ਇਸਲਾਮਾਬਾਦ- ਪਾਕਿਸਤਾਨ ਦੇ ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਨਾਲ ਅਣਸੁਖਾਵੇ ਸਬੰਧਾਂ ਕਾਰਣ ਉਹ ਚੀਨ ਨਾਲ ਆਪਣੇ ਰਿਸ਼ਤੇ ਮਜਬੂਤ ਬਣਾਉਣ ਲਈ ਪਾਕਿਸਤਾਨ ਵਿੱਚਲਾ ਵਿਵਾਦ ਵਾਲਾ ਖੇਤਰ ਗਿਲਗਿਟ-ਬਾਲਟਿਸਤਾਨ 50 ਸਾਲ ਲਈ ਚੀਨ ਨੂੰ ਲੀਜ਼ ਤੇ ਦੇਣ ਦਾ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਇੱਕ ਥਿੰਕ ਟੈਂਕ ਵੱਲੋਂ ਇਸ ਦਾ ਦਾਅਵਾ ਕੀਤਾ ਗਿਆ ਹੈ।
ਮਿਡਲ ਈਸਟ ਮੀਡੀਆ ਰੀਸਰਚ ਇੰਸਟੀਚਿਊਟ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ, ‘ਪਾਕਿਸਤਾਨ ਨੇ ਇਹ ਕਦਮ ਚੀਨ ਦੇ ਨਾਲ ਸਬੰਧ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਠਾਏ ਹਨ। ਪਿੱਛਲੇ ਸਾਲ ਤੋਂ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਤਣਾਅਪੂਰਨ ਚੱਲ ਰਹੇ ਹਨ।’ ਇਹ ਰਿਪੋਰਟ ਸਥਾਨਕ ਮੀਡੀਏ ਦੇ ਹਵਾਲੇ ਨਾਲ ਜਾਰੀ ਕੀਤੀ ਗਈ ਹੈ।ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਸੈਨਾ ਮੁੱਖੀ ਜਨਰਲ ਪਰਵੇਜ਼ ਕਿਆਨੀ ਦੇ ਇਸੇ ਮਹੀਨੇ ਚੀਨ ਦੇ ਦੌਰੇ ਸਮੇਂ ਇਸ ਖੇਤਰ ਸਬੰਧੀ ਇਹ ਫੈਸਲਾ ਲਿਆ ਗਿਆ ਸੀ। ਇੱਕ ਸਥਾਨਕ ਉਰਦੂ ਅਖ਼ਬਾਰ ਵਿੱਚ ਪ੍ਰਕਾਸਿ਼ਤ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਗਿਲਗਿਟ-ਬਾਲਟਿਸਤਾਨ ਖੇਤਰ ਨੂੰ 50 ਸਾਲ ਦੇ ਪੱਟੇ ਤੇ ਚੀਨ ਨੂੰ ਸੌਂਪਣ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਹੈ। ਚੀਨ ਇੱਥੇ ਵਿਕਾਸ ਯੋਜਨਾਵਾਂ ਦੀ ਰਣਨੀਤੀ ਬਣਾਵੇਗਾ।ਚੀਨ ਇਸ ਖੇਤਰ ਵਿੱਚ ਆਪਣੇ ਸੈਨਿਕ ਵੀ ਤੈਨਾਤ ਕਰ ਸਕਦਾ ਹੈ।
ਅਮਰੀਕੀ ਥਿੰਕ ਟੈਂਕ ਅਨੁਸਾਰ ਇਹ ਅਖ਼ਬਾਰ ਗਿਲਗਿਟ-ਬਾਲਟਿਸਤਾਨ ਦੇ ਇਲਾਕੇ ਵਿੱਚ 13 ਦਿਸੰਬਰ 2011 ਨੂੰ ਵੰਡਿਆ ਗਿਆ ਸੀ। ਐਫਬੀਆਈ ਦੇ ਸਾਬਕਾ ਅਧਿਕਾਰੀ ਇਸ ਥਿੰਕ ਟੈਂਕ ਦੇ ਮੁੱਖੀ ਹਨ।ਉਨ੍ਹਾਂ ਮੁਤਾਬਿਕ ਦੋਵਾਂ ਦੇਸ਼ਾਂ ਦੀ ਸੈਨਾ ਪਾਕਿਸਤਾਨ ਦੁਆਰਾ ਬਣਾਈ ਗਈ ਸਪੈਸ਼ਲ ਯੋਜਨਾ ਅਨੁਸਾਰ ਕੰਮ ਕਰੇਗੀ ਅਤੇ ਇਸ ਖੇਤਰ ਸਬੰਧੀ ਰਣਨੀਤਕ ਕੰਮਕਾਰ ਜੂਨ,2012 ਤੋਂ ਆਰੰਭ ਹੋਜਾਵੇਗਾ।