ਡਾ: ਸੁਰਜੀਤ ਪਾਤਰ ਨੂੰ ਪਦਮਸ਼੍ਰੀ ਪੁਰਸਕਾਰ ਮਿਲਣਾ ਪੰਜਾਬੀ ਜ਼ੁਬਾਨ ਅਤੇ ਪੰਜਾਬੀਆਂ ਲਈ ਉਹ ਮਿੱਠੀ ਖ਼ਬਰ ਹੈ ਜਿਸ ਦੀ ਸਾਨੂੰ ਸਭ ਨੂੰ ਕਈ ਵਰ੍ਹਿਆਂ ਤੋਂ ਉਡੀਕ ਸੀ। ਪਾਤਰ ਦੀ ਸ਼ਾਇਰੀ ਨੇ ਸਮੁੱਚੇ ਗਲੋਬ ਤੇ ਆਪਣੀਆਂ ਪੈੜਾਂ ਇੰਨੀਆਂ ਗੂੜ੍ਹੀਆਂ ਕੀਤੀਆਂ ਹਨ ਕਿ ਵਿਸ਼ਵ ਵਿੱਚ ਵਸਦਾ ਹਰ ਪੰਜਾਬੀ ਉਨ੍ਹਾਂ ਦੇ ਬੋਲਾਂ ਨੂੰ ਆਪਣੇ ਬੋਲਾਂ ਤੇ ਮਿਸ਼ਰੀ ਵਾਂਗ ਧਰਨਾ ਲੋਚਦਾ ਹੈ। ਜ¦ਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਪੈਦਾ ਹੋਏ ਵੱਡੀਆਂ ਭੈਣਾਂ ਦੇ ਨਿੱਕੇ ਵੀਰ ਸੁਰਜੀਤ ਨੂੰ ਰਣਧੀਰ ਕਾਲਜ ਕਪੂਰਥਲਾ ਵਿੱਚ ਪੜ੍ਹਦਿਆਂ ਹੀ ਉਸ ਦੀ ਅਧਿਆਪਕਾ ਪ੍ਰੋਫੈਸਰ ਮਨੋਹਰ ਕੌਰ ਅਰਪਣ ਨੇ ਪਛਾਣ ਲਿਆ ਸੀ। ਪੱਤੜ ਤੋਂ ਪਾਤਰ ਬਣਨ ਦਾ ਸੁਭਾਗ ਵੀ ਇਸੇ ਸਮੇਂ ਵਿੱਚ ਹੀ ਸੁਰਜੀਤ ਨੂੰ ਮਿਲਿਆ। ਅਮਿਤੋਜ ਅਤੇ ਸੁਰਜੀਤ ਪਾਤਰ ਦੀ ਸਾਹਿਤਕ ਜੋੜੀ ਨੇ ਛੇਵੇਂ ਦਹਾਕੇ ਦੇ ਆਰੰਭ ਵਿੱਚ ਹੀ ਆਪਣੀ ਹਸਤੀ ਦਾ ਲੋਹਾ ਮੰਨਵਾਉਣਾ ਸ਼ੁਰੂ ਕਰ ਦਿੱਤਾ ਸੀ। ਕਾਲਜ ਕਾਲ ਦੌਰਾਨ ਹੀ ਪ੍ਰੀਤਲੜੀ, ਨਾਗਮਣੀ ਅਤੇ ਆਰਸ਼ੀ ਮੈਗਜ਼ੀਨਾਂ ਵਿੱਚ ਪ੍ਰਮੁਖਤਾ ਨਾਲ ਛਪਣਾ ਉਨ੍ਹਾਂ ਦੀ ਪ੍ਰਤਿਭਾ ਦਾ ਹੀ ਕਮਾਲ ਸੀ।
ਆਪਣੇ ਮਿੱਤਰ ਵੀਰ ਸਿੰਘ ਰੰਧਾਵਾ ਦੀ ਪ੍ਰੇਰਨਾ ਨਾਲ ਉਹ ਜਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ ਏ ਦੀ ਪੜ੍ਹਾਈ ਕਰਨ ਗਿਆ ਤਾਂ ਉਦੋਂ ਯੂਨੀਵਰਸਿਟੀ ਅਜੇ ਉੱਸਰ ਰਹੀ ਸੀ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਡਾ: ਹਰਚਰਨ ਸਿੰਘ, ਦਲੀਪ ਕੌਰ ਟਿਵਾਣਾ, ਡਾ: ਰਤਨ ਸਿੰਘ ਜੱਗੀ, ਡਾ: ਹਰਕੀਰਤ ਸਿੰਘ, ਡਾ: ਪ੍ਰੇਮ ਪ੍ਰਕਾਸ਼ ਸਿੰਘ ਵਰਗੇ ਅਧਿਆਪਕ ਨਿਯੁਕਤ ਹੋ ਚੁੱਕੇ ਸਨ। ਸਹਿ ਪਾਠੀਆਂ ਵਿੱਚ ਡਾ: ਸਤਿੰਦਰ ਸਿੰਘ ਨੂਰ ਵੀ ਸ਼ਾਮਿਲ ਸੀ ਅਤੇ ਰਵਿੰਦਰ ਭੱਠਲ ਵੀ। ਪਟਿਆਲੇ ਦੀਆਂ ਹਵਾਵਾਂ ਵਿੱਚ ਉਦੋਂ ਮਹਿੰਦਰਾ ਕਾਲਜ ਦੀ ਸਰਦਾਰੀ ਸਿਖ਼ਰਾਂ ਤੇ ਸੀ। ਇਥੇ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਨਿਗਰਾਨੀ ਹੇਠ ਪੜ੍ਹਦੇ ਅਦਬੀ ਭੂਤਾਂ, ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਡਾ: ਕੁਲਵੰਤ ਗਰੇਵਾਲ, ਡਾ: ਗੁਰਭਗਤ ਸਿੰਘ ਦੀ ਤੂਤੀ ਬੋਲਦੀ ਸੀ। ਇਨ੍ਹਾਂ ਦੇ ਕਾਫਲੇ ਵਿੱਚ ਸੁਰਜੀਤ ਪਾਤਰ ਵੀ ਆ ਰਲਿਆ। ਇਥੇ ਪੜ੍ਹਦੇ ਪੜ੍ਹਾਉਂਦਿਆਂ ਵਿਸ਼ਵ ਦੇ ਕਲਾਸਕੀ ਸਾਹਿਤ ਨਾਲ ਦੋਸਤੀ ਪਈ। ਇਹੀ ਦੋਸਤੀ ਬਾਅਦ ਵਿੱਚ ਸੁਰਜੀਤ ਪਾਤਰ ਦੀ ਸ਼ਕਤੀ ਬਣੀ।
ਕੁਝ ਸਮਾਂ ਇਸੇ ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਵਜੋਂ ਕੰਮ ਕਰਦਿਆਂ ਜਦ ਵੇਲੇ ਦੀ ਯੂਨੀਵਰਸਿਟੀ ਹਕੂਮਤ ਨੂੰ ਇਨ੍ਹਾਂ ਦੀ ਨਾਬਰੀ ਰਾਸ ਨਾ ਆਈ ਤਾਂ ਪਟਿਆਲਾ ਛੱਡਣਾ ਪਿਆ। ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿੱਚ ਡਾ: ਜੋਗਿੰਦਰ ਕੈਰੋਂ ਨੇ ਆਪਣੇ ਕੋਲ ਬੁਲਾ ਲਿਆ। ਉਸ ਕਾਲਜ ਵਿੱਚ ਕੁਝ ਸਮਾਂ ਪੜ੍ਹਾਇਆ ਹੀ ਸੀ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੁਲਾ ਲਿਆ। ਇਥੇ ਵੀ ਰਿਸਰਚ ਸਕਾਲਰ ਦੀ ਨੌਕਰੀ ਸੀ। ਰਿਸਰਚ ਸਕਾਲਰ ਤੋਂ ਅੱਗੇ ਤੁਰਨ ਦੇ ਮੌਕੇ ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਦੇ ਆਉਣ ਨਾਲ ਲੁਧਿਆਣਾ ਦੇ ਅਦਬੀ ਅੰਬਰ ਵਿੱਚ ਰੌਣਕਾਂ ਆਈਆਂ। ਯੂਨੀਵਰਸਿਟੀ ਵਿੱਚ ਉਦੋਂ ਪ੍ਰੋਫੈਸਰ ਮੋਹਨ ਸਿੰਘ ਵੀ ਕੰਮ ਕਰਦੇ ਸਨ, ਕੁਲਵੰਤ ਸਿੰਘ ਵਿਰਕ ਵੀ, ਅਜਾਇਬ ਚਿਤਰਕਾਰ ਵੀ ਅਤੇ ਕ੍ਰਿਸ਼ਨ ਅਦੀਬ ਵੀ। ਡਾ: ਸਾਧੂ ਸਿੰਘ, ਡਾ: ਐਸ ਐਸ ਦੁਸਾਂਝ, ਡਾ: ਸ ਨ ਸੇਵਕ ਅਤੇ ਕਈ ਹੋਰ ਅਦਬੀ ਚਿਹਰੇ ਖੇਤੀ ਯੂਨੀਵਰਸਿਟੀ ਦੀ ਸ਼ਾਨ ਸਨ। ਉਦੋਂ ਹੀ ਡਾ: ਮਹਿੰਦਰ ਸਿੰਘ ਰੰਧਾਵਾ ਇਥੇ ਦੇ ਵਾਈਸ ਚਾਂਸਲਰ ਸਨ। ਪਾਤਰ ਦੀ ਸ਼ਾਇਰੀ ਵਿੱਚੋਂ ਉਦੋਂ ਅਜੇ
‘‘ਕੋਈ ਡਾਲੀਆਂ ’ਚੋਂ ¦ਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।’
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
ਤੂੰ ਤੇ ਲੰਘ ਜਾਂਨੈ ਪਾਣੀ ਕਦੇ ਵਾਅ ਬਣ ਕੇ।
ਸੁਰਜੀਤ ਪਾਤਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸੇਵਾ ਵਿੱਚ ਪਹੁੰਚ ਕੇ ਬਹੁਤ ਯਾਦਗਾਰੀ ਕਵਿਤਾਵਾਂ ਲਿਖੀਆਂ। ਇਸ ਦਾ ਸਬੰਧ ਭਾਵੇਂ ਥਾਂ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਪਰ ਪ੍ਰਤਿਭਾ ਦੇ ਮੌਲਣ ਲਈ ਇਹ ਧਰਤੀ ਬਹੁਤ ਭਾਗਾਂ ਵਾਲੀ ਗਿਣੀ ਜਾਣੀ ਚਾਹੀਦੀ ਹੈ। ਇਥੇ ਰਹਿੰਦਿਆਂ ਹੀ ਪਾਤਰ ਨੇ ਆਪਣੀ ਪਹਿਲੀ ਕਿਤਾਬ ਪ੍ਰਮਿੰਦਰਜੀਤ ਅਤੇ ਜੋਗਿੰਦਰ ਕੈਰੋਂ ਨਾਲ ਮਿਲ ਕੇ ਕੋਲਾਜ਼ ਕਿਤਾਬ ਨਾਮ ਹੇਠ ਛਪਵਾਈ। ਇਥੇ ਰਹਿੰਦਿਆਂ ਹੀ ਉਸ ਦੀਆਂ ਬਾਕੀ ਕਿਤਾਬਾਂ ਛਪੀਆਂ। ਇਥੇ ਰਹਿੰਦਿਆਂ ਹੀ ਉਨ੍ਹਾਂ ਨੂੰ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ। ਇਥੇ ਹੀ ਸਰਸਵਤੀ ਸਨਮਾਨ ਤੇ ਹੁਣ ਪਦਮਸ਼੍ਰੀ ਉਪਾਧੀ ਵੀ ਇਥੇ ਹੀ । ਸਭ ਤੋਂ ਵੱਡੀ ਉਪਾਧੀ ਉਨ੍ਹਾਂ ਦੀ ਜੀਵਨ ਸਾਥਣ ਭੁਪਿੰਦਰ ਕੌਰ ਵੀ ਉਨ੍ਹਾਂ ਦੀ ਇਸੇ ਸ਼ਹਿਰ ਵਿੱਚ ਹੀ ਜੀਵਨ ਸਾਥਣ ਬਣ ਕੇ ਆਈ। ਦੋਵੇਂ ਪੁੱਤਰ ਅੰਕੁਰ ਅਤੇ ਮਨਰਾਜ ਵੀ ਇਸੇ ਸ਼ਹਿਰ ਵਿੱਚ ਹੀ ਜਨਮੇ ਅਤੇ ਪ੍ਰਵਾਨ ਚੜ੍ਹੇ।
ਸ਼ਹਿਰਾਂ ਦੇ ਆਪੋ ਆਪਣੇ ਨਿਸ਼ਾਨ ਹੁੰਦੇ ਨੇ। ਕਿਤੇ ਅੰਬਰਸਰ ਖਾਲਸਾ ਕਾਲਜ ਦੀ ਇਮਾਰਤ ਤੋਂ ਪਛਾਣਿਆ ਜਾਂਦਾ ਹੈ। ਪਟਿਆਲੇ ਦਾ ਮੋਤੀ ਮਹਿਲ ਬਾਕੀ ਸ਼ਹਿਰਾਂ ਦੇ ਵੀ ਆਪੋ ਆਪਣੇ ਨਿਸ਼ਾਨ ਨੇ। ਲੁਧਿਆਣੇ ਦਾ ਅਦਬੀ ਨਿਸ਼ਾਨ ਇਸ ਵੇਲੇ ਸੁਰਜੀਤ ਪਾਤਰ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਪ੍ਰਧਾਨ ਵੀ ਛੇ ਸਾਲ ਰਿਹਾ। ਕੋਈ ਅਦਬੀ ਮਹਿਫ਼ਲ ਅਜਿਹੀ ਨਹੀਂ ਜਿਥੇ ਉਸ ਦੀ ਦੇਸ਼ ਪ੍ਰਦੇਸ਼ ਵਿੱਚ ਉਡੀਕ ਨਾ ਹੋਵੇ। ਕੋਈ ਵਿਸ਼ਾ ਅਜਿਹਾ ਨਹੀਂ ਜਿਸ ਬਾਰੇ ਉਸ ਦੀ ਕਲਮ ਨੇ ਆਪਣੇ ਵਿਚਾਰ ਨਾ ਪ੍ਰਗਟਾਏ ਹੋਣ। ਨਿਜ਼ਾਮ ਬਾਰੇ ਉਸ ਦੀਆਂ ਇਹ ਸਤਰਾਂ ਅਕਸਰ ਸੁਣਾਈਆਂ ਜਾਂਦੀਆਂ ਨੇ।
ਯਾਰੋ ਐਸ ਕਿਤੇ ਨਿਜ਼ਾਮ ਨਹੀਂ
ਜਿਸ ’ਚ ਸੂਲੀ ਦਾ ਇੰਤਜ਼ਾਮ ਨਹੀਂ।
ਮੈਂ ਤਾਂ ਸੂਰਜ ਹਾਂ, ਛੁਪ ਕੇ ਵੀ ਬਲਦਾਂ,
ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ।
ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ
ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ।
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ,
ਮਤਲਬ ਨਾ ਲੈ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।
ਸੁਰਜੀਤ ਪਾਤਰ ਨੇ ਦਫ਼ਤਰੀ ਨਿਜ਼ਾਮ ਬਾਰੇ ਵੀ ਬੜੀ ਸਟੀਕ ਟਿੱਪਣੀ ਕਰਦਿਆਂ ਕਦੇ ਕਿਹਾ ਸੀ :
ਲੱਤਾਂ ਨੇ ਜੇ ਚਾਰ ਤਾਂ ਕਿਉਂ ਦੌੜ ਨਾ ਜਾਈਏ
ਕਮਰੇ ’ਚ ਪਏ ਮੇਜ਼ ਇਹੋ ਸੋਚ ਰਹੇ ਨੇ।
ਮੇਰੀ ਧੁੱਪ ਬੀਮਾਰ ਪਈ ਹੈ,
ਮੇਰੇ ਸੂਰਜ ਨੂੰ ਘੜੀਆਂ ਨੇ ਟੁੱਕ ਦਿੱਤਾ ਹੈ
ਦਫ਼ਤਰ ਦੇ ਦਰਵਾਜਿਓ ਬਾਹਰ
ਮੇਰੀ ਨਜ਼ਮ ਉਡੀਕਦੀ ਮੈਨੂੰ ਬੁੱਢੀ ਹੋ ਗਈ
ਓਸ ਵਿਚਾਰੀ ਦੇ ਤਾਂ ¦ਮੜੇ ਵਾਲ ਸੁਹਾਣੇ
ਬਿਨਾਂ ਪਲੋਸਣ ਚਿੱਟੇ ਹੋ ਗਏ।
ਮੈਂ ਕੁਰਸੀ ਵਿੱਚ ਚਿਣ ਹੋਇਆਂ ਹਾਂ
ਕੁਰਸੀ ਵਿੱਚ ਚਿਣਿਆਂ ਪੁੱਤਰਾਂ ਨੂੰ
ਸਾਹਿਬਜ਼ਾਦੇ ਕੌਣ ਕਹੇਗਾ?
ਸੁਰਜੀਤ ਪਾਤਰ ਕੋਲ ਬੜੀ ਤੇਜ਼ ਤਰਾਰ ਤਿੱਖੀ ਨਜ਼ਰ ਹੈ। ਸ਼ਾਇਦ ਇਸੇ ਕਰਕੇ ਉਹ ਸੱਤਾ ਦੀ ਅੱਖ ਵਿਚਲੀ ਸ਼ੈਤਾਨੀਅਤ ਨੂੰ ਪਛਾਣਦਾ ਹੈ। ਇਹੀ ਤੇਜ਼ ਅੱਖ ਉਸ ਤੋਂ ਬੁੱਢੀ ਜਾਦੂਗਰਨੀ ਆਖਦੀ ਹੈ ਵਰਗੀ ਨਜ਼ਮ ਲਿਖਵਾਉਂਦੀ ਹੈ
ਬੁੱਢੀ ਜਾਦੂਗਰਨੀ ਆਖਦੀ ਹੈ
ਤੇਰਾ ਵੀ ਨਾਮ ਰੱਖਾਂਗੇ
ਤੇਰੀ ਵੀ ਹਿੱਕ ਤੇ ਖੰਜ਼ਰ ਜਾਂ ਤਮਗਾ ਧਰ ਦਿਆਂਗੇ
ਜੀਣ ਜੋਗਾ ਤਾਂ ਹੋ
ਤੇਰੀ ਵੀ ਹੱਤਿਆ ਕਰ ਦਿਆਂਗੇ।
ਮੈਂ ਬੁੱਢੀ ਜਾਦੂਗਰਨੀ ਬੜੇ ਮੰਤਰ ਜਾਣਦੀ ਹਾਂ।
ਕੋਈ ਹਿੱਕ ਸਿਰਫ ਨਗਮੇ ਨਾਲ ਠਰਦੀ ਹੈ
ਕੋਈ ਹਿੱਕ ਸਿਰਫ ਤਗਮੇ ਨਾਲ ਠਰਦੀ ਹੈ
ਤੂੰ ਐਵੇਂ ਕਾਹਲਾ ਨਾ ਪੈ,
ਤੂੰ ਐਵੇਂ ਮਾਣ ਨਾ ਕਰ,
ਤੈਨੂੰ ਵੀ ਤੇਰੇ ਹਾਣ ਦੀ ਹੋਣੀ ਵਰ ਦਿਆਂਗੇ
ਜੀਣ ਜੋਗਾ ਤਾਂ ਹੋ, ਤੇਰੀ ਵੀ ਹੱਤਿਆ ਕਰ ਦਿਆਂਗੇ।
ਸੁਰਜੀਤ ਪਾਤਰ ਬਹੁਤ ਖੂਬਸੂਰਤ ਸ਼ਬਦ ਸ਼ਿਲਪੀ ਹੈ। ਉਸ ਦੇ ਹੱਥਾਂ ਦੇ ਛੋਹ ਪ੍ਰਾਪਤ ਕਰਨ ਸਾਰ ਗੂੰਗੇ ਸ਼ਬਦ ਬੋਲਣ ਲੱਗ ਪੈਂਦੇ ਹਨ। ਆਪਣੇ ਬਾਪ ਦੇ ਪ੍ਰਦੇਸ਼ ਗਮਨ ਅਤੇ ਮਾਂ ਦੀਆਂ ਅੱਖਾਂ ਵਿੱਚ ਤੋਰਨ ਲੱਗਿਆਂ ਆਈ ਉਦਾਸੀ ਦਾ ਜਿਕਰ ਇਸ ਤੋਂ ਸੋਹਣਾ ਹੋਰ ਉਹ ਕੀ ਕਰਦਾ।
ਸੁੰਨੇ ਸੁੰਨੇ ਰਾਹਾਂ ਉੱਤੇ,ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਏ।
ਸੁਰਜੀਤ ਪਾਤਰ ਨਾਲ ਪਿਛਲੇ 40 ਸਾਲਾਂ ਦੀ ਸਹਿ ਯਾਤਰਾ ਕਾਰਨ ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਸ ਦੇ ਲਿਖੇ, ਬੋਲੇ ਅਤੇ ਗਾਏ ਸ਼ਬਦਾਂ ਵਿੱਚ ਵੱਖਰੀ ਮਹਿਕ ਹੁੰਦੀ ਹੈ। ਸ਼ਬਦਾਂ ਨੂੰ ਇੰਝ ਸ਼ਿੰਗਾਰਦਾ ਹੈ ਜਿਵੇਂ ਪਹਿਲ ਪਲੇਠੀ ਨਾਰ ਪਹਿਲੀ ਵਾਰ ਹਾਰ ਸ਼ਿੰਗਾਰ ਕਰਦੀ ਹੈ। ਕੰਜ ਕੁਆਰੇ ਸ਼ਬਦਾਂ ਨੂੰ ਆਪਣੀ ਗ਼ਜ਼ਲ, ਨਜ਼ਮ ਅਤੇ ਗੀਤ ਵਿੱਚ ਸਦੀਵੀ ਅਮਰਤਾ ਬਖ਼ਸ਼ਦਾ ਹੈ। ਉਸ ਦੀ ਵਾਰਤਕ ਦਾ ਰੰਗ ਜਾਨਣਾ ਹੋਵੇ ਤਾਂ ਉਸ ਦੀ ਸੱਜਰੀ ਕਿਤਾਬ ‘ਸੂਰਜ ਮੰਦਰ ਦੀਆਂ ਪੌੜੀਆਂ’ ਵਿਚੋਂ ਲੰਘੋ। ਉਸ ਦੀ ਸ਼ਕਤੀ ਜਾਣ ਜਾਵੋਗੇ। ਉਸ ਦੀ ਨਾਟਕੀ ਰੁਪਾਂਤਰਣ ਸ਼ਕਤੀ ਜਾਨਣ ਲਈ ਤੁਸੀਂ ਨੀਲਮ ਮਾਨ ਸਿੰਘ ਦੇ ਖੇਡੇ ਨਾਟਕਾਂ ਨੂੰ ਵੇਖ ਸਕਦੇ ਹੋ।
ਸੁਰਜੀਤ ਪਾਤਰ ਦੀ ਸਖਸ਼ੀਅਤ ਨੂੰ ਜਾਨਣ ਅਤੇ ਮਾਨਣ ਲਈ ਉਸ ਦੀ ਹੀ ਇਕ ਨਜ਼ਮ ਪੁਲ ਰਾਹੀਂ ਮੈਂ ਆਪਣੀ ਗੱਲ ਸਿਰੇ ਲਾਉਂਦਾ ਹਾਂ
ਮੈਂ ਜਿਨ੍ਹਾਂ ਲੋਕਾਂ ਲਈ ਪੁਲ ਬਣ ਗਿਆ ਸਾਂ
ਮੇਰੇ ਉਪਰੋਂ ਦੀ ਜਦ ਲੰਘ ਰਹੇ ਸੀ
ਸ਼ਾਇਦ ਕਹਿ ਰਹੇ ਸੀ,
ਕਿਥੇ ਰਹਿ ਗਿਆ ਉਹ ਚੁਪ ਜਿਹਾ ਬੰਦਾ
ਸ਼ਾਇਦ ਪਿੱਛੇ ਮੁੜ ਗਿਆ ਹੈ
ਸਾਨੂੰ ਪਹਿਲਾਂ ਹੀ ਪਤਾ ਸੀ
ਉਸ ਵਿਚ ਦਮ ਨਹੀਂ ਹੈ।