ਨਵੀਂ ਦਿੱਲੀ -: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅੱਜ ਉਸ ਸਮੇਂ ਜ਼ਬਰਦਸਤ ਝਟਕਾ ਲਗਾ, ਜਦੋਂ ਉਸਦੇ ਇੱਕ ਸੀਨੀਅਰ ਮੁੱਖੀ ਅਤੇ ਬੀਤੇ ਦਸ ਵਰ੍ਹਿਆਂ ਤੋਂ ਮੋਤੀ ਨਗਰ ਹਲਕੇ ਤੋਂ ਦਿੱਲੀ ਸਿੱਖ ਗੁਰਦੁਅਰਾ ਕਮੇਟੀ ਦੇ ਚਲੇ ਆ ਰਹੇ ਮੈਂਬਰ ਸ. ਮਲਕਿੰਦਰ ਸਿੰਘ ਨੇ ਪਤ੍ਰਕਾਰਾਂ ਸਾਹਮਣੇ ਆਪਣੇ ਸੈਕੜੇ ਸਾਥੀਆਂ ਸਹਿਤ ਬਾਦਲ ਅਕਾਲੀ ਦਲ ਨੂੰ ਅਲਵਿਦਾ ਕਹਿ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਅਤੇ ਉਨ੍ਹਾਂ ਵਲੋਂ ਪੰਥ ਦੀ ਚੜ੍ਹਦੀਕਲਾ ਲਈ ਅਪਨਾਈਆਂ ਗਈਆਂ ਹੋਈਆਂ ਨੀਤੀਆਂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ. ਮਲਕਿੰਦਰ ਸਿੰਘ ਦਾ ਸੁਆਗਤ ਕਰਦਿਆਂ, ਉਨ੍ਹਾਂ ਨੂੰ ਪਾਰਟੀ ਵਿੱਚ ਸਨਮਾਨਜਨਕ ਜ਼ਿਮੇਂਦਾਰੀਆਂ ਸੌੰਪਣ ਦਾ ਐਲਾਨ ਕੀਤਾ। ਸ. ਸਰਨਾ ਨੇ ਕਿਹਾ ਕਿ ਬਾਦਲ ਅਕਾਲੀ ਦਲ ਨਾਲ ਜੁੜਿਆ ਹਰ ਉਹ ਸਿੱਖ, ਜੋ ਸਿੱਖੀ ਪ੍ਰਤੀ ਸ਼ਰਧਾ, ਸਿੱਖਾਂ ਦੀ ਅੱਡਰੀ ਪਛਾਣ ਅਤੇ ਸਿੱਖ ਧਰਮ ਦੀ ਸੁਤੰਤਰ ਹੋਂਦ ਦੀ ਰਖਿਆ ਪ੍ਰਤੀ ਵਚਨਬੱਧ ਹੈ ਅਤੇ ਅਣਖੀ ਜ਼ਮੀਰ ਰਖਦਾ ਹੈ, ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਭਾਜਪਾ ਪ੍ਰਤੀ ਸਮਰਪਤ ਹੋ, ਸੱਤਾ ਲਾਲਸਾ ਅਧੀਨ ਗੁਰਧਾਮਾਂ ਅਤੇ ਸਿੱਖੀ ਦਾ ਭਗਵਾਕਰਣ ਕਰ ਦੇਣ ਦੀਆਂ ਅਪਨਾਈਆਂ ਗਈਆਂ ਨੀਤੀਆਂ ਤੋਂ ਦੁਖੀ ਹੈ ਅਤੇ ਉਸ ਨਾਲੋਂ ਤੋੜ-ਵਿਛੋੜਾ ਕਰ ਸੁਤੰਤਰ ਹੋਣਾ ਚਾਹੁੰਦਾ ਹੈ। ਸ. ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲ਼ੀ ਦੀਆਂ ਨੀਤੀਆਂ ਪ੍ਰਤੀ ਵਿਸ਼ਵਾਸ ਰਖਣ ਵਾਲੇ ਹਰ ਸਿੱਖ ਦਾ ਦਲ ਵਿੱਚ ਸੁਆਗਤ ਕੀਤਾ ਜਾਇਗਾ ਅਤੇ ਉਸਨੂੰ ਉਸਦਾ ਬਣਦਾ ਮਾਣ-ਸਤਿਕਾਰ ਵੀ ਦਿੱਤਾ ਜਾਇਗਾ।