ਵਾਰਾਣਸੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਾਬਾ ਰਾਮਦੇਵ ਤੇ ਇਹ ਅਰੋਪ ਲਗਾਇਆ ਹੈ ਕਿ ਉਹ 4-5 ਵਿਅਕਤੀਆਂ ਨੂੰ ਕਾਲੇ ਝੰਡੇ ਫੜਾ ਕੇ ਮੇਰੀ ਹਰ ਚੋਣ ਰੈਲੀ ਵਿੱਚ ਭੇਜ ਰਹੇ ਹਨ। ਰਾਹੁਲ ਨੇ ਕਿਹਾ ਕਿ ਬਾਬਾ ਸੋਚਦੇ ਹਨ ਕਿ ਮੈਂ ਕਾਲੇ ਝੰਡੇ ਵੇਖ ਕੇ ਭੱਜ ਜਾਵਾਂਗਾ, ਪਰ ਮੈਂ ਕਿਸੇ ਤੋਂ ਵੀ ਡਰਨ ਵਾਲਾ ਨਹੀਂ। ਬੇਸ਼ਕ ਝੰਡੇ ਵਿਖਾਓ, ਗੋਲੀ ਮਾਰੋ ਜਾਂ ਜੁੱਤੀਆਂ ਮਾਰੋ, ਮੇਰੇ ਤੇ ਇਸ ਦਾ ਕੋਈ ਅਸਰ ਨਹੀਂ ਹੋਣ ਵਾਲਾ।
ਉਤਰ ਪ੍ਰਦੇਸ਼ ਵਿੱਚ ਵਿਧਾਨ ਸੱਭਾ ਚੋਣਾਂ ਵਿੱਚ ਕਾਂਗਰਸ ਦੇ ਸਫਲ ਹੋਣ ਬਾਰੇ ਰਾਹੁਲ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਠੋਸ ਪਰਿਣਾਮ ਆ ਰਹੇ ਹਨ। ਲੋਕ ਕਾਂਗਰਸ ਵੱਲ ਹੀ ਵੇਖ ਰਹੇ ਹਨ। ਮੈਂ ਜਿੱਥੇ ਵੀ ਜਾਂਦਾ ਹਾਂ, ਜਨਤਾ ਇਹੋ ਹੀ ਕਹਿ ਰਹੀ ਹੈ ਕਿ ਇੱਥੇ ਸਰਕਾਰਾਂ ਨੇ ਸਾਨੂੰ 22 ਸਾਲ ਤੱਕ ਬੇਵਕੂਫ਼ ਬਣਾਇਆ ਹੈ।’ ਉਨ੍ਹਾਂ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਕਾਂਗਰਸ ਦੇ ਖੜੀ ਹੋਣ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ, ਉਮੀਦ ਹੈ ਕਿ ਇਨ੍ਹਾਂ ਚੋਣਾਂ ਵਿੱਚ ਪਾਰਟੀ ਖੜੀ ਹੋ ਜਾਵੇਗੀ।
ਰਾਹੁਲ ਦੇ ਪ੍ਰਧਾਨਮੰਤਰੀ ਬਣਨ ਦੀ ਸੰਭਾਵਨਾ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ, ‘ ਭਾਰਤ ਦੇ ਸਾਰੇ ਵੱਡੇ ਰਾਜਨੇਤਾ ਇਹ ਇੱਛਾ ਰੱਖ ਰਹੇ ਹਨ ਕਿ ਉਹ ਪ੍ਰਧਾਨਮੰਤਰੀ ਬਣੇ ਪਰ ਮੇਰੀ ਅਜਿਹੀ ਕੋਈ ਖਾਹਿਸ਼ ਨਹੀਂ ਹੈ।’ ਉਨ੍ਹਾਂ ਨੇ ਕਿਹਾ, ‘ ਅਹੁਦਾ ਲੈਣ ਨਾਲ ਕੁਝ ਨਹੀਂ ਹੁੰਦਾ ਅਸਲੀ ਸ਼ਕਤੀ ਲੋਕਾਂ ਦੇ ਹੱਥਾਂ ਵਿੱਚ ਹੈ। ਮੇਰਾ ਮਕਸਦ ਤਾਂ ਲੋਕਾਂ ਦੀ ਮਦਦ ਕਰਨਾ ਹੀ ਹੈ। ਮੈਂ ਸਿਰਫ਼ ਲੋਕਾਂ ਦੀ ਆਵਾਜ਼ ਸੁਣਦਾ ਹਾਂ ਅਤੇ ਉਸ ਨੂੰ ਲੋਕਸੱਭਾ ਤੱਕ ਲੈ ਕੇ ਜਾਂਦਾ ਹਾਂ। ਮੇਰਾ ਮਿਸ਼ਨ ਉਤਰ ਪ੍ਰਦੇਸ਼ ਵਿੱਚ ਪ੍ਰਗਤੀ ਲਿਆਉਣ ਦਾ ਹੈ। ਜਦੋਂ ਤੱਕ ਉਤਰ ਪ੍ਰਦੇਸ਼ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਤਦ ਤੱਕ ਰਾਹੁਲ ਗਾਂਧੀ ਤੁਹਾਡੀਆਂ ਝੌਂਪੜੀਆਂ ਵਿੱਚ ਕਿਸਾਨਾਂ ਦੇ ਨਾਲ ਵਿਖਾਈ ਦੇਵੇਗਾ।’ ਉਨ੍ਹਾਂ ਨੇ ਕਿਹਾ ਕਿ ਉਹ ਸੂਬੇ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਮਝੌਤਾ ਕਰਨ ਲਈ ਨਹੀਂ ਆਏ।ਉਨ੍ਹਾਂ ਦਾ ਸਮਝੌਤਾ ਕੇਵਲ ਯੂਪੀ ਦੇ ਲੋਕਾਂ ਨਾਲ ਹੈ।