ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਗੱਲਬਾਤ ਦੁਆਰਾ ਹੱਲ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ 21ਵੀਂ ਸਦੀ ਵਿੱਚ ਯੁੱਧ ਝਲਣ ਦੇ ਯੋਗ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਹੀ ਚਾਰ ਵਾਰ ਜੰਗ ਲੜ ਚੁੱਕਾ ਹੈ, ਪਰ ਹੁਣ ਅਸੀਂ ਇਸ 21ਵੀਂ ਸਦੀ ਵਿੱਚ ਹੋਰ ਯੁੱਧ ਨਹੀਂ ਸਹਾਰ ਸਕਦੇ। ਉਨ੍ਹਾਂ ਨੇ ਕਿਹਾ ਕਿ ਅਸੀਂ ਗੱਲਬਾਤ, ਕੂਟਨੀਤੀ ਅਤੇ ਰਾਸ਼ਟਰੀ ਸਹਿਮਤੀ ਨਾਲ ਮੁੱਦਿਆਂ ਦਾ ਹੱਲ ਕੱਢਣਾ ਚਾਹੁੰਦੇ ਹਾਂ।
ਪ੍ਰਧਾਨਮੰਤਰੀ ਗਿਲਾਨੀ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਕਸ਼ਮੀਰ ਮੁੱਦਾ ਸਾਡੀ ਵਿਦੇਸ਼ ਨੀਤੀ ਦਾ ਮੁੱਖ ਬਿੰਦੂ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਅਸੀਂ ਰਾਜਨੀਤਕ ਅਤੇ ਨੈਤਿਕ ਸਮਰਥਣ ਦੇਣ ਲਈ ਵੱਚਨ-ਬੱਧ ਹਾਂ। ਸਾਰੇ ਰਾਜਨੀਤਕ ਦਲਾਂ ਸਮੇਤ ਪੂਰਾ ਰਾਸ਼ਟਰ ਕਸ਼ਮੀਰ ਮੁੱਦੇ ਤੇ ਇੱਕਜੁਟ ਹੈ।
ਪਾਕਿਸਤਾਨੀ ਪ੍ਰਧਾਨਮੰਤਰੀ ਨੇ ਇੱਕ ਸਮਾਗਮ ਦੌਰਾਨ ਭਾਰਤ ਅਤੇ ਪਾਕਿਸਤਾਨ ਵਿੱਚ ਲੋਕਤੰਤਰਿਕ ਵਿਵਸਥਾ ਵਿੱਚ ਅੰਤਰ ਵੱਲ ਸੰਕੇਤ ਕਰਦੇ ਹੋਏ ਕਿਹਾ ਕਿ ਅਗਲੇ ਮਹੀਨੇ ਸੈਨਟ ਦੀਆਂ ਚੋਣਾਂ ਰੋਕਣ ਲਈ ਸਰਕਾਰ ਦੇ ਵਿਰੁੱਧ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਕਿਸੇ ਵੀ ਸਰਕਾਰ ਨੂੰ ਆਪਣਾ ਕਾਰਜਕਾਲ ਪੂਰਾ ਨਹੀਂ ਕਰਨ ਦਿੱਤਾ ਗਿਆ। ਇਸ ਨਾਲ ਦੇਸ਼ ਵਿੱਚ ਸਮਸਿਆਵਾਂ ਵੱਧੀਆਂ ਹਨ। ਸਰਕਾਰ ਦਾ ਕਾਰਜਕਾਲ ਪੂਰਾ ਹੋਣਾ ਦੇਸ਼ ਦੇ ਹਿੱਤ ਵਿੱਚ ਹੈ।