ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵਿਧਾਨ ਸਭਾ ਚੋਣਾਂ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜ ਗਈਆਂ ਅਤੇ ਇਹਨਾਂ ਚੋਣਾਂ ਦੌਰਾਨ 81 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 54-ਬਸੀ ਪਠਾਣਾ, 55-ਫਤਹਿਗੜ੍ਹ ਸਾਹਿਬ ਅਤੇ 56-ਅਮਲੋਹ ਵਿੱਚ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ ਅਤੇ ਕਿਸੇ ਪਾਸੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ। ਜ਼ਿਲ੍ਹਾ ਚੋਣ ਅਫਸਰ ਸ਼੍ਰੀ ਮਹਾਜਨ ਨੇ ਚੋਣ ਅਮਲ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਦਿੱਤੇ ਸਹਿਯੋਗ ਕਾਰਨ ਜ਼ਿਲ੍ਹੇ ਦੇ ਸਮੂਹ ਵੋਟਰਾਂ, ਰਾਜਸੀ ਪਾਰਟੀਆਂ ਅਤੇ ਚੋਣ ਡਿਊਟੀ ’ਤੇ ਲਗਾਏ ਗਏ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਸ਼੍ਰੀ ਮਹਾਜਨ ਨੇ ਦੱਸਿਆ ਕਿ ਹਲਕਾ 54-ਬਸੀ ਪਠਾਣਾ ਵਿੱਚ 78.5 ਫੀਸਦੀ ਵੋਟਾਂ ਪਈਆਂ, ਹਲਕਾ 55-ਫਤਹਿਗੜ੍ਹ ਸਾਹਿਬ ਵਿੱਚ 84 ਫੀਸਦੀ ਵੋਟਾਂ ਪਈਆਂ ਅਤੇ ਹਲਕਾ 56-ਅਮਲੋਹ ਵਿੱਚ 81.24 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।