ਨਵੀਂ ਦਿੱਲੀ- ਦੁਨੀਆਭਰ ਵਿੱਚ ਮਸ਼ਹੂਰ ਮੈਗਜ਼ੀਨ ਟਾਈਮਜ਼ ਨੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਇੱਕ ਅਜਿਹੀ ਸ਼ਾਂਤ ਸ਼ਖਸੀਅਤ ਮੰਨਿਆ ਹੈ ਜੋ ਕਿ ਇਤਿਹਾਸ ਰਚ ਸਕਦਾ ਹੈ। ਇਸ ਮੈਗਜ਼ੀਨ ਨੇ ਆਪਣੇ ਤਾਜ਼ਾ ਅੰਕ ਵਿੱਚ ਮਨਮੋਹਨ ਸਿੰਘ ਨੂੰ ਜਨਸੰਖਿਆ ਦੇ ਹਿਸਾਬ ਨਾਲ ਦੁਨੀਆਂ ਦੇ ਦੂਸਰੇ ਸੱਭ ਤੋਂ ਵੱਡੇ ਦੇਸ਼ ਤੇ ਰਾਜ ਕਰਨ ਵਾਲਾ ਅਤੇ ਆਪਣੇ ਆਪ ਨੂੰ ਅਹਿਮੀਅਤ ਨਾਂ ਦੇਣ ਵਾਲਾ ਦਸਿਆ ਹੈ। ਡਾ: ਮਨਮੋਹਨ ਸਿੰਘ ਨੂੰ ਮੈਗਜ਼ੀਨ ਨੇ ਇੱਕ ਅਜਿਹੇ ਟੈਕਨਾਕਰੈਟ ਦੇ ਰੂਪ ਵਿੱਚ ਵੇਖਿਆ ਹੈ,ਜੋ ਭਾਰਤ ਦੀ ਉਥਲ-ਪੁੱਥਲ ਵਾਲੀ ਰਾਜਨੀਤੀ ਵਿੱਚ ਕਦੇ ਵੀ ਨਾਰਮਲ ਮਹਿਸੂਸ ਨਹੀਂ ਕਰ ਪਾਏ।
ਟਾਈਮਜ਼ ਮੈਗਜ਼ੀਨ ਵਿੱਚ ਕਿਹਾ ਗਿਆ ਹੈ ਕਿ ਉਹ ਬਹੁਤ ਮੁਸ਼ਕਿਲ ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਹ ਭ੍ਰਿਸ਼ਟਾਚਾਰ ਅਤੇ ਘੋਟਾਲਿਆਂ ਨਾਲ ਜੂਝ ਰਹੀ ਸਰਕਾਰ ਦੀ ਅਗਵਾਈ ਕਰ ਰਹੇ ਹਨ।ਚੁੱਪ ਰਹਿਣ ਕਰਕੇ ਵੀ ਵਿਰੋਧੀ ਧਿਰਾਂ ਦੀ ਅਲੋਚਨਾ ਦਾ ਸ਼ਿਕਾਰ ਬਣਦੇ ਰਹੇ ਹਨ।
ਮੈਗਜ਼ੀਨ ਨੇ ਅੰਤਰਮੁੱਖੀ ਸ਼ਖਸੀਅਤਾਂ ਵਿੱਚ ਮਹਾਤਮਾ ਗਾਂਧੀ, ਬਾਸਕਟਬਾਲ ਦੇ ਖਿਡਾਰੀ ਜੋਈ ਡਿਮੈਜਿਓ, ਹਿਲਰੀ ਕਲਿੰਟਨ,ਵਾਰਨ ਬਫ਼ੇ, ਬਿੱਲ ਗੇਟਸ ਅਤੇ ਮਦਰ ਟਰੇਸਾ ਨੂੰ ਸ਼ਾਮਿਲ ਕੀਤਾ ਹੈ। ਗਾਂਧੀ ਨੂੰ ਆਪਣੇ ਆਪ ਵਿੱਚ ਝਾਕਣ ਵਾਲਾ ਵਿਅਕਤੀ ਦਸਿਆ ਗਿਆ ਹੈ। ਬਾਹਰਮੁੱਖੀ ਵਿਅਕਤੀਆਂ ਦੀ ਲਿਸਟ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਜਾਰਜ ਬੁਸ਼, ਬ੍ਰਿਟੇਨ ਦੀ ਸਾਬਕਾ ਪ੍ਰਧਾਨਮੰਤਰੀ ਮਾਰਗਰੇਟ ਥੈਚਰ ਅਤੇ ਵਿੰਸਟਨ ਚਰਚਿਲ, ਸਟੀਵ ਜਾਬਸ ਅਤੇ ਬਾਕਸਰ ਮੁਹੰਮਦ ਅਲੀ ਨੂੰ ਸ਼ਾਮਿਲ ਕੀਤਾ ਗਿਆ ਹੈ।