ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਵਿਧਾਨ ਸੱਭਾ ਚੋਣਾਂ ਦੇ ਮੱਦੇਨਜ਼ਰ ਸਟਾਰ ਨਿਊਜ਼ ਅਤੇ ਨੀਲਸਨ ਦੁਆਰਾ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇ ਅਨੁਸਾਰ ਸਮਾਜਵਾਦੀ ਪਾਰਟੀ ਸੱਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਵੇਗੀ, ਪਰ ਸਰਕਾਰ ਬਣਾਉਣ ਦੀ ਚਾਬੀ ਕਾਂਗਰਸ ਦੇ ਕੋਲ ਹੀ ਹੋਵੇਗੀ। ਇਸ ਸਰਵੇ ਅਨੁਸਾਰ ਸਮਾਜਵਾਦੀ ਪਾਰਟੀ-ਕਾਂਗਰਸ – ਆਰਐਲਡੀ ਦੀ ਸਰਕਾਰ ਬਣਨ ਦੀ ਪੂਰੀ ਸੰਭਾਵਨਾ ਹੈ।
ਸਮਾਚਾਰ ਚੈਨਲਾਂ ਵੱਲੋਂ ਕੀਤੇ ਗਏ ਸਰਵੇ ਮੁਤਾਬਿਕ ਮੁਲਾਇਮ ਸਿੰਘ ਦੀ ਸਪਾ ਨੂੰ 135 ਸੀਟਾਂ ਮਿਲਣਗੀਆਂ ਅਤੇ ਬਸਪਾ ਦੀ ਮਾਇਆਵਤੀ 101 ਸੀਟਾਂ ਲੈ ਕੇ ਦੂਸਰੇ ਨੰਬਰ ਤੇ ਆਵੇਗੀ। ਤੀਸਰੇ ਸਥਾਨ ਤੇ ਕਾਂਗਰ-ਆਰਐਲਡੀ ਗਠਬੰਧਨ ਨੂੰ 99 ਸੀਟਾਂ ਦਿੱਤੀਆਂ ਗਈਆਂ ਹਨ। ਬੀਜੇਪੀ ਨੂੰ 61 ਸੀਟਾਂ ਦੇ ਕੇ ਚੌਥੇ ਸਥਾਨ ਤੇ ਵਿਖਾਇਆ ਗਿਆ ਹੈ। ਇਨ੍ਹਾਂ ਸਰਵਿਆਂ ਅਨੁਸਾਰ ਜੇ ਬੀਜੇਪੀ ਅਤੇ ਬਸਪਾ ਮਿਲ ਵੀ ਜਾਣ ਤਾਂ ਵੀ ਸਰਕਾਰ ਨਹੀਂ ਬਣਾ ਸਕਦੇ। ਕਾਂਗਰਸ ਅਤੇ ਬਸਪਾ ਵੀ ਜੇ ਮਿਲ ਜਾਣ ਤਾਂ ਤਦ ਵੀ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਹੋਰ ਵਿਧਾਇਕਾਂ ਦੇ ਸਮਰਥਣ ਦੀ ਜਰੂਰਤ ਪਵੇਗੀ। ਜੇ ਇਨ੍ਹਾਂ ਸਰਵਿਆਂ ਨੂੰ ਮੰਨ ਲਿਆ ਜਾਵੇ ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਕਾਂਗਰਸ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ ਅਤੇ ਬੀਜੇਪੀ ਪਾਵਰ ਵਿੱਚ ਨਹੀਂ ਆ ਸਕੇਗੀ।