(ਪਰਮਜੀਤ ਸਿੰਘ ਬਾਗੜੀਆ) ਅੱਜ ਦੀ ਤਰੀਕ ਵਿਚ ਭਾਰਤ ਅਤੇ ਕੈਨੇਡਾ ਦੋਵੇਂ ਦੇਸ਼ਾਂ ਵਿਚ ਹਾਕੀ ਖੇਡ ਨੂੰ ਲੈ ਕੇ ਇਕ ਸਮਾਨਤਾ ਇਹ ਹੈ ਕਿ ਦੋਵੇਂ ਦੇਸ਼ਾਂ ਦੀਆਂ ਮਰਦ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਨੇ ਇਸੇ ਵਰ੍ਹੇ ਹੋ ਰਹੀ ਲੰਦਨ ਉਲੰਪਿਕ ਲਈ ਕੁਆਲੀਫਾਈ ਕਰਨਾ ਹੈ। ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਵਿਖੇ 18 ਤੋਂ 26 ਫਰਵਰੀ ਤੱਕ ਹੋ ਰਹੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਉਲੰਪਿਕ ਕੁਆਲੀਫਾਈ ਮੁਕਾਬਲੇ ਲਈ ਕੈਨੇਡਾ ਨੂੰ ਭਾਰਤ, ਫਰਾਂਸ, ਸਿੰਘਾਪੁਰ, ਪੋਲੈਂਡ ਅਤੇ ਇਟਲੀ ਦੀਆਂ ਟੀਮਾਂ ਨਾਲ ਭਿੜਨਾ ਪਵੇਗਾ। ਇਨ੍ਹਾਂ ਟੀਮਾਂ ਕੋਲ ਉਲੰਪਿਕ ਵਿਚ ਜਾਣ ਦਾ ਇਹ ਆਖਿਰੀ ਮੌਕਾ ਹੈ। ਇਸ ਮੁਕਾਬਲੇ ਦੀ ਜੇਤੂ ਟੀਮ ਹੀ ਉਲੰਪਿਕ ਲਈ ਕੁਆਲੀਫਾਈ ਕਰ ਸਕੇਗੀ।
ਬੀਜਿੰਗ ਉਲੰਪਿਕ ਵੇਲੇ ਕੈਨੇਡਾ ਦੀ ਟੀਮ ਵਿਸ਼ਵ ਹਾਕੀ ਦਰਜੇਬੰਦੀ ਵਿਚ 15ਵੇਂ ਸਥਾਨ ‘ਤੇ ਸੀ ਜਦਕਿ ਬੀਤੇ ਚਾਰ ਸਾਲਾ ਵਿਚ ਕੈਨੇਡਾ ਦੀ ਟੀਮ ਨੇ 14ਵੇਂ ਸਥਾਨ ‘ਤੇ ਰਹਿ ਕੇ ਉਲੰਪਿਕ ਵਿਚ ਦਾਖਲੇ ਦੀ ਦਾਅਵੇਦਾਰੀ ਵੱਲ ਇਕ ਮਜਬੂਤ ਪੁਲਾਂਗ ਪੁੱਟੀ ਹੈ। 2008 ਦੀਆਂ ਬੀਜਿੰਗ ਉਲੰਪਿਕ ਵਿਚ ਕੈਨੇਡਾ ਦੀ ਟੀਮ ਦਸਵੇਂ ਸਥਾਨ ‘ਤੇ ਰਹੀ ਸੀ। ਕੈਨੇਡਾ ਲਈ ਵਿਸ਼ਵ ਰੈਕਿੰਗ ਵਿਚ ਦਸਵੇਂ ਸਥਾਨ ਦੀ ਟੀਮ ਇੰਡੀਆ ਨਾਲ ਭਿੜਨਾ ਇਕ ਸਖਤ ਚੁਣੌਤੀ ਹੋਵੇਗਾ। ਇਸ ਵਾਰ ਇੰਡੀਆ ਇਸ ਵੱਕਾਰੀ ਮੁਕਾਬਲੇ ਲਈ ਪੁੱਜੀ ਕੈਨੇਡਾ ਦੀ ਟੀਮ ਵਿਚ ਭਾਰਤ ਦੇ ਜੰਮਪਲ ਜਾਂ ਭਾਰਤੀ ਮੂਲ ਦੇ ਪੰਜ ਖਿਡਾਰੀਆਂ ਦਾ ਹੋਣਾ ਵੀ ਮਾਣ ਵਾਲੀ ਗੱਲ ਹੈ। ਕੈਨੇਡਾ ਦੀ ਹਾਕੀ ਟੀਮ ਨੇ ਬੀਤੇ ਸਾਲ ਦੀਆਂ ਗਰਮੀਆਂ ਵਿਚ ਵੈਨਕੂਵਰ ਦੇ ਮੈਦਾਨਾਂ ਵਿਚ ਖੂਬ ਪਸੀਨਾ ਵਹਾਇਆ ਹੈ। ਟੀਮ ਦੇ ਚੋਣਕਾਰਾਂ ਨੇ ਐਤਕੀ ਫਿਰ ਇਕ ਤੋਂ ਵੱਧ ਪੰਜਾਬੀ ਗੱਭਰੂਆਂ ਤੇ ਭਰੋਸਾ ਕੀਤਾ ਹੈ। ਟੀਮ ਵਿਚ ਜਿਥੇ ਕੋਚ ਕੇਨ ਪਰੇਰਾ ਸਮੇਤ ਸੁਖਵਿੰਦਰ ਸਿੰਘ ਗੱਬਰ ਵਰਗੇ ਤਜਰਬੇਕਾਰ ਖਿਡਾਰੀ ਹਨ ਉੱਥੇ ਉਨ੍ਹਾਂ ਉਭਰਦੇ ਖਿਡਾਰੀਆਂ ਨੂੰ ਵੀ ਟੀਮ ਵਿਚ ਲਿਆ ਹੈ ਅਤੇ ਟੀਮ ਪ੍ਰਬੰਧਕਾਂ ਨੂੰ ਮਾਣ ਹੈ ਕਿ ਕੈਨੇਡਾ ਟੀਮ ਆਪਣਾ ਉਲੰਪਿਕ ਵਿਚ ਦਾਖਲਾ ਨਿਸ਼ਚਤ ਕਰਨ ਲਈ ਪੂਰਾ ਤਾਣ ਲਾ ਦੇਵੇਗੀ।
ਕੈਨੇਡਾ ਜਿਥੇ ਪੰਜਾਬੀਆਂ ਦੇ ਵਸਣ ਦਾ ਇਤਿਹਾਸ ਇਕ ਸਦੀ ਪੁਰਾਣਾ ਹੈ, ਦੀ ਰਾਸ਼ਟਰੀ ਹਾਕੀ ਟੀਮ ਵਿਚ ਹਮੇਸ਼ਾ 4-5 ਪੰਜਾਬੀ ਜਾਂ ਭਾਰਤੀ ਮੂਲ ਦੇ ਖਿਡਾਰੀਆਂ ਦਾ ਸਥਾਨ ਪੱਕਾ ਰਿਹਾ ਹੈ। ਅਜੇ ਪਿਛਲੀ ਬੀਜਿੰਗ ਉਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਕੈਨੇਡਾ ਦੀ ਰਾਸ਼ਟਰੀ ਟੀਮ ਵਿਚ ਸ਼ਾਮਲ 4 ਪੰਜਾਬੀ ਖਿਡਾਰੀਆਂ ਅਤੇ ਪੰਜਵੇਂ ਕੋਚ ਨੇ ਸਿਰ ‘ਤੇ ਸੂਹੇ ਰੰਗ ਦੀਆਂ ਪੱਗਾਂ ਬੰਨ੍ਹ ਕੇ ਜਦੋਂ ਮੈਦਾਨ ਦਾ ਗੇੜਾ ਦਿੱਤਾ ਸੀ ਤਾਂ ਉਨ੍ਹਾਂ ਆਪਣੇ ਵਿਲੱਖਣ ਸੱਭਿਆਚਾਰਕ ਪਿਛੋਕੜ ਦਾ ਬੁਲੰਦ ਪ੍ਰਦਰਸ਼ਨ ਕਰਕੇ ਸਾਰੀ ਦੁਨੀਆ ਵਿਚ ਵਸਦੇ ਸਿੱਖਾਂ ਦਾ ਮਾਣ ਵਧਾਇਆ ਸੀ। ਬੀਜਿੰਗ ਉਲੰਪਿਕ ਵਿਚ ਕੈਨੇਡਾ ਦੇ ਹਾਕੀ ਸਕੁਐਡ ਵਿਚ ਸਹਾਇਕ ਕੋਚ ਨਿਕ ਸੰਧੂ ਖਿਡਾਰੀ ਬਿੰਦੀ ਕੁਲਾਰ, ਸੁਖਵਿੰਦਰ ਸਿੰਘ ਗੱਬਰ, ਰਵੀ ਕਾਹਲੋਂ ਅਤੇ ਰੰਜੀਵ ਦਿਓਲ ਸਨ।
ਕੈਨੇਡਾ ਦੀ ਹਾਕੀ ਟੀਮ ਦਾ ਕੈਪਟਨ ਮਿਡਫੀਲਡਰ ਕੇਨ ਪਰੇਰਾ ਟੋਰੰਟੋ ਦਾ ਜੰਮਪਲ ਭਾਰਤੀ ਮੂਲ ਦਾ ਨੌਜਵਾਨ ਹੈ। 38 ਸਾਲਾ ਪਰੇਰਾ ਕੋਲ ਕੈਨੇਡਾ ਦੀ ਰਾਸ਼ਟਰੀ ਹਾਕੀ ਅਤੇ ਅੰਤਰਰਾਸ਼ਟਰੀ ਹਾਕੀ ਖੇਡਣ ਦਾ ਵਿਸ਼ਾਲ ਅਨੁਭਵ ਹੈ। ਟੀਮ ਦਾ ਇਕ ਹੋਰ ਤਜਰਬੇਕਾਰ ਖਿਡਾਰੀ ਸੁਖਵਿੰਦਰ ਸਿੰਘ ਹੈ। ਨਿੱਕ ਨੇਮ ਗੱਬਰ ਦੇ ਨਾਮ ਨਾਲ ਪ੍ਰਸਿੱਧ ਸੁਖਵਿੰਦਰ ਸਿੰਘ ਫਾਰਵਰਡ ਖੇਡਦਾ ਹੈ ਉਸ ਕੋਲ ਵੀ ਅੰਤਰਰਾਸ਼ਟਰੀ ਹਾਕੀ ਦਾ ਵਿਸ਼ਾਲ ਤਜਰਬਾ ਹੈ। ਗੱਬਰ ਕੈਨੇਡਾ ਵਲੋਂ ਬੀਜਿੰਗ ਉਲੰਪਿਕ ਤੇ ਹੋਰ ਪ੍ਰਸਿੱਧ ਹਾਕੀ ਮੁਕਾਬਲੇ ਖੇਡ ਚੁੱਕਾ ਹੈ। ਇਤਿਹਾਸਿਕ ਸ਼ਹਿਰ ਬਟਾਲਾ ਦਾ ਜੰਮਪਲ ਗੱਬਰ ਹੁਣ ਸਰੀ ਵਿਖੇ ਰਹਿੰਦਾ ਹੈ ਅਤੇ ਯੁਨਾਈਟਿਡ ਬ੍ਰਦਰਜ਼ ਹਾਕੀ ਕਲੱਬ ਸਰੀ ਲਈ ਖੇਡਦਾ ਹੈ। ਟੀਮ ਵਿਚ ਇਕ ਸਿੰਘ ਸਰਦਾਰ ਖਿਡਾਰੀ 27 ਸਾਲਾ ਜਗਦੀਸ਼ ਸਿੰਘ ਗਿੱਲ ਵੀ ਟੀਮ ਦਾ ਜਾਂਬਾਜ ਮਿਡਫੀਲਡਰ ਹੈ। ਕਲਕੱਤੇ ਦਾ ਜੰਮਪਲ ਜਗਦੀਸ਼ ਵੀ ਸਰੀ ਵਿਖੇ ਰਹਿੰਦਾ ਹੈ ਅਤੇ ਲਾਇਨਜ਼ ਹਾਕੀ ਕਲੱਬ ਸਰੀ ਲਈ ਖੇਡਦਾ ਹੈ। ਜਗਦੀਸ਼ ਨੇ ਅਜੇ ਪਿਛਲੇ ਸਾਲ ਹੀ ਆਸਟ੍ਰੇਲੀਆ ਦੀ ਟੀਮ ਨਾਲ ਮੈਚ ਖੇਡ ਕੇ ਆਪਣੇ ਅੰਤਰਰਾਸ਼ਟਰੀ ਹਾਕੀ ਸਫਰ ਦੀ ਸ਼ਰੂਆਤ ਕੀਤੀ ਸੀ।
ਟੀਮ ਦਾ ਤੀਜਾ ਪੰਜਾਬੀ ਗੱਭਰੂ ਹੈ 20 ਸਾਲਾ ਹਰਸਿਮਰਨਜੀਤ ਸਿੰਘ ਮਾਹਲ । ਫਾਰਵਰਡ ਪੁਜੀਸ਼ਨ ‘ਤੇ ਖੇਡਦਾ ਮਾਹਲ ਟੀਮ ਇੰਡੀਆ ਕਲੱਬ ਸਰੀ ਲਈ ਹਾਕੀ ਖੇਡਦਾ ਹੈ ਅਤੇ ਹਾਕੀ ਕੋਚ ਮਿੰਦਰ ਗਿੱਲ, ਨਰਿੰਦਰ ਸੰਘਾ, ਰਮਨਜੀਤ ਸਿੰਘ ਅਤੇ ਬਲਜਿੰਦਰ ਸਰਾਂ ਦਾ ਚੰਡਿਆ ਹੋਇਆ ਹੈ ਜੋ ਆਪਣੀ ਤੇਜ ਤਰਾਰ ਖੇਡ ਸਦਕਾ ਟੀਮ ਨੂੰ ਲਾਭ ਦੀ ਸਥਿਤੀ ਵਿਚ ਰੱਖਣ ਦੇ ਸਮਰੱਥ ਹੈ। ਟੀਮ ਦਾ ਦੂਜਾ ਫਾਰਵਰਡ 20 ਸਾਲਾ ਕੀਗਨ ਪਰੇਰਾ ਮੁੰਬਈ ਦਾ ਜੰਮਪਲ ਹੈ ਜੋ ਯੂ. ਬੀ. ਸੀ. ਥੰਡਰਜਵਰਡ ਲਈ ਖੇਡਦਾ ਹੈ। ਹਰਸਿਮਰਨ ਮਾਹਲ ਅਤੇ ਕੇਗਨ ਪਰੇਰਾ ਦੋਵਾਂ ਫਾਰਵਰਡ ਖਿਡਾਰੀਆਂ ਦਾ ਆਪਸੀ ਤਾਲਮੇਲ, ਸੁਥਰੀ ਪਾਸਿੰਗ ਅਤੇ ਸ਼ਾਰਪ ਡਲਿਵਰੀ ਵਿਰੋਧੀ ਟੀਮਾਂ ਲਈ ਸਖਤ ਚੁਣੌਤੀ ਖੜ੍ਹੀ ਕਰ ਸਕਦੇ ਹਨ।