵੇ ਤਾਂ ਚੰਗਾ ਹੈ। ਪਰ ਕੀ ਇਸ ਦਾ ਕੋਈ ਹੱਲ ਹੈ? ਹੱਲ ਹੈ ਪਰ ਕਾਫੀ ਮੁਸਕਿਲ ਹੈ।ਲੋਕਾਂ ਨੇ ਭਰਤੀਆਂ ਪਾ ਪਾ ਕੇ ਆਪਣੇ ਘੱਰ, ਦੁਕਾਨਾਂ ਤੇ ਉਚੱੀਆ ਕਰ ਲਈਆਂ ਪਰ ਸੜਕਾਂ ਨੀਵੀਆਂ ਰਹਿ ਗਈਆਂ।ਹੁਣ ਇਸ ਦਾ ਇੱਕ ਇਹੀ ਹੱਲ ਬਚਦਾ ਹੈ, ਬਿਹਤਰੀਨ ਸੀਵਰੇਜ ਵਿਵਿਸੱਥਾ। ਤਾਂ ਜੋ ਪਾਣੀ ਨਾਲੋ ਨਾਲ ਹੀ ਨਿਕਲਦਾ ਜਾਵੇ ਅਤੇ ਜੰਮਾ ਨਾ ਹੋਵੇ। ਸੜਕਾਂ ਖੁਲੀਆਂ ਹੋਣ ਅਤੇ ਸੜਕਾਂ ਦੇ ਕਿਨਾਰਿਆਂ ਤੇ ਬੂਟੇ-ਪੌਦੇ ਲਗਾਏ ਜਾਣ, ਜਿਸ ਨਾਲ ਸਫਾਈ ਦੇ ਨਾਲ ਨਾਲ ਖੂਬਸੂਰਤੀ ਵੀ ਬਣੇ ਰਹੇ।ਅੰਿਮ੍ਰਤਸਰ ਸ਼ਹਿਰ ਅਗਰ ਇਹ ਦੋ ਵੱਡੀਆ ਸਮਸਿਆਵਾਂ ਹੱਲ ਕਰ ਲੈਂਦਾ ਹੈ ਤਾਂ ਇਹ ਦੇਸ਼ ਦੇ ਹੀ ਨਹੀਂ, ਵਿਦੇਸ਼ ਦੇ ਵੀ ਵਧੀਆਂ ਸ਼ਹਿਰਾਂ ਵਿੱਚ ਗਿਣਿਆ ਜਾਵੇਗਾ ਪਰ ਇਸ ਲਈ ਜਰੂਰੀ ਹੈ ਪ੍ਰਸ਼ਾਸਨ ਦਾ ਚੁਸਤ-ਦਰੁਸਤ ਹੋਣਾ। ਤਾਂ ਹੀ ਇਹ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਇੱਕ ਵਿਕੱਸਤ ਸ਼ਹਿਰ ਵਜੌਂ ਆਪਣੀ ਵਧੀਆ ਪਛਾਣ ਬਣਾ ਸਕਦਾ ਹੈ।
ਸਿਆਸੀ, ਸਿਆਸਤ ਤੇ ਸੱਤਾ
ਸਿਆਸੀ, ਸਿਆਸਤ ਤੇ ਸੱਤਾ। ਇਹ ਤਿੰਨ ਸਬਦ ਕਿਸੇ ਵੀ ਦੇਸ ਦੀ ਰਾਜਨੀਤਿਕ ਪ੍ਰਣਾਲੀ ਜਾਂ ਸਰਕਾਰ ਵਿੱਚ ਚੱਲਣ ਵਾਲੇ ਆਮ ਸਬਦ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਸਮਾਨ ਸਬਦ ਮੰਨਿਆ ਜਾਂਦਾ ਹੈ ਪਰ ਇਹ ਸਬਦ ਇੱਕ ਕ੍ਰਮਬੰਧ ਢੰਗ ਨਾਲ ਚਲਦੇ ਹੋਏ ਰਾਜਨੀਤੀ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ ਅਤੇ ਹਰ ਇੱਕ ਦਾ ਆਪਣਾ ਆਪਣਾ ਮਹੱਤਵ ਹੈ। ਇਸ ਦੀ ਸ਼ੁਰੂਆਤ ਇੱਕ ਵਿੱਅਕਤੀ ਤੋਂ ਉਦੋਂ ਹੀ ਹੋ ਜਾਂਦੀ ਹੈ, ਜਦ ਉਹ ਕਿਸੇ ਪਾਰਟੀ ਵਿੱਚ ਸ਼ਾਮਿਲ ਹੁੰਦਾ ਹੈ, ਤਾਂ ਉਹ ਇੱਕ ਸਿਆਸੀ ਆਦਮੀ ਬਣ ਜਾਂਦਾ ਹੈ ਕਿਉਂਕਿ ਉਸ ਦਾ ਸਬੰਧ ਸਿਆਸਤ (ਰਾਜਨੀਤੀ) ਨਾਲ ਜੁੜ ਜਾਂਦਾ ਹੈ। ਹੁਣ ਉਹ ਸਿਆਸੀ ਬੰਦਾ ਆਪਣੇ ਚੁਨਾਵ ਵਿੱਚ, ਆਪਣੀ ਜਿੱਤ ਪੱਕੀ ਕਰਨ ਲਈ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਾਹਮਣਾ ਕਰਨ ਲਈ, ਕਈ ਢੰਗ ਤਰੀਕੇ ਵਰਤਦਾ ਹੈ, ਉਸ ਨੇ ਹੁਣ ਤਕ ਕੀ ਕੀਤਾ, ਜਾਂ ਕੀ ਕਰੇਗਾ, ਦਾ ਗੁਨਗਾਨ ਕਰਦਾ ਹੈ, ਵਿਰੋਧੀਆਂ ਨੇ ਕਿਹੜੇ ਕਿਹੜੇ ਕੰਮ ਨਹੀਂ ਕੀਤੇ ਜਾਂ ਕਿਹੜੀਆਂ- ਕਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਹਨ, ਵਰਣਨ ਕਰਦਾ ਹੈ, ਮਤਲਬ ਕੇ ਆਪਣੀ ਜਿੱਤ ਪੱਕੀ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦਾ ਹੈ।ਇਹਨਾਂ ਸਾਰਿਆਂ ਕੰਮਾਂ ਨੂੰ, ਕਰਨ ਨੂੰ ਹੀ ਰਾਜਨੀਤਿਕ ਪ੍ਰਣਾਲੀ ਵਿੱਚ ਸਿਆਸਤ ਦਾ ਨਾਂ ਦਿੱਤਾ ਜਾਂਦਾ ਹੈ।ਹੁਣ ਉਹ ਵਿੱਅਕਤੀ ਨੇ ਜਿਹੜੀ ਸਿਆਸਤ ਕੀਤੀ, ਤੇ ਜੇ ਉਹ, ਜਾਂ ਉਸਦੀ ਪਾਰਟੀ ਚੁਨਾਵ ਜਿੱਤ ਜਾਂਦੀ ਹੈ, ਤਾਂ ਉਸ ਨੂੰ ਸੱਤਾ ਮਿਲ ਜਾਂਦੀ ਹੈ, ਮਤਲਬ ਕੇ ਉਸਦੀ ਸਰਕਾਰ ਬਣ ਜਾਂਦੀ ਹੈ।ਇਸ ਤਰ੍ਹਾਂ ਇਹ ਸਬਦ ਆਪਣੀ ਆਪਣੀ ਭੂਮਿਕਾਂ ਨਿਭਾੳਂਦੇ ਹਨ। ਇਸ ਨੂੰ ਵਿਗਿਆਨ ਦੀ ਭਾਸਾ ਵਿੱਚ ਸਾਈਕਲ ਵੀ ਕਹਿ ਸਕਦੇ ਹਾਂ।ਕਿਉਕਿ ਇਹ ਕ੍ਰਮ, ਦੁਬਾਰਾਂ ਚੋਨਾਵ ਹੋਣ ਤੇ ਫਿਰ ਇਸ ਹੀ ਚੱਲਦਾ ਰਹਿੰਦਾ ਹੈ। ਇਹ ਸਾਈਕਲ ਵਿਸ਼ਵ ਦੇ ਹੋਰ ਦੇਸ਼ਾ ਵਿੱਚ ਵੀ ਇਸੇ ਤਰ੍ਹਾਂ ਹੀ ਚਲਦਾ ਹੈ।ਭਾਰਤ ਵਰਗੇ ਦੇਸ਼ ਵਿੱਚ ਇਹ ਸਾਈਕਲ ਤਾਂ ਆਪਣੀ ਰਫਤਾਰ ਵਿੱਚ ਚੱਲ ਰਿਹਾ ਹੈ ਪਰ ਕਿਸ ਕਿਸ ਤਰ੍ਹਾਂ ਦੇ ਅਨੈਤਿਕ, ਹਿੰਸਾਤਿਮਕ ਆਦਿ ਜਿਹੜੇ ਤਰੀਕਿਆਂ ਨਾਲ ਇਹ ਚੱਲ ਰਿਹਾ ਹੈ ਉਹ ਇਹ ਸੋਚਣ ਲਈ ਮਜਬੂਰ ਕਰ ਰਿਹਾ ਹੈ ਕਿ ਇਸ ਦਾ ਅੰਤ ਕੀ ਹੈ? ਕਿਉਕਿ ਇਹ ਦਿਨੋ-ਦਿਨ ਨਿਘਾਰ ਵੱਲ ਜਾ ਰਿਹਾ ਹੈ।ਆਮ ਆਦਮੀ ਦਿਨੋ-ਦਿਨ ਗਰੀਬ ਹੋ ਰਿਹਾ ਹੈ ਪਰ ਸਾਡੇ ਸਿਆਸਤਦਾਨ ਦਿਨੋ-ਦਿਨ ਅਮੀਰ ਹੋ ਰਹੇ ਹਨ।
ਜਿਹੜੇ ਚੁਨਾਵ ਅੱਜ ਹੋ ਰਹੇ ਹਨ ਕੀ ਇਹਨਾਂ ਦੇ ਉਮੀਦਵਾਰਾਂ ਦੀ ਜਾਇਦਾਦ ਵਿੱਚ ਚੋਖਾ ਵਾਧਾ ਨਹੀਂ ਹੋਇਆ? ਜਿਸ ਤੋਂ ਇਹ ਲਗਦਾ ਹੈ ਕਿ ਸਾਡਾ ਦੇਸ਼ ਅਮੀਰ ਹੋ ਰਿਹਾ ਹੈ ਕਿਉਂਕਿ ਇਸ ਦੇ ਖਾਸ ਸੇਵਕਾਂ ਦੀ ਜਾਇਦਾਦ ਬੇਹਿਸਾਬਾ ਵੱਧ ਰਹੀ ਹੈ। ਪਰ ਗਰੀਬ ਆਦਮੀ ਦੀ ਹਾਲਤ ਵਿੱਚ ਸੁਧਾਰ ਕਿੳਂ ਨਹੀਂ ਹੋਇਆ? ਅੱਜ ਵੀ ਭਾਰਤ ਦੀ 80-85% ਅਬਾਦੀ ਮੱਧ ਵਰਗੀ ਹੈ, ਜਾਂ ਗਰੀਬ ਕਹਿ ਲਵੋ ਹੀ ਹੈ।ਸਿਰਫ 15-20% ਲੋਕ ਹੀ ਖੁਸ਼ਹਾਲ ਹਨ। ਸਾਡੇ ਆਗੂ ਆਪਣੇ ਆਪ ਨੂੰ ਦੇਸ਼ ਦਾ ਸੇਵਕ ਸਮਝਦੇ ਹਨ, ਪਰ ਇਹ ਕਿਵੈਂ ਹੋ ਸਕਦਾ ਹੈ ਕਿ ਮਾਲਕ ਗਰੀਬ ਹੋਵੇ ਤੇ ਉਸਦੇ ਸੇਵਕ ਅਮੀਰ ਹੋਣ।ਉਹ ਵੀ ਖਾਸ ਸੇਵਕ, ਨਾਂ ਕਿ ਆਮ ਸੇਵਕ। ਆਮ ਸੇਵਕ ਤਾਂ 80% ਅਬਾਦੀ ਹੈ ਜਿਹੜੀ ਗਰੀਬ ਹੀ ਹੈ। ਆਮ ਲੋਕ ਪੈਸੇ ਲਈ ਤਰਸਦੇ ਹਨ ਪਰ ਇਹ ਸਿਆਸੀ ਆਗੂ, ਚੁਨਾਵ ਵਿੱਚ ਪੈਸਾ ਪਾਣੀ ਤਰ੍ਹਾਂ ਵਹਾਂਉਂਦੇ ਹਨ। ਇਸ ਵਾਰ ਚੋਣ ਕਮਿਸ਼ਨ ਵਧਾਈ ਦਾ ਪਾਤਿਰ ਜਰੂਰ ਹੈ ਕਿੳਂਕਿ ਇਸ ਨੇ ਕੁਝ ਹੱਧ ਤੱਕ ਇਹਨਾਂ ਅਨੈਤਿਕ ਕੰਮਾਂ ਤੇ ਰੋਕ ਜਰੂਰ ਲਗਾਈ ਹੈ। ਪਰ ਅਜੇ ਵੀ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ।
ਅਸੀਂ ਲੋਕਤੰਤਰ ਨੂੰ ਸ੍ਰੇਸ਼ਠ ਕਹਿੰਦੇ ਹਾਂ ਪਰ ਲੋਕਤੰਤਰ ਵੀ ਸ੍ਰੇਸ਼ਠ ਨਹੀਂ ਹੈ। ਇਹ ਰਾਜਤੰਤਰ ਅਤੇ ਫੌਜੀ ਰਾਜ ਤੋਂ ਤਾਂ ਬਿਹਤਰ ਹੈ। ਪਰ ਇਸ ਵਿੱਚ ਕਾਰਲ ਮਾਰਕਸ ਦੀ ਵਿਚਾਰਧਾਰਾ ਨੂੰ ਵੀ ਥੋੜੀ ਥਾਂ ਦੇ ਦਿੱਤੀ ਜਾਵੇ ਤਾਂ ਬਿਹਤਰ ਹੋਵੇਗਾ। ਅਸੀਂ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਮਹੱਤਵ ਦਿੰਦੇ ਹਾਂ ਪਰ ਸਾਨੂੰ ਸੁਭਾਸ਼ ਚੰਦਰ ਬੋਸ ਦੇ ਵਿਚਾਰ ਵੀ ਅਮਲ ਵਿੱਚ ਲਿਆਉਣੇ ਪੈਣਗੇ। ਮਤਲਬ ਕਿ ਕੋਈ ਇੱਕ ਕਦੀ ਵੀ ਸ੍ਰੇਸ਼ਠ ਨਹੀਂ ਹੋ ਸਕਦਾ। ਸਾਨੂੰ ਸਾਰੇ ਮਹਾਨ ਵਿਅੱਕਤੀਆਂ ਦੀ ਵਿਚਾਰਧਾਰਾ ਨੂੰ ਛਾਣ ਕੇ, ਉਸ ਵਿੱਚੋਂ ਸਾਂਝੇ ਵਿਚਾਰ ਕੱਢ ਕੇ, ਇੱਕ ਵੱਧੀਆ ਵਿਚਾਰਧਾਰਾ ਤੇ ਆਪਣੇ ਲੋਕਤੰਤਰ ਨੂੰ ਲਿਆਉਣਾ ਪਵੇਗਾ। ਉਸ ਲੋਕਤੰਤਰ ਵਿੱਚ ਸਿਆਸੀ ਨੇਤਾ ਵੀ ਆਮ ਲੋਕਾਂ ਵਾਂਗ ਹੀ ਜੀਵਨ ਬਤੀਤ ਕਰਨਗੇ। ਭਾਰੀ ਸੁਰੱਖਿਆ, ਲਾਲ ਬੱਤੀ ਆਦਿ ਨੂੰ ਠੱਲ ਪਵੇਗੀ। ਪਰਿਵਾਰਵਾਦ ਦੀ ਜਗ੍ਹਾ ਯੋਗਤਾ ਲਵੇਗੀ। ਰਿਜਰਵੇਸਨ ਖਤਮ ਹੋਵੇਗੀ। ਸਿਆਸੀ ਸਹਿ ਪ੍ਰਾਪਤ ਨੌਕਰਸਾਹੀ ਕੰਮ ਵੀ ਕਰੇਗੀ, ਉਹ ਵੀ ਰਿਸ਼ਵਤ ਤੋ ਬਿਨਾ। ਪੁਲਿਸ ਰੋਅਬ ਦੀ ਪ੍ਰਤੀਕ ਨਹੀਂ, ਕੰਮ ਪ੍ਰਤੀ ਵਫਾਦਾਰ ਹੋਵੇਗੀ। ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰ ਰਹੇ ਵਿਹਲੜਾਂ ਤੇ ਯੋਗਤਾ ਰਹਿਤ ਵਿੱਅਕਤੀਆਂ ਨੂੰ ਕਢਣਾ ਪਵੇਗਾ।ਹਰ ਬੰਦਾ ਆਪਣਾ ਫਰਜ ਸਮਝ ਕੇ ਕੰਮ ਕਰੇਗਾ ਤਾਂ ਉਹੀ ਸਹੀ ਲੋਕਤੰਤਰ ਹੋਵੇਗਾ।