ਨਵੀਂ ਦਿੱਲੀ- ਕ੍ਰਿਕਟਰ ਯੁਵਰਾਜ ਇਸ ਸਮੇਂ ਅਮਰੀਕਾ ਵਿੱਚ ਆਪਣੇ ਫੇਫੜਿਆਂ ਦੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੇ ਇਲਾਜ ਵਿੱਚ ਦੇਰੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੁਵੀ ਦੀ ਸਿਹਤ ਦੋ ਸਾਲ ਪਹਿਲਾਂ ਹੀ ਖਰਾਬ ਹੋ ਗਈ ਸੀ। ਉਸ ਨੂੰ ਡਾਕਟਰ ਨੂੰ ਵਿਖਾਉਣ ਦੀ ਸਲਾਹ ਦਿੱਤੀ ਗਈ ਸੀ ਪਰ ਉਸ ਨੇ ਮੇਰੀ ਸਲਾਹ ਤੇ ਧਿਆਨ ਨਹੀਂ ਦਿੱਤਾ। ਯੋਗਰਾਜ ਨੇ ਕਿਹਾ ਕਿ ਉਹ ਕਿਸੇ ਉਪਰ ਵੀ ਅਰੋਪ ਨਹੀਂ ਲਗਾ ਰਹੇ ਪਰ ਜੇ ਠੀਕ ਸਮੇਂ ਤੇ ਇਲਾਜ ਹੋ ਜਾਂਦਾ ਤਾਂ ਸਥਿਤੀ ਇਹ ਨਾਂ ਹੁੰਦੀ ਜੋ ਕਿ ਅੱਜ ਹੈ।
ਯੋਗਰਾਜ ਨੇ ਦਸਿਆ ਕਿ ਦੋ ਸਾਲ ਪਹਿਲਾਂ ਮੋਹਾਲੀ ਟੀ-20 ਮੈਚ ਦੌਰਾਨ ਯੁਵਰਾਜ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਉਸ ਨੂੰ ਖਾਂਸੀ ਸ਼ੁਰੂ ਹੋ ਗਈ ਸੀ। ਉਸ ਸਮੇਂ ਉਸ ਨੂੰ ਡਾਕਟਰ ਨੂੰ ਵਿਖਾਉਣ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਧਿਆਨ ਨਹੀਂ ਦਿੱਤਾ। ਯੁਵਰਾਜ ਨੇ ਉਸ ਸਮੇਂ ਕਿਹਾ ਕਿ ਮੈਂ ਬੱਚਾ ਨਹੀਂ ਹਾਂ। ਛੇ ਮਹੀਨੇ ਪਹਿਲਾਂ ਵੀ ਡਾਕਟਰਾਂ ਨੇ ਇਸ ਦੀਆਂ ਲੈਬਾਰਟਰੀ ਰਿਪੋਰਟਾਂ ਵੇਖ ਕੇ ਇਲਾਜ ਲਈ ਅਮਰੀਕਾ ਲੈ ਜਾਣ ਦੀ ਸਲਾਹ ਦਿੱਤੀ ਸੀ। ਯੁਵਰਾਜ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਬਿਮਾਰੀ ਉਨ੍ਹਾਂ ਨੂੰ ਖਾਨਦਾਨੀ ਮਿਲੀ ਹੈ। ਯੋਗਰਾਜ ਦੇ ਪਿਤਾ ਨੂੰ ਵੀ ਇਹ ਬਿਮਾਰੀ ਸੀ ਅਤੇ ਯੋਗਰਾਜ ਨੂੰ ਵੀ ਹੋ ਚੁੱਕੀ ਹੈ।
ਯੋਗਰਾਜ ਨੇ ਬੀਸੀਸੀਆਈ ਵੱਲੋਂ ਯੁਵਰਾਜ ਦੀ ਮੱਦਦ ਕਰਨ ਲਈ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਯੁਵੀ ਆਸਟਰੇਲੀਆ ਦੇ ਖਿਲਾਫ਼ ਨਹੀਂ ਖੇਡੇ ਵਰਨਾ ਉਸ ਦੀ ਸਿਹਤ ਹੋਰ ਵੀ ਖਰਾਬ ਹੋ ਜਾਂਦੀ। ਉਨ੍ਹਾਂ ਨੇ ਕਿਹਾ ਕਿ ਯੁਵਰਾਜ 5-6 ਮਹੀਨਿਆਂ ਵਿੱਚ ਠੀਕ ਹੋ ਜਾਣਗੇ ਅਤੇ ਪਹਿਲਾਂ ਦੀ ਤਰ੍ਹਾਂ ਖੇਡ ਸਕਣਗੇ।