ਅਮਰੀਕਾ ਵਿੱਚ ਹਰ ਸਾਲ ਨਵੰਬਰ ਦੇ ਅਖੀਰਲੇ ਵੀਰਵਾਰ ਨੂੰ ‘ਥੈਂਕਸ ਗਿਵਿੰਗ ਡੇ’ ਮਨਾਇਆ ਜਾਂਦਾ ਹੈ। ਅਸਲ ਵਿੱਚ ਇਹ ਤਿਉਹਾਰ ਯੂਰਪ ਦਾ ਹੈ। ਯੂਰਪ ਵਿੱਚ ਇਹ ਤਿਉਹਾਰ ਅਕਤੂਬਰ ਵਿੱਚ ਮਨਾਇਆ ਜਾਂਦਾ ਹੈ। ਉਹ ਇਸ ਤਿਉਹਾਰ ਨੂੰ ਅਕਤੂਬਰ ਫੈਸਟੀਵਲ ਕਹਿੰਦੇ ਹਨ। ਜਰਮਨ ਵਿੱਚ ਸਭ ਤੋਂ ਵੱਡੇ ਪੱਧਰ ’ਤੇ ਅਕਤੂਬਰ ਫੈਸਟੀਵਲ ਮਨਾਇਆ ਜਾਂਦਾ ਹੈ। ਅਸਲ ਵਿੱਚ ਇਹ ਤਿਉਹਾਰ ਪੰਜਾਬ ਦੀ ਵਿਸਾਖੀ ਦੀ ਤਰ੍ਹਾਂ ਫਸਲ ਕੱਟਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਸੀ। ਅਮਰੀਕਾ ਵਿੱਚ ਸਾਉਣੀ ਦੀ ਫਸਲ ‘ਮੱਕੀ’ ਨਵੰਬਰ ਵਿੱਚ ਕੱਟੀ ਜਾਂਦੀ ਹੈ, ਇਸ ਕਰਕੇ ਇਸ ਤਿਉਹਾਰ ਨੂੰ ਨਵੰਬਰ ਦੇ ਅਖੀਰਲੇ ਵੀਰਵਾਰ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਅਮਰੀਕਾ ਨੂੰ ਹੋਂਦ ਵਿੱਚ ਆਇਆਂ ਅਜੇ 500 ਕੁ ਸਾਲ ਹੋਏ ਹਨ। ਏਥੋਂ ਦੇ ਅਸਲ ਵਸ਼ਿੰਦੇ ਰੈਡ ਇੰਡੀਅਨ ਹਨ। ਇਸ ਦਿਵਸ ਨੂੰ ਮਨਾਉਣ ਸਬੰਧੀ ਕਈ ਕਥਾਵਾਂ ਪ੍ਰਚਲਤ ਹਨ। ਇਹ ਵੀ ਕਿਹਾ ਜਾਂਦਾ ਹੈ ਰੈਡ ਇੰਡੀਅਨ ਏਥੇ ਜੰਗਲਾਂ ਵਿੱਚ ਰਹਿੰਦੇ ਸਨ, ਉਹਨਾਂ ਕੋਲ ਕਦੀ ਵੀ ਕੋਈ ਵਿਅਕਤੀ ਨਹੀਂ ਆਉਂਦਾ ਸੀ ਜਦੋਂ ਉਹਨਾਂ ਕੋਲ ਯੂਰਪ ਤੋਂ ਪ੍ਰਵਾਸੀ ਯਾਤਰੀ ਪਹਿਲੀ ਵਾਰ ਆਏ ਤਾਂ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਪਰਮਾਤਮਾ ਦਾ ਧੰਨਵਾਦ ਕਰਨ ਲਈ ਉਹਨਾਂ ਇਹ ਦਿਵਸ ਮਨਾਇਆ ਤੇ ਖੁਸ਼ੀ ਦੇ ਇਜ਼ਹਾਰ ਵਜੋਂ ਉਹ ਰਲ-ਮਿਲਕੇ ਬੈਠੇ, ਨੱਚੇ-ਟੱਪੇ ਅਤੇ ਜਸ਼ਨ ਮਨਾਏ। ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਜਦੋਂ ਗੁਲਾਮ ਏਥੇ ਆਏ ਤਾਂ ਉਹਨਾਂ ਦੀ ਆਮਦ ਨੂੰ ਸ਼ੁਭ ਸ਼ਗਨ ਸਮਝਿਆ ਗਿਆ, ਇਸ ਲਈ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਅਸਲ ਵਿੱਚ ਥੈਂਕਸ ਗਿਵਿੰਗ ਡੇ ਦਾ ਸਬੰਧ ਫਸਲ ਕੱਟਣ ਦੀ ਖੁਸ਼ੀ ਵਿੱਚ ਪਰਮਾਤਮਾ ਦਾ ਸੁਕਰਾਨਾਂ ਕਰਨ ਨਾਲ ਵੀ ਜੋੜਿਆ ਜਾਂਦਾ ਹੈ ਕਿਉਂਕਿ ਫਸਲ ਦੀ ਉਪਜ ਨਾਲ ਉਹ ਸਾਰਾ ਸਾਲ ਆਨੰਦ ਮਾਨਣਗੇ। ਚਲੋ ਖੈਰ ਇਸ ਦਿਵਸ ਨੂੰ ਮਨਾਉਣ ਦਾ ਕਾਰਨ ਭਾਵੇਂ ਕੋਈ ਹੋਵੇ ਪ੍ਰੰਤੂ ਹੁਣ ਤਾਂ ਇਹ ਦਿਵਸ ਪੂਰੇ ਅਮਰੀਕਾ ਵਿੱਚ ਪੂਰੇ ਜੋਸ਼-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਅਮਰੀਕਾ ਵਿੱਚ ਇਸ ਨੂੰ ਸਭ ਤੋਂ ਲੰਬਾ ਵੀਕ ਐਂਡ ਕਿਹਾ ਜਾਂਦਾ ਹੈ। ਏਥੇ ਚਾਰ ਦਿਨ ਦੀਆਂ ਛੁੱਟੀਆਂ ਬਹੁਤ ਘੱਟ ਹੁੰਦੀਆਂ ਹਨ। ਇਸ ਤੋਂ ਬਾਅਦ ਕਰਿਸਮਸ ਨੂੰ ਹੀ ਵੱਧ ਛੁੱਟੀਆਂ ਹੁੰਦੀਆਂ ਹਨ। ਇਸ ਤਿਉਹਾਰ ਨਾਲ ਇੱਕ ਹੋਰ ਤਿਉਹਾਰ ‘ਬਲੈਕ ਫਰਾਈਡੇ’ ਵੀ ਜੁੜਿਆ ਹੋਇਆ ਹੈ। ਇਹ ਚਾਰ ਛੁੱਟੀਆਂ ਮੇਲੇ ਦੀ ਤਰ੍ਹਾਂ ਮਨਾਈਆਂ ਜਾਂਦੀਆਂ ਹਨ। ਪਹਿਲੀ ਛੁੱਟੀ ਥੈਂਕਸ ਗਿਵਿੰਗ ਡੇ ਅਰਥਾਤ ਵੀਰਵਾਰ ਦੀ, ਦੂਜੀ ਛੁੱਟੀ ਅਗਲੇ ਦਿਨ ਸ਼ੁਕਰਵਾਰ ਦੀ ਜਿਸਨੂੰ ‘‘ਬਲੈਕ ਫਰਾਈਡੇ’’ ਕਿਹਾ ਜਾਂਦਾ ਹੈ। ਉਸ ਤੋਂ ਦੋ ਦਿਨ ਸਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਇਹਨਾਂ ਦੇ ਨਾਲ ਜੁੜ ਜਾਂਦੀ ਹੈ। ਸਮੁੱਚੇ ਅਮਰੀਕਾ ਵਿੱਚ ਹਰ ਪਰਿਵਾਰ ਥੈਂਕਸ ਗਿਵਿੰਗ ਡੇ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦਾ ਹੈ। ਇਸ ਦਿਨ ’ਤੇ ਸਾਰੇ ਰਿਸ਼ਤੇਦਾਰ ਦੂਰੋਂ-ਦੂਰੋਂ ਆ ਕੇ ਕਿਸੇ ਇੱਕ ਪਰਿਵਾਰ ਦੇ ਘਰ ਵਿੱਚ ਇਕੱਠੇ ਹੁੰਦੇ ਹਨ, ਆਪਸ ਵਿੱਚ ਮਿਲਕੇ ਘਰ ਵਿੱਚ ਹੀ ਖਾਣਾ ਤਿਆਰ ਕਰਦੇ ਹਨ ਤੇ ਮਿਲ-ਬੈਠਕੇ ਖਾਂਦੇ ਹਨ। ਆਮ ਤੌਰ ’ਤੇ ਅਮਰੀਕਨ ਖਾਣਾ ਬਾਹਰੋਂ ਖਾਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ ਪ੍ਰੰਤੂ ਇਸ ਤਿਉਹਾਰ ’ਤੇ ਖਾਣਾ ਬਾਹਰੋਂ ਨਹੀਂ ਖਾਧਾ ਜਾਂਦਾ। ਅਸਲ ਵਿੱਚ ਇਸ ਤਿਉਹਾਰ ਨੂੰ ਪਰਿਵਾਰਕ ਤਿਉਹਾਰ ਹੀ ਕਿਹਾ ਜਾਂਦਾ ਹੈ। ਸਾਰੇ ਰਿਸ਼ਤੇਦਾਰ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਗੱਪਾਂ ਮਾਰਦੇ ਹਨ। ਪੁਰਾਣੀਆਂ ਤੇ ਨਵੀਂਆਂ ਯਾਦਾਂ ਨੂੰ ਸਾਂਝਾ ਕਰਦੇ ਹਨ। ਆਪੋ-ਆਪਣੇ ਵਿਰਸੇ ਨਾਲ ਸਬੰਧਤ ਮਨੋਰੰਜਨ ਕਰਦੇ ਹਨ, ਨੱਚਦੇ-ਟੱਪਦੇ ਹਨ ਤੇ ਗੀਤ ਗਾਉਂਦੇ ਹਨ। ਆਪੋ-ਆਪਣੇ ਸਭਿਆਚਾਰਕ ਵਿਰਸੇ ਦੀਆਂ ਚੁਸਕੀਆਂ ਲੈਂਦੇ ਹਨ। ਖਾਣੇ ਵਿੱਚ ਮਾਸਾਹਾਰੀਆਂ ਲਈ ਟਰਕੀ ਸਰਵ ਕੀਤਾ ਜਾਂਦਾ ਹੈ। ਟਰਕੀ ਸਾਡੇ ਮੁਰਗੇ ਦੀ ਤਰ੍ਹਾਂ ਇੱਕ ਜਾਨਵਰ ਹੈ। ਥੈਂਕਸ ਗਿਵਿੰਗ ਡੇ ਤੇ ਟਰਕੀ ਪਰੋਸਣਾ ਇੱਕ ਜਰੂਰੀ ਫੀਚਰ ਬਣ ਗਿਆ ਹੈ। ਪੰਜਾਬੀ ਵਿਰਸੇ ’ਚ ਸ਼ੁਰੂ ਵਿੱਚ ਵਿਸਾਖੀ ਦਾ ਤਿਉਹਾਰ ਹਾੜੀ ਦੀ ਫਸਲ ਦੇ ਕੱਟਣ ਦਾ ਪ੍ਰਤੀਕ ਹੁੰਦਾ ਸੀ। ਵਿਸਾਖੀ ਦਾ ਮੇਲਾ ਪੰਜਾਬੀ ਸਭਿਅਤਾ ਤੇ ਸਭਿਆਚਾਰ ਵਿੱਚ ਵਿਲੱਖਣ ਸਥਾਨ ਰੱਖਦਾ ਹੈ। ਇਹ ਦਿਨ ਸਾਡੇ ਲਈ ਹੋਰ ਵੀ ਮਹੱਤਵਪੂਰਨ ਹੋ ਗਿਆ ਜਦੋਂ 1699 ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਸ਼ਮ ਪਾਤਸ਼ਾਹ ਨੇ ਖਾਲਸਾ ਸਿਰਜਕੇ ਸਾਨੂੰ ਸਿੰਘ ਸਾਜਿਆ ਸੀ। ਹੁਣ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਨ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤ੍ਰਿਕ ਨੇ ਹਾੜੀ ਦੀ ਫਸਲ ਕੱਟ ਕੇ ਖੁਸ਼ੀਆਂ ਭਰੇ ਮਾਹੌਲ ਵਿੱਚ ਵਿਸਾਖੀ ਦੇ ਮੇਲੇ ਜਾਣ ਦਾ ਦ੍ਰਿਸ਼ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਕਰਦਿਆਂ ਲਿਖਿਆ ਹੈ:-
ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਪੱਗ ਝੱਗਾ ਚਾਦਰਾ ਨਵੇਂ ਸਿਵਾਏ ਕੇ,
ਸੰਮਾਂ ਵਾਲੀ ਡਾਂਗ ਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ…………..।
ਵਾਰੀ ਹੁਣ ਆ ਗਈ ਜੇ ਖਾਣ-ਪੀਣ ਦੀ, ਰੇਉੜੀਆਂ-ਜਲੇਬੀਆਂ ਦੇ ਆਹੂ ਲਾਹਣ ਦੀ।
ਖੁਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ, ਬੁਕਾਂ ਤੇ ਕਮੀਣਾਂ ਨੂੰ ਮਜਾ ਚਖਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ…………..।
ਬਿਲਕੁੱਲ ਏਸੇ ਤਰ੍ਹਾਂ ਥੈਂਕਸ ਗਿਵਿੰਗ ਡੇ ਵੀ ਫਸਲ ਦੇ ਕੱਟਣ ਤੇ ਸਾਂਭਣ ਨਾਲ ਜੋੜਿਆ ਗਿਆ ਹੈ। ਹੁਣ ਅਮਰੀਕਾ ਵਿੱਚ ਵੀ ਥੈਂਕਸ ਗਿਵਿੰਗ ਡੇ ਨੂੰ ਸਾਰੇ ਦੇਸ਼ਾਂ ਦੇ ਲੋਕ ਮਨਾਉਂਦੇ ਹਨ। ਪੰਜਾਬੀਆਂ ਨੇ ਵੀ ਇਸ ਤਿਉਹਾਰ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜਿੱਥੇ ਉਹਨਾਂ ਹਮੇਸ਼ਾਂ ਰਹਿਣਾ ਹੈ ਉਥੇ ਉਹਨਾਂ ਨੂੰ ਉਥੋਂ ਦੇ ਤਿਉਹਾਰਾਂ ਮੁਤਾਬਕ ਹੀ ਛੁੱਟੀਆਂ ਮਿਲਦੀਆਂ ਹਨ ਤੇ ਪੰਜਾਬੀ ਉਹਨਾਂ ਤਿਉਹਾਰਾਂ ਨੂੰ ਆਪਣੀ ਸਭਿਅਤਾ ਅਤੇ ਸਭਿਆਚਾਰ ਅਨੁਸਾਰ ਮਨਾ ਕੇ ਆਪਦੀ ਮਾਨਸਕ ਸੰਤੁਸ਼ਟੀ ਕਰਦੇ ਹਨ। ਇਹ ਤਿਉਹਾਰ ਤਾਂ ਵਿਸਾਖੀ ਦੀ ਤਰ੍ਹਾਂ ਫਸਲ ਕੱਟਣ ਤੋਂ ਬਾਅਦ ਮਨਾਇਆ ਜਾਂਦਾ ਹੈ। ਪੰਜਾਬੀ ਇਸ ਤਿਉਹਾਰ ਦੇ ਮੌਕੇ ’ਤੇ ਅਮਰੀਕਾ ਅਤੇ ਆਂਢੀ-ਗੁਆਂਢੀ ਦੇਸ਼ਾਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਕੇ ਇਹ ਤਿਉਹਾਰ ਮਨਾਉਂਦੇ ਹਨ। ਇੱਕ ਕਿਸਮ ਨਾਲ ਸਾਲ ਵਿੱਚ ਇੱਕ ਵਾਰ ਇਸ ਤਿਉਹਾਰ ਦੇ ਮੌਕੇ ’ਤੇ ਆਪਣੇ ਰਿਸ਼ਤੇਦਾਰਾਂ ਤੇ ਨਜਦੀਕੀ ਦੋਸਤਾਂ ਨਾਲ ਮਿਲ ਬੈਠਕੇ ਆਨੰਦ ਮਾਣਦੇ ਹਨ। ਹਰ ਸਾਲ ਉਹ ਬਦਲ-ਬਦਲ ਕੇ ਕਦੀ ਇੱਕ ਦੇ ਅਤੇ ਕਦੀ ਦੂਜੇ ਦੇ ਘਰ ਇਹ ਪ੍ਰੋਗਰਾਮ ਕਰਦੇ ਹਨ। ਉਹ ਦੂਰ-ਦੁਰਾਡੇ ਤੋਂ ਹਜ਼ਾਰਾਂ ਮੀਲਾਂ ਦਾ ਸਫਰ ਆਪਣੇ ਪਰਿਵਾਰਾਂ ਸਮੇਤ ਕਾਰਾਂ ਜਾਂ ਜਹਾਜਾਂ ਰਾਹੀਂ ਤਹਿ ਕਰਕੇ ਇੱਥੋਂ ਤੱਕ ਕਿ ਗੁਆਂਢੀ ਦੇਸ਼ ਕੈਨੇਡਾ ਆਦਿ ਤੋਂ ਆ ਕੇ ਸ਼ਾਮਲ ਹੁੰਦੇ ਹਨ। ਅਸਲ ਵਿੱਚ ਉਹ ਆਪਣੇ ਭਾਈਚਾਰੇ ਵਿੱਚ ਬੈਠਕੇ ਆਪਣੇ ਵਿਰਸੇ ਨਾਲ ਜੁੜਨਾ ਚਾਹੁੰਦੇ ਹਨ ਕਿਉਂਕਿ ਉਹਨਾਂ ਲਈ ਮਨੋਰੰਜਨ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ। ਉਹਨਾਂ ਲਈ ਅਜਿਹੇ ਤਿਉਹਾਰ ਮਿਲ ਬੈਠਣ ਦਾ ਬਹਾਨਾ ਬਣਦੇ ਹਨ ਕਿਉਂਕਿ ਸਾਰਾ ਸਾਲ ਉਹ ਮਨ ਮਾਰ ਕੇ ਕੰਮ ਕਰਦੇ ਹਨ। ਇਸ ਵਾਰ ਮੈਂ ਅਤੇ ਮੇਰੀ ਪਤਨੀ ਆਪਣੀ ਨੂੰਹ ਮਨਪ੍ਰੀਤ ਕੌਰ ਦੀ ਐਮ.ਬੀ.ਏ. ਦੀ ਗ੍ਰੈਜੂਏਸ਼ਨ ਸੈਰੇਮਨੀ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਆਏ ਹੋਏ ਸੀ, ਸਾਨੂੰ ਇਹ ਤਿਉਹਾਰ ਵੇਖਣ ਦਾ ਮੌਕਾ ਮਿਲ ਗਿਆ। ਅਸੀਂ ਆਪਣੇ ਲੜਕੇ ਤੇ ਨੂੰਹ ਦੇ ਨਾਲ ਸੰਗਰੂਰ ਜ਼ਿਲ੍ਹੇ ਦੇ ਬਨਬੌਰਾ ਪਿੰਡ ਦੇ ਰਹਿਣ ਵਾਲੇ ਇੰਜੀਨੀਅਰ ਗੁਰਸ਼ਰਨ ਸਿੰਘ ਸੋਹੀ ਦੇ ਘਰ ਉਹਾਈਓ ਸਟੇਟ ਵਿੱਚ ਸਿਨਸਿਨਾਟੀ ਸ਼ਹਿਰ ਦੇ ਬਾਹਰਵਾਰ ਹੈਮਲਟਨ ਦੇ ਬਰੁਕ ਹਿਲ ਕੋਰਟ ਇਲਾਕੇ ਵਿੱਚ ਥੈਂਕਸ ਗਿਵਿੰਗ ਡੇ ਮਨਾਉਣ ਦੇ ਸਮਾਗਮ ਵਿੱਚ ਸ਼ਾਮਲ ਹੋਏ। ਅਸੀਂ ਇਲੀਨਾਏ ਸਟੇਟ ਦੇ ਮੋਲੀਨ ਸ਼ਹਿਰ ਤੋਂ 417 ਮੀਲ ਦਾ ਸਫਰ 7 ਘੰਟੇ ਵਿੱਚ ਤਹਿ ਕਰਕੇ ਇੱਕ ਦਿਨ ਪਹਿਲਾਂ ਹੀ 23 ਨਵੰਬਰ ਸ਼ਾਮ ਨੂੰ ਪਹੁੰਚ ਗਏ। ਇਸ ਵਾਰੀ 24 ਨਵੰਬਰ ਵੀਰਵਾਰ ਨੂੰ ਥੈਂਕਸ ਗਿਵਿੰਗ ਡੇ ਸੀ। ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਰਿਸ਼ਤੇਦਾਰ ਪਰਿਵਾਰ ਅਮਰੀਕਾ ਅਤੇ ਕੈਨੇਡਾ ਤੋਂ ਪਹੁੰਚੇ ਹੋਏ ਸੀ। ਸਾਰੇ ਰਿਸ਼ਤੇਦਾਰ ਰਲ-ਮਿਲਕੇ ਇੱਕ ਮਿਕ ਹੋ ਕੇ ਘਰ ਦਾ ਕੰਮ ਕਰਦੇ ਰਹੇ। ਏਥੇ ਵਰਕ ਕਲਚਰ ਹੈ, ਆਦਮੀ ਤੇ ਇਸਤਰੀਆਂ ਰਲ-ਮਿਲਕੇ ਪੰਜਾਬੀ ਖਾਣਾ ਬਣਾਉਂਦੇ ਰਹੇ। ਬੱਚੇ ਵੱਖਰੇ ਆਪਣੀਆਂ ਖੇਡਾਂ ਨਾਲ ਆਨੰਦ ਮਾਣ ਰਹੇ ਸਨ। ਨੌਜਵਾਨਾਂ ਦਾ ਟੋਲਾ ਵੱਖਰਾ ਇਨਜੁਆਏ ਕਰ ਰਿਹਾ ਸੀ। ਇਸਤਰੀਆਂ ਵੀ ਆਪੋ-ਆਪਣੀ ਗੁਫਤਗੂ ਵਿੱਚ ਰੁਝੀਆਂ ਹੋਈਆਂ ਸਨ। ਬਜੁਰਗ ਆਪਣੇ ਸਮੇਂ ਦੇ ਰੀਤੀ-ਰਿਵਾਜ਼ਾਂ ਤੇ ਪਹਿਰਾਵੇ ਦਾ ਜ਼ਿਕਰ ਕਰਕੇ ਪੰਜਾਬੀ ਸਭਿਆਚਾਰ ਤੇ ਸਭਿਅਤਾ ਦਾ ਗੁਣਗਾਨ ਕਰ ਰਹੇ ਸਨ। ਕਹਿਣ ਤੋਂ ਭਾਵ ਸਾਰੇ ਮਸਤ ਤੇ ਮਸ਼ਰੂਫ ਸਨ, ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਪੰਜਾਬ ਵਿੱਚ ਕਿਸੇ ਘਰ ਦੀ ਦਲਾਨ ਵਿੱਚ ਬੈਠੇ ਹੋਈਏ। ਅਮਰੀਕਾ ਦੇ ਸਭਿਆਚਾਰ ਤੋਂ ਕੋਹਾਂ ਦੂਰ ਚਲੇ ਗਏ ਸੀ। ਸ਼ਾਮ ਨੂੰ ਤਿਉਹਾਰ ਦੇ ਜਸ਼ਨ ਸ਼ੁਰੂ ਹੋਏ। ਬਹੁਤੇ ਪਰਿਵਾਰਾਂ ਦੇ ਮੈਂਬਰ ਸ਼ਾਕਾਹਾਰੀ ਸਨ। ਨੌਜਵਾਨ ਬੇਸਮੈਂਟ ਵਿੱਚ ਬਣੀ ਬਾਰ ਦਾ ਆਨੰਦ ਮਾਣ ਰਹੇ ਸਨ। ਏਥੇ ਪੰਜਾਬ ਦੀ ਤਰ੍ਹਾਂ ਕੋਈ ਪਿਆਕੜ ਨਹੀਂ ਸੀ, ਸਿਰਫ ਸਿਪ ਕਰ ਰਹੇ ਸਨ। ਹਾਸਾ-ਠੱਠਾ ਤੇ ਗੱਪ-ਸ਼ੱਪ ਹੋ ਰਹੀ ਸੀ। ਡਿਨਰ ਸਾਰਿਆਂ ਇਕੱਠਾ ਕੀਤਾ। ਟਰਕੀ ਵੀ ਸਰਵ ਕੀਤਾ ਗਿਆ ਪ੍ਰੰਤੂ ਨਾਨਵੈਜ ਥੋਹੜੇ ਸਨ। ਵੈਸ਼ਨੂੰਆਂ ਲਈ ਡਿਨਰ ਤੋਂ ਬਾਅਦ ਦੁੱਧ ਦੇ ਗੱਫੇ ਵਰਤੇ ਜਾਂਦੇ ਰਹੇ। ਇੰਜ ਲੱਗ ਰਿਹਾ ਸੀ ਜਿਵੇਂ ਪੰਜਾਬ ਵਿੱਚ ਹੀ ਬੈਠੇ ਹਾਂ। ਭਾਵੇਂ ਠੰਡ ਬੜੀ ਸੀ ਪ੍ਰੰਤੂ ਏਥੇ ਠੰਡ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਹੀਟ ਦਾ ਹਰ ਥਾਂ ਪ੍ਰਬੰਧ ਹੁੰਦਾ ਹੈ। ਗਰਮ ਕੱਪੜੇ ਤਾਂ ਉਤਾਰਨੇ ਪੈਂਦੇ ਹਨ। ਜੇਕਰ ਬਾਹਰ ਨਿਕਲੀਏ ਤਾਂ ਮਾੜਾ-ਮੋਟਾ ਠੰਡ ਦਾ ਪਤਾ ਲੱਗਦਾ ਹੈ ਉਹ ਵੀ ਕਾਰ ਵਿੱਚ ਬੈਠਣ ਤੱਕ ਹੀ। ਇਸ ਖੁਸ਼ਗਵਾਰ ਮਾਹੌਲ ਦੀ ਖਾਸੀਅਤ ਇਹ ਸੀ ਕਿ ਏਥੇ ਹਰ ਵਿਅਕਤੀ ਪੰਜਾਬੀ ਵਿੱਚ ਗੱਲ ਕਰਦਾ ਸੀ, ਇੱਥੋਂ ਤੱਕ ਕਿ ਛੋਟੇ ਬੱਚਿਆਂ ਨੂੰ ਪੰਜਾਬੀ ਬੋਲਣੀ ਸਿਖਾਈ ਹੋਈ ਸੀ, ਭਾਵੇਂ ਉਹ ਏਥੋਂ ਦੇ ਹੀ ਜੰਮਪਲ ਹਨ। ਭਾਵੇਂ ਅਸੀਂ ਪਿਛਲੇ 8-10 ਸਾਲਾਂ ਤੋਂ ਅਮਰੀਕਾ ਆ ਰਹੇ ਹਾਂ ਪ੍ਰੰਤੂ ਸਾਡੇ ਲਈ ਇਹ ਪਹਿਲਾ ਮੌਕਾ ਸੀ ਕਿ ਏਨੇ ਪੰਜਾਬੀ ਪਰਿਵਾਰ ਚਾਰ ਦਿਨ ਲਗਾਤਾਰ ਮਿਲ ਬੈਠਕੇ ਪੰਜਾਬੀ ਮਾਹੌਲ ਵਿੱਚ ਵਿਚਰਦੇ ਰਹੇ, ਇੱਕ ਅਚੰਭਾ ਜਿਹਾ ਲੱਗ ਰਿਹਾ ਸੀ। ਆਮ ਤੌਰ ’ਤੇ ਪ੍ਰਵਾਸੀ ਪੰਜਾਬੀ ਹਰ ਐਤਵਾਰ ਨੂੰ ਗੁਰੂ ਘਰਾਂ ਵਿੱਚ ਹੀ ਮਿਲਦੇ ਹਨ ਪ੍ਰੰਤੂ ਉਹ ਇਸ ਤਰ੍ਹਾਂ ਖੁਲ੍ਹ ਕੇ ਗੱਲਬਾਤ ਨਹੀਂ ਕਰ ਸਕਦੇ। ਏਨੇ ਪਰਿਵਾਰਾਂ ਦਾ ਰਾਤ ਠਹਿਰਨ ਦਾ ਪ੍ਰਬੰਧ ਦੋਸਤਾਂ-ਮਿੱਤਰਾਂ ਦੇ ਘਰਾਂ ਵਿੱਚ ਹੀ ਕੀਤਾ ਗਿਆ ਤੇ ਬਿਲਕੁਲ ਘਰੇਲੂ ਮਾਹੌਲ ਬਣਿਆ ਰਿਹਾ। ਕੋਈ ਖੇਚਲ ਮਹਿਸੂਸ ਨਹੀਂ ਹੁੰਦੀ ਸੀ, ਕੋਈ ਗੈਸਟ ਨਹੀਂ, ਸਾਰੇ ਇੱਕੋ ਜਹੇ ਸਨ। ਇੱਥੇ ਦੀ ਵਿਲੱਖਣਤਾ ਹੈ ਕਿ ਏਥੇ ਸਾਰੇ ਬਰਾਬਰ ਹਨ, ਕੋਈ ਵੱਡਾ ਛੋਟਾ ਨਹੀਂ, ਹਾਂ ਪਰ ਬਜ਼ੁਰਗਾਂ ਨੂੰ ਪੂਰਾ ਇੱਜਤ ਮਾਣ ਦਿੱਤਾ ਜਾਂਦਾ ਸੀ। ਇਹ ਲੱਗਦਾ ਸੀ ਕਿ ਵਿਦੇਸ਼ਾਂ ਵਿੱਚ ਵੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ। ਚਾਰ ਦਿਨ ਵਿਆਹ ਵਰਗਾ ਮਾਹੌਲ ਰਿਹਾ। ਕਦੀ ਚਾਹ, ਜੂਸ, ਆਈਸ ਕਰੀਮ, ਮਿਲਕ ਕੇਕ, ਬਰਫੀ, ਜਲੇਬੀਆਂ ਅਤੇ ਬੇਸਣ ਦੇ ਪੂੜੇ ਇਸ ਤਰ੍ਹਾਂ ਹਰ ਵਕਤ ਜਿਵੇਂ ਆਮ ਤੌਰ ’ਤੇ ਪੰਜਾਬੀ ਖਾਂਦੇ-ਪੀਂਦੇ ਰਹਿੰਦੇ ਹਨ, ਖਾਣ-ਪੀਣ ਦਾ ਪ੍ਰੋਗਰਾਮ ਚਲਦਾ ਰਿਹਾ। ਇਸ ਤਿਉਹਾਰ ਨੂੰ ਚਾਰ ਚੰਨ ਲੱਗ ਗਏ ਜਦੋਂ ਕੜਾਕੇ ਦੀ ਠੰਡ ਵਿੱਚ ਮਕਾਨ ਦੇ ਪਿਛਲੇ ਲਾਅਨ ਵਿੱਚ ਧੂਣੀ ਲਾ ਕੇ ਸਾਰੇ ਮੈਂਬਰਾਂ ਨੇ ਸੇਕਣਾ ਸ਼ੁਰੂ ਕਰ ਦਿੱਤਾ। ਇਹ ਧੂਣੀ ਲੋਹੇ ਦੀ ਗਾਗਰ ਵਰਗੇ ਭਾਂਡੇ ਵਿੱਚ ਲਕੜਾਂ ਬਾਲਕੇ ਬਣਾਈ ਗਈ ਸੀ। ਸਾਰੇ ਟੱਬਰ ਧੂਣੀ ਦੇ ਆਲੇ-ਦੁਆਲੇ ਬੈਠ ਗਏ। ਇਸਦੇ ਨਾਲ ਹੀ ਖਾਣਾ ਗਰਿਲ ਕੀਤਾ ਜਾ ਰਿਹਾ ਸੀ। ਵੈਸ਼ਨੂੰ ਲਈ ਵੈਸ਼ਨੂੰ ਅਤੇ ਨਾਨ ਵੈਜ ਲਈ ਮੀਟ ਗਰਿਲ ਕੀਤਾ ਜਾ ਰਿਹਾ ਸੀ। ਇਹ ਕੰਮ ਇਥੇ ਘਰਦੇ ਆਦਮੀ ਹੀ ਕਰਦੇ ਹਨ ਅਤੇ ਨਾਲ ਹੀ ਵਿਸਕੀ ਦੀਆਂ ਚੁਸਕੀਆਂ ਲੈ ਰਹੇ ਸਨ। ਪੰਜਾਬੀ ਜਿੱਥੇ ਵੀ ਜਾਂਦੇ ਹਨ, ਜੰਗਲ ਵਿੱਚ ਮੰਗਲ ਕਰ ਦਿੰਦੇ ਹਨ। ਇਸ ਸ਼ਾਮ ਨੂੰ ਇਸਤਰੀਆਂ ਆਦਮੀਆਂ ਵੱਲੋਂ ਤਿਆਰ ਕੀਤਾ ਗਰਿਲਡ ਖਾਣਾ ਖਾ ਰਹੀਆਂ ਸਨ। ਥੈਂਕਸ ਗਿਵਿੰਗ ਡੇ ਤੋਂ ਅਗਲੇ ਦਿਨ ਸ਼ੁਕਰਵਾਰ ਨੂੰ ਅਮਰੀਕਨ ‘‘ਬਲੈਕ ਫਰਾਈਡੇ’’ ਕਹਿੰਦੇ ਹਨ। ਇਹ ਵੀ ਅਮਰੀਕਨਾਂ ਦਾ ਤਿਉਹਾਰ ਹੀ ਹੈ, ਇਸ ਦਿਨ ਸਾਰੇ ਸਟੋਰਾਂ ਵਿੱਚ ਸੇਲ ਲੱਗਦੀ ਹੈ। ਇਹ ਸੇਲ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸੇਲ ਵਿੱਚ ਕੁੱਝ ਸਮੇਂ ਲਈ ਡਿਸਕਾਊਂਟ ਦਿੱਤਾ ਜਾਂਦਾ ਹੈ ਜੋ ਕਿ 40 ਪ੍ਰਤੀਸ਼ਤ ਤੱਕ ਹੁੰਦਾ ਹੈ, ਇਹ ਡਿਸਕਾਊਂਟ ਥੈਂਕਸ ਗਿਵਿੰਗ ਡੇ ਤੋਂ ਲੈ ਕੇ ਘੱਟੋ-ਘੱਟ ਇੱਕ ਹਫਤੇ ਲਈ ਹੁੰਦਾ ਹੈ। ਦੂਜੀ ਸੇਲ ਵਿਸ਼ੇਸ਼ ਆਈਟਮਾਂ ਦੀ ਹੁੰਦੀ ਹੈ, ਜਿਵੇਂ ਕਿ ਉਦਾਹਰਣ ਲਈ ਫਰਿਜ, ਟੀ.ਵੀ., ਐਲ.ਸੀ.ਡੀ., ਆਦਿ। ਇਹਨਾਂ ਆਈਟਮਾਂ ’ਤੇ ਰਿਆਇਤ ਏਨੀ ਜ਼ਿਅਦਾ ਹੁੰਦੀ ਹੈ ਕਿ ਕੀਮਤ ਨਾਮਾਤਰ ਹੀ ਹੁੰਦੀ ਹੈ ਪ੍ਰੰਤੂ ਇਸ ਵਿੱਚ ਸ਼ਰਤ ਇਹ ਹੁੰਦੀ ਹੈ ਕਿ ਰਿਆਇਤ ਫਸਟ-ਕਮ-ਫਸਟ ਸਰਵ ਦੇ ਆਧਾਰ ’ਤੇ ਹੁੰਦੀ ਹੈ। ਸੇਲ ਵਾਲੇ ਸਟੋਰਾਂ ਦਾ ਖੁੱਲ੍ਹਣ ਦਾ ਸਮਾਂ ਨਿਸ਼ਚਿਤ ਹੁੰਦਾ ਹੈ, ਸੇਲ ਕਰਨ ਵਾਲੀ ਆਈਟਮ ਦੀ ਮਿਕਦਾਰ ਅਰਥਾਤ ਗਿਣਤੀ ਵੀ ਨਿਸ਼ਚਿਤ ਹੁੰਦੀ ਹੈ। ਉਦਾਹਰਣ ਲਈ ਪਹਿਲੀਆਂ 100 ਆਈਟਮਾਂ ਰਿਆਇਤੀ ਕੀਮਤ ’ਤੇ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਕੀਮਤ ਵਧਾ ਦਿੱਤੀ ਜਾਂਦੀ ਹੈ ਤੇ ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ। ਬਲੈਕ ਫਰਾਈਡੇ ਦੀ ਸੇਲ ਦਾ ਲਾਭ ਉਠਾਉਣ ਲਈ ਲੋਕ ਇੱਕ ਦਿਨ ਪਹਿਲਾਂ ਹੀ ਸਟੋਰਾਂ ਦੇ ਸਾਹਮਣੇ ਲਾਈਨਾਂ ਬਣਾਕੇ ਖੜ੍ਹ ਜਾਂਦੇ ਹਨ। ਆਪਣੇ ਨਾਲ ਫੋਲਡਿੰਗ ਚੇਅਰ ਲੈ ਕੇ ਆਉਂਦੇ ਹਨ ਤੇ ਉਹਨਾਂ ਤੇ ਬੈਠ ਜਾਂਦੇ ਹਨ ਕਈ ਪਰਿਵਾਰ ਤਾਂ ਬੰਦੇ ਬਦਲ ਕੇ ਖੜ੍ਹਾ ਦਿੰਦੇ ਹਨ ਤਾਂ ਜੋ ਹਰ ਹਾਲਤ ਵਿੱਚ ਇਸ ਰਿਆਇਤ ਦਾ ਲਾਭ ਉਠਾ ਸਕਣ। ਇਸ ਵਾਰ ਬਲੈਕ ਫਰਾਈਡੇ ਦੀ ਸੇਲ ਦਾ ਲਾਭ ਅਮਰੀਕਾ ਦੀ ਕੁੱਲ 30 ਕਰੋੜ ਦੀ ਵਸੋਂ ਵਿੱਚੋਂ ਅੱਧੀ ਤੋਂ ਵੱਧ ਲਗਭਗ 15 ਕਰੋੜ 20 ਲੱਖ ਦੀ ਵਸੋਂ ਨੇ ਉਠਾਇਆ। ਇਹਨਾਂ ਦੋਹਾਂ ਤਿਉਹਾਰਾਂ ਦੇ ਮੌਕੇ ’ਤੇ ਅਰਬਾਂ-ਖਰਬਾਂ ਡਾਲਰਾਂ ਦਾ ਖਰਚਾ ਹੁੰਦਾ ਹੈ ਕਿਉਂਕਿ ਲੋਕ ਖਰੀਦੋ-ਫਰੋਖਤ ਤੋਂ ਇਲਾਵਾ ਹਜ਼ਾਰਾਂ ਮੀਲਾਂ ਦੇ ਸਫਰ ’ਤੇ ਵੀ ਖਰਚ ਕਰਦੇ ਹਨ। ਇਹਨਾਂ ਦਿਨਾਂ ਵਿੱਚ ਜਹਾਜ਼ਾਂ ਦੀਆਂ ਟਿਕਟਾਂ ਵੀ ਮਹਿੰਗੀਆਂ ਮਿਲਦੀਆਂ ਹਨ। ਇੱਕ ਡਾਕਟਰ ਦੇ ਦੱਸਣ ਮੁਤਾਬਕ ਥੈਂਕਸ ਗਿਵਿੰਗ ਡੇ ਦੀਆਂ ਛੁੱਟੀਆਂ ਵਿੱਚ ਮਕਾਨਾਂ ਅਤੇ ਦਰਖਤਾਂ ਤੇ ਕ੍ਰਿਸਮਸ ਦੀਆਂ ਲਾਈਟਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਤੇ ਘਰਾਂ ਤੋਂ ਡਿੱਗਣ ਕਰਕੇ ਸਭ ਤੋਂ ਵੱਧ ਐਮਰਜੈਂਸੀ ਵਿੱਚ ਕੇਸ ਇਹਨਾਂ ਦਿਨਾਂ ਵਿੱਚ ਹੀ ਆਉਂਦੇ ਹਨ।
ਇਸ ਸਾਰੀ ਪਰੀਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਪੰਜਾਬੀ ਜਿਸ ਤਰ੍ਹਾਂ ਭਾਰਤ ’ਚ ਹਰ ਫੀਲਡ ਵਿੱਚ ਮੋਹਰੀ ਰਹਿੰਦੇ ਹਨ ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਭਾਵੇਂ ਉਹ ਤਿਉਹਾਰ ਮਨਾਉਣ ਦੀ ਗੱਲ ਹੀ ਹੋਵੇ ਉਹ ਤਾਂ ਮਿਲ ਬੈਠਣ ਦਾ ਬਹਾਨਾ ਭਾਲਦੇ ਹਨ। ਜਿਸ ਤਨਦੇਹੀ ਨਾਲ ਉਹ ਪ੍ਰਦੇਸਾਂ ਵਿੱਚ ਮਿਹਨਤ ਕਰਕੇ ਡਾਲਰ ਤੇ ਨਾਮ ਕਮਾਉਂਦੇ ਹਨ, ਉਨੀ ਹੀ ਸ਼ਿਦਤ ਨਾਲ ਉਹ ਇੱਥੋਂ ਦੇ ਤਿਉਹਾਰ ਮਨਾ ਕੇ ਆਪਣੇ ਵਿਰਸੇ ਨੂੰ ਯਾਦ ਕਰਕੇ, ਆਪਣੀ ਮਾਨਸਕਤਾ ਨੂੰ ਪੱਠੇ ਪਾਉਣ ਲਈ ਖੁਲ੍ਹਦਿਲੀ ਨਾਲ ਖਰਚ ਕਰਕੇ ਆਪਣੇ ਦਿਲ ਦੇ ਗੁਭ-ਗੁਭਾਟ ਕੱਢਕੇ ਸੰਤੁਸ਼ਟੀ ਪ੍ਰਾਪਤ ਕਰਦੇ ਹਨ। ਸ਼ਾਲਾ ਪੰਜਾਬੀ ਹਮੇਸ਼ਾਂ ਚੜ੍ਹਦੀਆਂ ਕਲਾਂ ਵਿੱਚ ਰਹਿਣ, ਜੁਗ-ਜੁਗ ਜਿਉਂਦੇ ਰਹਿਣ ਤੇ ਪਰਮਾਤਮਾ ਇਹਨਾਂ ਨੂੰ ਸਫਲਤਾ ਤੇ ਆਪਣੇ ਵਿਰਸੇ ਨਾਲ ਜੁੜ ਰਹਿਣ ਦੀ ਸੁਮੱਤ ਬਖਸ਼ੇ।