ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਪਿੱਛਲੇ ਕੁਝ ਸਾਲਾਂ ਤੋਂ ਦੇਸ਼ ਮਾੜੀ ਅਰਥ-ਵਿਵਸਥਾ ਚੋਂ ਬਾਹਰ ਨਿਕਲ ਕੇ ਸਹੀ ਦਿਸ਼ਾ ਵਿੱਚ ਵਿਕਾਸ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ।
ਵਾਸ਼ਿੰਗਟਨ ਵਿੱਚ ਆਪਣਾ ਚੋਣ ਪਰਚਾਰ ਕਰਦੇ ਹੋਏ ਕਿਹਾ ਕਿ ਅਮਰੀਕਾ ਨਿਵਾਸੀਆਂ ਨੂੰ ਪਿੱਛਲੇ ਤਿੰਨ ਸਾਲਾਂ ਦੌਰਾਨ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿੱਛਲੇ ਕੁਝ ਅਰਸੇ ਤੋਂ ਬੇਰੁਜ਼ਗਾਰੀ ਨੂੰ ਦੂਰ ਕਰਨ ਅਤੇ ਅਰਥ-ਵਿਵਸਥਾ ਵਿੱਚ ਸੁਧਾਰ ਨੂੰ ਲੈ ਕੇ ਬਹੁਤ ਚਿੰਤਤ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਇੱਕ ਚੰਗੀ ਖ਼ਬਰ ਹੈ ਕਿ ਹੁਣ ਅਸੀਂ ਦੇਸ਼ ਨੂੰ ਉਨਤੀ ਦੇ ਰਾਹ ਤੇ ਲਿਜਾ ਰਹੇ ਹਾਂ। ਓਬਾਮਾ ਨੇ ਕਿਹਾ ਕਿ 2008 ਤੋਂ ਅਸੀਂ ਹਰ ਮਹੀਨੇ 750,000 ਰੁਜ਼ਗਾਰ ਦੇ ਸਾਧਨ ਗਵਾ ਰਹੇ ਸੀ, ਪਰ ਪਿੱਛਲੇ ਮਹੀਨੇ ਅਸਾਂ 250,000 ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕੀਤੇ ਹਨ। ਪਿੱਛਲੇ 23 ਮਹੀਨਿਆਂ ਵਿੱਚ ਅਸਾਂ 37 ਲੱਖ ਲੋਕਾਂ ਲਈ ਰੁਜ਼ਗਾਰ ਦੇ ਅਵਸਰ ਪੈਦਾ ਕੀਤੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਅਮਰੀਕਾ ਨੇ ਲੰਬਾ ਅਫਰ ਤੈਅ ਕਰਨਾ ਹੈ।