ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਆਨੀਏ ਇਲਾਕੇ ਵਿੱਚ ਇੱਕ ਜਾਨਵਰਾਂ ਦਾ ਕਬਰਸਤਾਨ ਹੈ। ਜਿਸ ਵਿੱਚ ਬਿੱਲੀਆਂ ,ਖਰਗੋਸ਼, ਪੰਛੀ, ਮੱਛੀਆਂ, ਘੋੜੇ, ਇਥੋਂ ਤੱਕ ਇੱਕ ਬਾਂਦਰ ਦੀ ਕਬਰ ਵੀ ਬਣੀ ਹੋਈ ਹੈ।ਇਸ ਕਬਰਸਤਾਨ ਨੂੰ ਕੁੱਤਿਆਂ ਦੇ ਕਬਰਸਤਾਨ ਦੇ ਨਾਂ ਨਾਲ ਜਾਣਿਆ ਜਾਦਾ ਹੈ।ਕੁਝ ਦਿੱਨ ਪਹਿਲਾਂ ਇਥੇ ਇੱਕ ਅਮੀਰ ਔਰਤ ਦਾ ਛੋਟਾ ਕਾਨੀਸ ਕਾਲੇ ਰੰਗ ਦਾ ਕੁੱਤਾ ਵੀ ਦਫਨਾਇਆ ਗਿਆ ਸੀ। ਲੋਕਾਂ ਵਿੱਚ ਇਸ ਗੱਲ ਦੀ ਅਫਵਾਹ ਫੈਲ ਗਈ ਕਿ ਉਸ ਔਰਤ ਨੇ ਜਿਹੜਾ ਉਸ ਦੇ ਕੁੱਤੇ ਦੇ ਗਲੇ ਵਿੱਚ ਹੀਰੇ ਦਾ ਨਗ ਪਾਇਆ ਹੋਇਆ ਸੀ,ਨਾਲ ਹੀ ਦਫਨ ਕਰ ਦਿੱਤਾ ਹੈ।ਇਸ ਖਬਰ ਦੀ ਭਿਣਕ ਚੋਰਾਂ ਨੂੰ ਵੀ ਪੈ ਗਈ।ਉਹਨਾਂ ਨੇ ਪਿਛਲੇ ਸ਼ਨੀਵਾਰ ਤੇ ਐਤਵਾਰ ਦੀ ਰਾਤ ਨੂੰ ਜਿਸ ਵਕਤ ਥੋੜੀ ਥੋੜੀ ਬਰਫਵਾਰੀ ਹੋ ਰਹੀ ਸੀ ,ਕਬਰਸਤਾਨ ਵਿੱਚ ਜਾਕੇ ਹੀਰੇ ਨੂੰ ਲੱਭਣ ਲਈ ਉਸ ਕੁੱਤੇ ਦੀ ਕਬਰ ਨੂੰ ਪੁੱਟ ਸੁੱਟਿਆ।ਉਸ ਦਿੱਨ ਬਰਫਵਾਰੀ ਕਾਰਨ ਚੌਕੀਦਾਰ ਨੇ ਕਬਰਸਤਾਨ ਨੂੰ ਬੰਦ ਕਰ ਦਿੱਤਾ ਸੀ।ਜਦੋਂ ਉਸ ਨੇ ਅਗਲੇ ਦਿੱਨ ਜਾਕੇ ਵੇਖਿਆ ਤਾਂ ਉਸ ਕੁੱਤੇ ਦੀ ਕਬਰ ਉਪਰੋਂ ਖੁੱਲੀ ਸੀ,ਤੇ ਪੂਰੀ ਤਰ੍ਹਾਂ ਫਰੋਲਾ ਫਰਾਲੀ ਕੀਤੀ ਹੋਈ ਸੀ।ਕੁੱਤੇ ਦੀ ਮਾਲਕਣ ਨੇ ਠਾਣੇ ਵਿੱਚ ਰੀਪੋਰਟ ਦਰਜ਼ ਕਰਾਉਣ ਦੀ ਚਿਤਾਵਨੀ ਦਿੱਤੀ ਹੈ।ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ ਜਾਨਵਰਾਂ ਦਾ ਕਬਰਸਤਾਨ ਦੁਨੀਆਂ ਦਾ ਸਭ ਤੋਂ ਪਹਿਲਾ ਜਿਹੜਾਂ 1899 ਵਿੱਚ ਪੈਰਿਸ ਵਿੱਚ ਬਣਿਆ ਸੀ।ਇਸ ਵਿੱਚ 869 ਜਾਨਵਰਾਂ ਦੀਆਂ ਕਬਰਾਂ ਬਣੀਆਂ ਹੋਈਆਂ ਹਨ।ਪੈਰਿਸ ਦੀਆ ਇਤਿਹਾਸਕ ਵੇਖਣ ਯੋਗ ਥਾਵਾਂ ਦੇ ਨਾਲ ਨਾਲ ਇਸ ਨੂੰ ਹਰ ਸਾਲ 3500 ਲੋਕੀ ਦੇਸ਼ਾਂ ਵਿਦੇਸ਼ਾਂ ਤੋਂ ਵੇਖਣ ਲਈ ਆਉਦੇ ਹਨ।
ਪੈਰਿਸ ਦੇ ਕੁੱਤਿਆਂ ਦੇ ਕਬਰਸਤਾਨ ਵਿੱਚ ਚੋਰਾਂ ਨੇ ਹੀਰਾ ਲੱਭਣ ਲਈ ਇੱਕ ਕੁੱਤੇ ਦੀ ਕਬਰ ਨੂੰ ਪੁੱਟ ਸੁੱਟਿਆ
This entry was posted in ਅੰਤਰਰਾਸ਼ਟਰੀ.